ਖੇਤੀ ਆਮਦਨ ਵਧਾਉਣ ਲਈ ਵਿਗਿਆਨਕ ਢੰਗ ਅਪਣਾਉਣੇ ਸਮੇਂ ਦੀ ਲੋੜ : ਡਾ. ਦਵਿੰਦਰ ਸਿੰਘ ਚੀਮਾ

ਲੁਧਿਆਣਾ 16 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਹਾੜ੍ਹੀ ਦੀਆਂ ਫ਼ਸਲਾਂ ਲਈ ਸਤੰਬਰ ਮਹੀਨੇ ਦੌਰਾਨ ਪੀ.ਏ.ਯੂ. ਵਲੋਂ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ਅੰਤਰਗਤ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿੱਚ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਚੀਮਾ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ਸਨ। ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕੀਤੀ। ਇਸ ਤੋਂ ਇਲਾਵਾ ਨਿਰਦੇਸ਼ਕ ਪਸਾਰ ਸਿੱਖਿਆ, ਡਾ ਮੱਖਣ ਸਿੰਘ ਭੁੱਲਰ, ਯੂਨੀਵਰਸਿਟੀ ਉੱਚ ਅਧਿਕਾਰੀ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਵੀ ਮੰਚ ਤੇ ਮੌਜੂਦ ਸਨ।
ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਚੀਮਾ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ. ਨੇ ਬੋਲਦਿਆਂ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ‘ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ’ ਰੱਖਿਆ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਨ੍ਹਾਂ ਮੇਲਿਆਂ ਦੀ ਸ਼ੁਰੂਆਤ ਕਰਕੇ ਦੇਸ਼ ਦੁਨੀਆਂ ਨੂੰ ਖੇਤੀ ਮਾਹਿਰਾਂ ਅਤੇ ਕਿਸਾਨਾਂ ਦੀ ਸਾਂਝ ਦਾ ਨਵਾਂ ਮਾਡਲ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਾ 1967 ਵਿੱਚ ਪੀ.ਏ.ਯੂ ਦੇ ਮੁਖ ਕੈਂਪਸ ਲੁਧਿਆਣਾ ਵਿਖੇ ਲਾੳਣਾ ਸ਼ੁਰੂ ਕੀਤਾ ਸੀ। ਯੂਨੀਵਰਸਿਟੀ ਨੇ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੇਲੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਲਾਉਣੇ ਸ਼ੁਰੂ ਕੀਤੇ। ਯੂਨੀਵਰਸਿਟੀ ਦੀਆਂ ਖੋਜਾ ਬਾਰੇ ਦੱਸਦਿਆ ਉਨ੍ਹਾਂ ਦੱਸਿਆ ਕਿ ਪੀ.ਏ.ਯੂ ਘੱਟੋ ਘੱਟ ਤਿੰਨ ਸਾਲ ਤੱਕ ਨਵੀਆਂ ਕਿਸਮਾਂ ਦਾ ਤਜਰਬਾ ਕਰਕੇ ਹੀ ਨਵੇਂ ਬੀਜਾਂ ਦੀਆਂ ਸਿਫਾਰਸ਼ਾਂ ਖੇਤੀ ਮੇਲਿਆਂ ਵਿੱਚ ਕਿਸਾਨਾਂ ਲਈ ਕਰਦੀ ਹੈ। ਡਾ. ਚੀਮਾ ਨੇ ਕਿਸਾਨਾਂ ਨੂੰ ਵੱਧ ਮੁਨਾਫਾ ਪ੍ਰਾਪਤ ਕਰਨ ਲਈ ਫਸਲਾਂ ਦੀ ਪ੍ਰੋਸੈਸਿੰਗ ਦੇ ਨਾਲ ਨਾਲ ਖੁਦ ਮੰਡੀਕਰਨ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਜ਼ਾਰ ਉਪਰ ਨਿਰਭਰਤਾ ਘਟਾ ਕੇ ਆਪਣੀ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜਾਂ ਆਪਣੇ ਖੇਤ ਵਿੱਚ ਹੀ ਪੈਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਪੀ.