ਮੈਂ ਰਾਤਾਂ ਨੂੰ ਜਾਗ ਜਾਗ ਕੇ,
ਬਹੁਤ ਵੇਖਿਐ।
ਦਿਲ ਦੀ ਵੇਦਨ, ਦਰਦ ਪੁਰਾਣਾ,
ਖ਼ੁਦ ਨੂੰ ਆਪ ਸੁਣਾਉਣਾ ਪੈਂਦੈ।
ਮਨ ਦਾ ਮੋਰ ਨਚਾਵਣ ਖ਼ਾਤਰ,
ਅੱਖੀਓਂ ਸਾਉਣ ਵਰਾਉਣਾ ਪੈਂਦੈ।
ਨਿਰਮਲ ਅੰਬਰ ਦੇ ਵਿਚ,
ਤਾਰਿਆਂ ਨਾਲ,
ਸੰਵਾਦ ਰਚਾਉਣਾ ਪੈਂਦੈ।
ਆਪਣੀ ਮੂਰਖ਼ਤਾ ਤੇ ਆਪੇ
ਰੋਣਾ ਤੇ ਪਛਤਾਉਣਾ ਪੈਂਦੈ।
ਮੈਂ ਰਾਤਾਂ ਨੂੰ ਜਾਗ ਜਾਗ ਕੇ,
ਬਹੁਤ ਵੇਖਿਐ।
ਸੁੱਤੀ ਸੱਟ ਦੀ ਪੀੜ ਸਹਿੰਦਿਆਂ,
ਆਪੇ ’ਕੱਲਿਆਂ ਰੋਣਾ ਪੈਂਦੈ।
ਚੰਨ ਵਿਚਲੇ ਦਾਗਾਂ ਨੂੰ ਤੱਕ ਕੇ,
ਰਿਸ਼ਤੇਦਾਰ ਬਣਾਉਣਾ ਪੈਂਦੈ।
ਅਣਲਿਖਿਆਂ ਗੀਤਾਂ ਨੂੰ ਆਪੇ,
ਬੇਤਰਤੀਬੇ ਗਾਉਣਾ ਪੈਂਦੈ।
ਰੁੱਸੇ ਜਜ਼ਬੇ ਮਾਰ ਹਲੂਣੇ,
ਸੁਰ ਤੇ ਸਾਜ਼ ਜਗਾਉਣਾ ਪੈਂਦੈ।
ਮੈਂ ਰਾਤਾਂ ਨੂੰ ਜਾਗ ਜਾਗ ਕੇ,
ਬਹੁਤ ਵੇਖਿਐ।
ਵਿੱਛੜੇ ਸੱਜਣ ਭਾਲਣ ਖ਼ਾਤਰ
ਸਾਰਾ ਅੰਬਰ ਗਾਹੁਣਾ ਪੈਂਦੈ।
ਧਰਤੀ ਦੀ ਬੁੱਕਲ ਵਿਚ ਬਹਿ ਕੇ,
ਖ਼ੁਦ ਨੂੰ ਕਬਰ ਬਣਾਉਣਾ ਪੈਂਦੈ।
ਆਪਣੇ ਚਿਹਰੇ ਉੱਤੋਂ ਆਪੇ
ਨਕਲੀ ਚਿਹਰਾ ਲਾਹੁਣਾ ਪੈਂਦੈ।
ਅੰਤਰ ਮਨ ਦਾ ਨਾਦ ਇਲਾਹੀ,
ਖ਼ੁਦ ਨੂੰ ਆਪ ਸੁਣਾਉਣਾ ਪੈਂਦੈ।
ਮੈਂ ਰਾਤਾਂ ਨੂੰ ਜਾਗ ਜਾਗਕੇ,
ਬਹੁਤ ਵੇਖਿਐ।
ਨੇਰ੍ਹੇ ਨਾਲ ਪੁਗਾਉਂਦੇ ਯਾਰੀ,
ਅੰਬਰ ਦੇ ਵਿਚ ਚੰਨ ਤੇ ਤਾਰੇ।
ਦਰਦ ਪਰੁੱਚੇ ਹਾਉਕੇ ਨੂੰ ਇਹ,
ਭਰਨ ਕਦੇ ਨਾ ਆਪ ਹੁੰਗਾਰੇ।
ਅਜਬ ਮੁਸਾਫ਼ਰ ਦਿਨ ਚੜ੍ਹਦੇ ਨੂੰ,
ਬੰਨ੍ਹ ਬਿਸਤਰਾ ਜਾਂਦੇ ਸਾਰੇ।
ਇਹ ਤਾਂ ਬੱਸ ਕਵਿਤਾ ਦਾ ਗਹਿਣਾ।
ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ।
ਮੈਂ ਰਾਤਾਂ ਨੂੰ ਜਾਗ ਜਾਗਕੇ,
ਬਹੁਤ ਵੇਖਿਐ।
ਸੂਈ ਵਿਚ ਪਰੋਕੇ ਰੀਝਾਂ,
ਆਪੇ ਮੋਤੀ ਜੜਨੇ ਪੈਂਦੇ।
ਰਾਤ ਦੀ ਕਾਲੀ ਚਾਦਰ ਉੱਤੇ,
ਤੰਦਾਂ ਸੁਪਨੇ ਮੜ੍ਹਨੇ ਪੈਂਦੇ।
ਮਨ ਅੰਦਰਲੇ ਮੋਰ ਸੁਨਹਿਰੇ,
ਪੋਟਿਆਂ ਦੇ ਸੰਗ ਫੜਨੇ ਪੈਂਦੇ।
