ਕੀ ਕੀ ਅੱਖੀਂ ਡਿੱਠਾ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਹੋਏ

ਕੀ ਕੀ ਅੱਖੀਂ ਡਿੱਠਾ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਹੋਏ

ਸਵੱਛ ਭਾਰਤ ਅਭਿਆਨ ਭਾਰਤ ਸਰਕਾਰ ਵਲੋਂ 2 ਅਕਤੂਬਰ 2014 ਨੂੰ ਰਾਸ਼ਟਰ ਵਿਆਪੀ ਤੌਰ ਤੇ ਸ਼ੁਰੂ ਕੀਤਾ ਗਿਆ ਜਿਸ ਤਹਿਤ ਦੇਸ਼ ਅੰਦਰ ਖੁੱਲ੍ਹੇ ‘ਚ ਸੌਚਾਲਯ ਮੁਕਤ ਕਰਨਾ , ਪਿੰਡਾਂ ਅਤੇ ਸਹਿਰਾਂ ਵਿੱਚ ਸਾਫ-ਸ਼ਫਾਈ ਰੱਖਣਾ ਅਤੇ ਠੋਸ ਕੱਚਰੇ ਦਾ ਸਹੀ ਪ੍ਰਬੰਧਨ ਕਰਨ ਦਾ ਉਦੇਸ਼ ਹੈ ।ਪਰ ਪਿਛਲੇ 12 ਸਾਲ ਵਿੱਚ ਸ਼ਹਿਰਾਂ ਅਥੇ ਪਿੰਡਾਂ ਦੀ ਸਫਾਈ ਦੇ ਰੱਖ-ਰਖਾਓ ਲਈ ਕੋਈ ਠੌਸ ਨੀਤੀ ਲਾਗੂ ਨਹੀਂ ਹੋਈ ਨਾ ਹੀ ਠੋਸ ਨਤੀਜੇ ਸਾਹਮਣੇ ਆਏ ਹਨ । ਜੇ ਪੰਜਾਬ ਦੀ ਗੱਲ ਕਰੀਏ ਤਾਂ ਸ਼ਹਿਰਾਂ ਅੰਦਰ ਕੂੜਾ ਪ੍ਰਬੰਧਨ ਦਾ ਮਾੜਾ ਹਾਲ ਹੈ ।ਗੰਦੇ ਨਾਲੀਆਂ ਦੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਠੀਕ ਤਰ੍ਹਾਂ ਨਹੀਂ ਹੋ ਰਹੀ ।ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਸ਼ਵ ਪੱਧਰ ਉੱਪਰ ਧਾਰਮਿਕ ਅਸਥਾਨਾਂ ‘ਚੋਂ ਆਪਣੀ ਵਿਸ਼ੇਸ਼ ਪਹਿਚਾਣ ਰੱਖਣ ਸਦਕਾ ਵਰਲਡ ਬੁੱਕ ਆਫ ਰਿਕਾਰਜ਼ ਵਿੱਚ ਮਾਨਤਾ ਪ੍ਰਾਪਤ ਅਧਿਆਤਕ ਅਸਥਾਨ ਹੈ ਜਿਥੇ ਰੋਜ਼ਾਨਾ ਇੱਕ ਲੱਖ ਤੋਂ ਉੱਪਰ ਸਰਧਾਲੂ ਨਤਮਸਤਕ ਹੋ ਕੇ ਮਨ ਦੀ ਸਾਂਤੀ ਪ੍ਰਾਪਤ ਕਰਦੇ ਹਨ । ਪਿਛਲੇ ਦਿਨੀਂ ਸਿੱਖਾਂ ਦੀ ਰੂਹ ਨਾਲ ਜੁੜੇ ਪਵਿੱਤਰ ਇਤਿਹਾਸਕ ਕੇਂਦਰੀ ਸ਼ਹਿਰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਦਾ ਸਬੱਬ ਬਣਿਆ । ਥੋੜਾ ਮੀਂਹ ਪਿਆ ਹੋਇਆਂ ਸੀ , ਸੜਕਾਂ ਉੱਪਰ ਸਾਈਡਾਂ ਤੇ ਪਾਣੀ ਖੜ੍ਹਾ ਸੀ ਜੋ ਨਹੀਂ ਹੋਣਾ ਚਾਹੀਦਾ ਸੀ ।ਸੀਵਰੇਜ ਦਾ ਸਿਸਟਮ ਪਾਣੀ ਦੀ ਨਿਕਾਸੀ ਲਈ ਇਥੋਂ ਦੇ ਇੰਜਨੀਅਰਾਂ ਦੀ ਕਾਰਗੁਜ਼ਾਰੀ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਹੈ । ਚੌਰਾਸੀ ਦੇ ਦਰਬਾਰ ਸਾਹਿਬ ਉੱਪਰ ਭਾਰਤ ਸਰਕਾਰ ਦੀ ਫੌਜ ਵਲੋਂ ਕੀਤੇ ਹਮਲੇ ਤੋਂ ਬਾਂਅਦ ਸ੍ਰੀ ਦਰਬਾਰ ਸਾਬਿ ਦੁਆਲੇ ਗਲਿਆਰਾ ਯੋਜਨਾ ਤਹਿਤ ਕਿੰਨੇ ਹੀ ਰਿਹਾਇਸ਼ੀ ਅਤੇ ਕਮਰਸੀਅਲ ਥਾਵਾਂ ਨੂੰ ਢਾਹ ਕੇ ਉਨ੍ਹਾਂ ਦੇ ਮਾਲਕਾਂ ਨੂੰ ਕਰੌੜਾਂ ਰੁਪਏ ਮੁਆਵਜ਼ੇ ਦੇ ਰੂਪ ਵਿੱਚ ਦਿੱਤੇ ਪਰ ਸੰਗਤਾਂ ਦੀ ਸਹੂਲਤ ਲਈ ਸ਼ਹਿਰ ਦੀ ਸਫਾਈ ਰੱਖਣਾ , ਰਸਤੇ ਖੁੱਲੇ੍ਹ ਕਰਨਾ ਆਦਿ ਵੱਲ ਪ੍ਰਸ਼ਾਸ਼ਨ ਦਾ ਧਿਆਨ ਨਹੀਂ ਦਿੱਤਾ ਗਿਆ ।ਸ਼ਹਿਰ ਵਾਸੀਆਂ ਨੂੰ ਆਪਣੇ ਫਰਜ਼ ਨੂੰ ਪਛਾਣਦਿਆਂ ਖੁਦ ਆਪਣੇ ਚੌਗਿਰਦੇ ਦੀ ਸਫਾਈ ਰੱਖਣੀ ਚਾਹੀਦੀ ਹੈ , ਗਲੀਆਂ ,ਸੜਕਾਂ ਉੱਪਰ ਕਚਰਾ ਛੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।

