ਬਾਬਾ ਫ਼ਰੀਦ ਜੀ ਦੇ ਜੀਵਨ, ਸਿਧਾਂਤਾਂ ਅਤੇ ਸ਼ਬਦਾਂ ‘ਤੇ ਅਧਾਰਿਤ ਸਨ ਮੁਕਾਬਲੇ : ਸਿਮਰਜੀਤ ਸਿੰਘ ਸੇਖੋਂ
ਫ਼ਰੀਦਕੋਟ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਫ਼ਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਨੇ ਦੱਸਿਆ ਕਿ ਅੱਜ ਦੇ ਇਹ ਮੁਕਾਬਲੇ ਬਾਬਾ ਫ਼ਰੀਦ ਜੀ ਦੇ ਜੀਵਨ, ਸਿਧਾਂਤਾਂ ਅਤੇ ਸ਼ਬਦਾਂ ‘ਤੇ ਅਧਾਰਿਤ ਸਨ ਅਤੇ ਉਹਨਾਂ ਕਿਹਾ ਕਿ 16 ਸਤੰਬਰ ਨੂੰ ਭਾਸ਼ਣ ਮੁਕਾਬਲੇ ਅਤੇ 17 ਸਤੰਬਰ ਨੂੰ ਸ਼ਬਦ ਗਾਇਣ ਮੁਕਾਬਲੇ ਵੀ ਬਾਬਾ ਫਰੀਦ ਜੀ ਦੇ ਸਲੋਕਾਂ ਅਤੇ ਸ਼ਬਦਾਂ ‘ਤੇ ਹੀ ਅਧਾਰਿਤ ਹੋਣਗੇ। ਉਹਨਾਂ ਕਿਹਾ ਕਿ ਅੱਜ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲੇ ਦੌਰਾਨ ਵੀ ਵਿਦਿਆਰਥੀਆਂ ਨੇ ਆਪਣੀ ਸੂਖਮ ਦ੍ਰਿਸ਼ਟੀ ਅਤੇ ਉਚੇਰੀ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਸਵਾਲਾਂ ਦੇ ਜਵਾਬ ਬਹੁਤ ਹੀ ਖੂਬਸੂਰਤੀ ਨਾਲ ਦਿੱਤੇ ਹਨ। ਇਨ੍ਹਾਂ ਸਾਰੇ ਮੁਕਾਬਲਿਆਂ ਦਾ ਨਤੀਜਾ ਮਿਤੀ 17 ਸਤੰਬਰ, ਦਿਨ ਵੀਰਵਾਰ ਨੂੰ ਐਲਾਨਿਆ ਜਾਵੇਗਾ ਅਤੇ 23 ਸਤੰਬਰ ਨੂੰ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਜਿਸ ਵਿੱਚ ਪਹਿਲਾ ਦਰਜਾ 10,000/-, ਦੂਜਾ ਦਰਜਾ 7000/- ਅਤੇ ਤੀਜਾ ਦਰਜਾ 5000/- ਦੀ ਨਕਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਜੇਤੂ ਵਿਦਿਆਰਥੀਆਂ ਨੂੰ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਜੀ ਨੇ ਆਏ ਹੋਏ ਸਮੂਹ ਵਿਦਿਆਰਥੀਆਂ, ਵਿੱਦਿਅਕ ਅਦਾਰਿਆਂ ਦੇ ਮੁਖੀਆਂ ਦਾ ਧੰਨਵਾਦ ਕਰਦਿਆਂ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਕਮੇਟੀ ਮੈਂਬਰਜ਼ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਦੀਪਇੰਦਰ ਸਿੰਘ ਸੇਖੋਂ, ਸ. ਕੁਲਜੀਤ ਸਿੰਘ ਮੰਗੀਆਂ, ਸ. ਗੁਰਜਾਪ ਸਿੰਘ ਸੇਖੋਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।