ਖਿੱਲਰੇ ਜਿਵੇਂ ਭੁਲਾਵੇਂ ਅੱਖਰ,
ਜੋੜ ਜੋੜ ਕੇ ਪੜ੍ਹਨੇ ਪੈਂਦੇ।
ਮੈਂ ਰਾਤਾਂ ਨੂੰ ਜਾਗ ਜਾਗਕੇ,
ਬਹੁਤ ਵੇਖਿਐ।
ਆਪਣੇ ਅੰਤਰਮਨ ਦੇ ਅੰਦਰ,
ਡੂੰਘਿਓਂ ਡੂੰਘਾ ਲਹਿਣਾ ਪੈਂਦੈ।
ਹਿਜਰ ਵਸਲ ਦੀਆਂ ਚਰਖੜੀਆਂ ਨੂੰ,
ਤਨ ਤੇ ਮਨ ਤੇ ਸਹਿਣਾ ਪੈਂਦੇ।
‘ਚੁੱਪ’ ਨਿਰੀ ਹੈ ਮੌਤ ਬਰਾਬਰ,
ਖ਼ੁਦ ਨੂੰ ਆਪੇ ਕਹਿਣਾ ਪੈਂਦੈ।
ਨੇਰ੍ਹੇ ਨੂੰ ਮੇਟਣ ਦੀ ਖ਼ਾਤਰ,
ਮਾਚਸ ਉੱਤੇ ਖਹਿਣਾ ਪੈਂਦੈ।
ਮੈਂ ਰਾਤਾਂ ਨੂੰ ਜਾਗ ਜਾਗਕੇ,
ਬਹੁਤ ਵੇਖਿਐ।
ਮੈਂ ਰਾਤਾਂ ਨੂੰ ਜਦੋਂ ਜਾਗਦਾਂ,
ਆਪਣੇ ਅੰਦਰ,
ਸੁੱਤੀ ਧਰਤ ਜਗਾ ਲੈਂਦਾ ਹਾਂ।
ਜਦ ਜੀਅ ਕਰਦੈ, ’ਵਾਜ਼ ਮਾਰ ਕੇ,
ਅੰਬਰ ਥੱਲੇ ਲਾਹ ਲੈਂਦਾ ਹਾਂ।
ਬਿਰਖਾਂ ਦੀ ਛਤਰੀ ਹਰਿਆਲੀ,
ਪੱਤਿਆਂ ਥਾਈਂ ਸਾਹ ਲੈਂਦਾ ਹਾਂ।
ਅੰਤਰ ਧਿਆਨ ਦੇ ਘੋੜੇ ਚੜ੍ਹ ਕੇ,
ਸਗਲੀ ਧਰਤੀ ਗਾਹ ਲੈਂਦਾ ਹਾਂ।
ਕਰਕੇ ਪੌਣ ਸਵਾਰੀ ਆਪੇ,
ਅੰਬਰ ਦੀ ਵੀ ਥਾਹ ਲੈਂਦਾ ਹਾਂ।
ਮੈਂ ਰਾਤਾਂ ਨੂੰ ਜਾਗ ਜਾਗਕੇ
ਬਹੁਤ ਵੇਖਿਐ।
ਰੰਗਾਂ ਦੀ ਸਤਰੰਗੀ ਲੀਲ੍ਹਾ,
ਅੱਖਾਂ ਮੀਟ ਵਿਖਾ ਸਕਦਾ ਹਾਂ।
ਬਿਨ ਸਾਜ਼ਾਂ ਤੋਂ ਬਿਰਖ਼ ਬਰੂਟੇ,
ਗਾਉਂਦੇ ਗੀਤ ਸੁਣਾ ਸਕਦਾ ਹਾਂ।
ਕੁਲ ਧਰਤੀ ਦਾ ਖ਼ਾਰਾ ਸਾਗਰ,
ਗਾਗਰ ਦੇ ਵਿਚ ਪਾ ਸਕਦਾ ਹਾਂ।
ਸਾਥ ਦਏਂ ਤਾਂ ਜਿਹੜਾ ਆਖੇਂ,
ਤਾਰਾ ਅੰਬਰੋਂ ਲਾਹ ਸਕਦਾ ਹਾਂ।
ਕੱਲ-ਮੁ-ਕੱਲੀ ਕੂੜ ਕਲਪਨਾ,
ਕਦੇ ਸਾਕਾਰ ਆਕਾਰ ਨਾ ਧਾਰੇ।
ਕਾਲੀ ਚਾਦਰ ਗੂੜ੍ਹੀ ਕਾਲ਼ੀ,
ਬਿਨ ਚਾਨਣ ਨਾ ਕੋਈ ਲੰਗਾਰੇ।
ਮੈਂ ਰਾਤਾਂ ਨੂੰ ਜਾਗ ਜਾਗਕੇ,
ਬਹੁਤ ਵੇਖਿਐ।
ਰਾਤਾਂ ਦੇ ਜਗਰਾਤੇ ਕੱਟ ਕੇ,
ਕਦੇ ਕਿਤੇ ਸੂਰਜ ਨਹੀਂ ਚੜ੍ਹਦਾ।
ਧਰਮ ਗਰੰਥ ਗਿਆਨ ਦੀ ਗੰਗਾ,
ਨੇਰ੍ਹੇ ਅੰਦਰ ਕੋਈ ਨਾ ਪੜ੍ਹਦਾ।
ਪਰ ਜੇ ਦੀਵਾ ਜਾਗ ਪਵੇ ਤਾਂ,
ਉਸ ਅੱਗੇ ’ਨੇਰ੍ਹਾ ਨਹੀਂ ਖੜ੍ਹਦਾ।
ਮੈਂ ਰਾਤਾਂ ਨੂੰ ਜਾਗ ਜਾਗ ਕੇ,
ਬਹੁਤ ਵੇਖਿਐ।
🔵
🔷ਗੁਰਭਜਨ ਗਿੱਲ