ਏ.ਯੂ ਆਪਣੇ ਸੀਮਤ ਬਜਟ ਵਿੱਚੋਂ ਕਿਸਾਨਾਂ ਲਈ ਹਰ ਸਾਲ ਨਵੀਆਂ ਖੋਜਾਂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਅਤੇ ਵਿਗਿਆਨੀਆਂ ਦੀ ਸਾਂਝ ਨਾਲ ਹੀ ਪੀ.ਏ.ਯੂ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਇੱਕ ਨੰਬਰ ਉਪਰ ਬਰਕਰਾਰ ਹੈ। ਡਾ. ਚੀਮਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਬਾਰੇ ਬੋਲਦਿਆਂ ਕਿਹਾ ਕਿ ਪਰਾਲੀ ਸਾੜਨ ਦਾ ਨੁਕਸਾਨ ਕਿਸਾਨ ਦਾ ਖੁਦ ਦਾ ਵਧੇਰੇ ਹੁੰਦਾ ਹੈ। ਮਿੱਟੀ ਦੀ ਸਿਹਤ ਸੁਧਾਰਨ ਲਈ ਪਰਾਲੀ ਨੂੰ ਖੇਤ ਵਿਚ ਵਾਹੁਣ ਦਾ ਅਹਿਦ ਵੀ ਅਜੋਕੇ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਮਸ਼ੀਨਾ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕੀਤਾ। ਕਿਸਾਨ ਭਾਈਚਾਰੇ ਨੂੰ ਵਿਗਿਆਨਕ ਸਿਫਾਰਸ਼ਾਂ ਅਤੇ ਨਵੀਆਂ ਖੇਤੀ ਤਕਨੀਕਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਫਸਲਾਂ ਦੇ ਵਧੇ ਝਾੜ ਪੀ.ਏ.ਯੂ ਦੇ ਵਿਗਿਆਨੀਆਂ ਦੀ ਖੋਜ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੇ ਸੁਮੇਲ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਵੱਧ ਪੈਦਾਵਾਰ ਦੇ ਨਾਲ ਗੁਣਵੱਤਾ ‘ਤੇ ਵੀ ਖਾਸ ਧਿਆਨ ਦੇਣ ਦੀ ਲੋੜ ਦਾ ਜਿਕਰ ਕੀਤਾ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਾਂਝੇ ਯੋਗਦਾਨ ਬਾਰੇ ਦੱਸਦੇ ਹੋਏ ਦੇਸ਼ ਦੀ ਖੇਤੀ ਤਰੱਕੀ ਵਿਚ ਪੀ.ਏ.ਯੂ. ਦੀ ਮਹੱਤਵਪੂਰਨ ਭੂਮਿਕਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੁਣ ਤਕ 994 ਕਿਸਮਾਂ ਤਿਆਰ ਕਰਕੇ ਕਾਸ਼ਤ ਲਈ ਸਿਫਾਰਸ਼ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 250 ਤੋਂ ਵਧੇਰੇ ਕਿਸਮਾਂ ਨੂੰ ਰਾਸ਼ਟਰੀ ਪੱਧਰ ‘ਤੇ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਪਿਛਲੇ ਛੇ ਮਹੀਨਿਆਂ ਦੌਰਾਨ ਤਿਆਰ ਕੀਤੀਆਂ ਨਵੀਂਆਂ ਸਿਫਾਰਸ਼ੀ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਉਪਾਆਂ ਅਤੇ ਹੋਰ ਖੇਤੀ ਸਿਫਾਰਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਕਣਕ ਦੀਆਂ ਪੀ.