ਮਰੀਜ਼ਾਂ ਦੀ ਆਵਾਜ਼ ਰੋਕਣ ਦੀ ਬਜਾਏ ਉਨ੍ਹਾਂ ਦੀ ਫੀਡਬੈਕ ਤੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇ
ਕੋਟਕਪੂਰਾ, 13 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿੱਚ ਇੱਕ ਮਰੀਜ਼ ਦੇ ਪਰਿਵਾਰ ਵੱਲੋਂ ਐਮਰਜੈਂਸੀ ਦੌਰਾਨ ਵੈਂਟੀਲੇਟਰ ਲਈ ਮਦਦ ਮੰਗੇ ਜਾਣ ਤੋਂ ਬਾਅਦ ਸਮਾਜਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਤੁਰਤ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ।
ਅਰਸ਼ ਸੱਚਰ ਨੇ ਦੱਸਿਆ ਕਿ ਪਰਿਵਾਰ ਦੀ ਕਾਲ ਮਿਲਣ ਤੇ ਉਨ੍ਹਾਂ ਨੇ ਤੁਰੰਤ ਮੈਡੀਕਲ ਸੁਪਰਡੈਂਟ ਨਾਲ ਸੰਪਰਕ ਕੀਤਾ ਪਰ ਲੋੜੀਂਦੀ ਵੈਂਟੀਲੇਟਰ ਸਹੂਲਤ ਉਪਲਬਧ ਨਾ ਹੋਣ ਦੀ ਜਾਣਕਾਰੀ ਮਿਲੀ। ਉਨ੍ਹਾਂ ਮੰਗ ਕੀਤੀ ਕਿ ਵੈਂਟੀਲੇਟਰ, ਆਈ.ਸੀ.ਯੂ. ਬੈੱਡ, ਆਕਸੀਜਨ ਅਤੇ ਹੋਰ ਜੀਵਨ-ਰੱਖਿਅਕ ਸਹੂਲਤਾਂ ਦੀ 24 ਘੰਟੇ ਉਪਲਬਧਤਾ ਤੁਰੰਤ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਜ਼ਮੀਨੀ ਫੀਡਬੈਕ ਇਕੱਠੀ ਕੀਤੀ ਗਈ, ਜਿਸ ਦੌਰਾਨ ਐਮਰਜੈਂਸੀ ਸੇਵਾਵਾਂ, ਦਵਾਈ ਕਾਊਂਟਰ ਅਤੇ ਓ.ਪੀ.ਡੀ. ਸਲਿੱਪ ਪ੍ਰਣਾਲੀ ਵਿੱਚ ਵੀ ਸੁਧਾਰ ਦੀ ਲੋੜ ਸਾਹਮਣੇ ਆਈ।
ਅਰਸ਼ ਸੱਚਰ ਨੇ ਕਿਹਾ ਕਿ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਆਪਣੀਆਂ ਸਮੱਸਿਆਵਾਂ ਜਾਂ ਫੀਡਬੈਕ ਸਾਂਝੀ ਕਰਨ ਤੋਂ ਰੋਕਣ ਜਾਂ ਹੌਸਲਾ ਘਟਾਉਣ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। “ਮਰੀਜ਼ ਦੀ ਆਵਾਜ਼ ਨੂੰ ਰੋਕਣਾ ਹੱਲ ਨਹੀਂ ਹੈ। ਮਰੀਜ਼ਾਂ ਦੀ ਫੀਡਬੈਕ ਸੁਣ ਕੇ ਕਮੀਆਂ ਦੂਰ ਕਰਨਾ ਹੀ ਸਰਕਾਰੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਮਾਣਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਵੈਂਟੀਲੇਟਰ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਵਾਈ ਜਾਵੇ ਅਤੇ ਬਾਕੀ ਸਾਹਮਣੇ ਆਈਆਂ ਕਮੀਆਂ ਦੀ ਸਮਾਂਬੱਧ ਜਾਂਚ ਕਰਵਾ ਕੇ ਸੁਧਾਰ ਯਕੀਨੀ ਬਣਾਇਆ ਜਾਵੇ।