ਬੀ.ਡਬਲਯੂ. 887 ਅਤੇ ਪੀ.ਬੀ.ਡਬਲਯੂ. 927, ਮਸਰ ਦੀ ਐੱਲ.ਐੱਲ. 1613, ਸਰ੍ਹੋਂ ਦੀਆਂ ਪੰਜਾਬ ਰਾਇਆ ਕਨੋਲਾ-7 ਅਤੇ ਪੰਜਾਬ ਰਾਇਆ 813, ਹਾੜ੍ ਬਰਸੀਮ ਦੀ ਬੀ.ਐੱਲ. 45, ਮਟਰ ਦੀ ਅਗੇਤਾ 8, ਆਲੂ, ਪਿਆਜ਼ ਅਤੇ ਲਸਣ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਦੀ ਪੰਜਾਬ ਅੰਮ੍ਰਿਤ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹਨਾਂ ਕਿਸਮਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਨ੍ਹਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਉਤਪਾਦਨ ਤਕਨੀਕਾਂ ਵਿੱਚ ਫੋਨ ਨਾਲ ਸਿੰਚਾਈ ਸੈਂਸਰ ਜੋੜਨ, ਮੂੰਗੀ ਵਿੱਚ ਨੀਲੇ ਚਿਪਕਵੇਂ ਕਾਰਡਾਂ ਦੀ ਵਰਤੋਂ, ਗੁੱਲੀ ਡੰਡੇ ਦੀ ਰੋਕਥਾਮ, ਸੂਖਮ ਸਿੰਚਾਈ, ਗੋਭੀ ਸਰ੍ਹੋਂ ਅਤੇ ਤੋਰੀਆ ਦੀ ਅੰਤਰਫ਼ਸਲੀ ਕਾਸ਼ਤ, ਅਤੇ ਪਸ਼ੂਆਂ ਲਈ ਫ਼ਸਲੀ ਅਚਾਰ ਬਣਾਉਣ ਵਾਸਤੇ ਲੈਕਟਿਕ ਐਸਿਡ ਬੈਕਟੀਰੀਆ ਜਾਗ ਦੀ ਤਕਨਾਲੋਜੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਪਣਾਉਣ ਦੀ ਅਪੀਲ ਕੀਤੀ ਅਤੇ ਪਰਾਲੀ ਦੀ ਸੰਭਾਲ ਹਰ ਹਾਲਤ ਵਿੱਚ ਖੇਤ ਵਿੱਚ ਹੀ ਕਰਨ ‘ਤੇ ਜ਼ੋਰ ਦਿੱਤਾ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਖੇ । ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਇਹ ਲੜੀ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਆਯੋਜਿਤ ਕੀਤੀ ਜਾਂਦੀ ਹੈ ਅਤੇ ਇਹ ਇਸ ਲੜੀ ਦਾ ਤੀਜਾ ਮੇਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਵਿੱਚ ਹਰ ਸਾਲ ਕਿਸਾਨਾਂ ਦੀ ਵੱਧਦੀ ਗਿਣਤੀ, ਕਿਸਾਨਾਂ ਦਾ ਪੀ.ਏ.ਯੂ ਦੀਆਂ ਖੇਤੀ ਖੋਜਾਂ ਪ੍ਰਤੀ ਵੱਧਦੇ ਵਿਸਵਾਸ਼ ਦਾ ਪ੍ਰਮਾਣ ਹੈ। ਡਾ. ਭੁੱਲਰ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦਾ ਮੁੱਖ ਮਕਸਦ ਖੇਤੀ ਖੋਜਾਂ ਨੂੰ ਕਿਸਾਨਾਂ ਤਕ ਲੈ ਕੇ ਜਾਣ ਦੇ ਨਾਲ-ਨਾਲ ਖੇਤੀ ਲਾਗਤਾਂ ਨੂੰ ਘਟਾਉਣ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਖੇਤੀ ਨੂੰ ਹੋਰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ। ਨਾਲ ਹੀ, ਉਨ੍ਹਾਂ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਵਿਚ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੇਲੇ ਖੇਤੀ ਨੂੰ ਵਿਗਿਆਨਕ ਦਿਸ਼ਾ ਵਿਚ ਲਿਜਾਣ ਅਤੇ ਤਕਨੀਕਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਮੇਲਿਆਂ ਦਾ ਪੂਰਾ ਲਾਹਾ ਲੈਣ ਲਈ ਮਾਹਿਰਾਂ ਨਾਲ ਨੇੜਲਾ ਸੰਪਰਕ ਬਣਾਇਆ ਰੱਖਣਾ ਚਾਹੀਦਾ ਹੈ, ਤਾਂ ਜੋ ਖੇਤੀ ਨੂੰ ਹੋਰ ਮੁਨਾਫ਼ੇਯੋਗ ਬਣਾਇਆ ਜਾ ਸਕੇ।
ਇਸ ਮੇਲੇ ਦੌਰਾਨ ਖੇਤੀਬਾੜੀ ਅਤੇ ਖੇਤੀ ਸੰਬੰਧਿਤ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਦੇਣ ਵਾਲੇ ਕਈ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਕਿਸਾਨਾਂ ਵਿਚ ਨਾਭਾ ਤੋਂ ਸ. ਕਮਲਜੀਤ ਸਿੰਘ ਨੂੰ ਮਧੂ ਮੱਖੀ ਪਾਲਣ ਲਈ, ਰਣਜੀਤਗੜ੍ਹ ਤੋਂ ਸ਼੍ਰੀਮਤੀ ਭਿੰਦਰ ਕੌਰ ਨੂੰ ਸਿਲਾਈ ਕਢਾਈ ਲਈ, ਡੰਡੋਆ ਤੋਂ ਸ਼੍ਰੀਮਤੀ ਲਖਵੀਰ ਕੌਰ ਨੂੰ ਖੁੰਬ ਉਤਪਾਦਨ ਲਈ ਅਤੇ ਜ਼ੀਰਕਪੁਰ ਤੋਂ ਸ਼੍ਰੀਮਤੀ ਗੁਰਮਿੰਦਰ ਕੌਰ ਨੂੰ ਬੇਕਰੀ ਲਈ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦਾ ਸੰਚਾਲਨ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਪੀ.ਏ.ਯੂ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਨ, ਖੇਤੀ ਸੰਬੰਧਿਤ ਵਿਗਿਆਨਕ ਅਤੇ ਪ੍ਰਮਾਣਿਕ ਜਾਣਕਾਰੀ ਲਈ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਆਪਣੇ ਘਰ ਦਾ ਹਿੱਸਾ ਬਣਾਉਣ ਕਿਹਾ। ਉਨ੍ਹਾਂ ਪੀ.ਏ.ਯੂ ਦੇ ਹਫ਼ਤਾਵਰ ਅਖਬਾਰ ਖੇਤੀ ਸੰਦੇਸ਼, ਪੀ.ਏ.ਯੂ ਫੇਸਬੁੱਕ ਲਾਈਵ ਪ੍ਰੋਗਰਾਮ, ਵਟਸ ਐਪ ਗਰੁੱਪਾਂ ਅਤੇ ਯੂ-ਟਿਊਬ ਚੈਨਲ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ। ਡਾ. ਰਿਆੜ ਨੇ ਡਿਜੀਟਲ ਮਾਧਿਅਮ ਨੂੰ ਅਪਣਾ ਕੇ ਖੇਤੀ ਦੇ ਵਿਗਿਆਨਕ ਸਰੂਪ ਬਣਾਉਣ ਦੀ ਅਪੀਲ ਕੀਤੀ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ,ਪਟਿਆਲਾ ਦੇ ਸਹਾਇਕ ਨਿਰਦੇਸ਼ਕ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਕਹੇ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਹਿਰਾਂ ਨੇ ਤਕਨੀਕੀ ਸ਼ੈਸ਼ਨ ਵਿੱਚ ਕਿਸਾਨਾਂ ਨਾਲ ਸਵਾਲ ਜਵਾਬ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਤਕਨੀਕੀ ਸ਼ੈਸ਼ਨ ਦਾ ਸੰਚਾਲਨ ਡਾ. ਗੁਰੳਪਦੇਸ਼ ਕੌਰ, ਪ੍ਰੋਫੈਸਰ, ਹੋਮ ਸਾਇੰਸ ਨੇ ਕੀਤਾ।
ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ।
ਹਾਜ਼ਰ ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।