         ਵਿਸ਼ਵ ਭਰ ਦੇ ਲੋਕ ਇਸ ਪਵਿੱਤਰ ਰੂਹਾਨੀਅਤ ਅਸਥਾਨ ਦੇ ਦਰਸ਼ਨ ਕਰਨ ਨੂੰ ਵੱਡਭਾਗੀ ਸਮਝਦੇ ਹਨ । ਕਿੰਨ੍ਹੇ ਹੀ ਦੇਸ਼ਾਂ ਦੇ ਪ੍ਰਧਾਨ ਮੰਤਰੀ , ਰਾਸਟਰਪਤੀ , ਉੱਚ ਅਹੁੱਦਿਆਂ ਤੇ ਬਿਰਾਜਮਾਨ ਅਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਸ੍ਰੀ ਹਰਮੰਦਰ ਸਹਿਬ ਵਿਖੇ ਨਤਮਸਤਕ ਹੋ ਚੁੱਕੀਆਂ ਹਨ ਅਤੇ ਰੋਜ਼ਾਨਾ ਹੋਰ ਰਾਜਾਂ ਅਤੇ ਬਾਹਰਲੇ ਦੇਸ਼ਾ ਤੋਂ ਸੰਗਤਾਂ ਆ ਰਹੀਆਂ ਹਨ । ਇਸ ਪਵਿੱਤਰ ਵਿਸ਼ਵ ਪ੍ਰਸਿੱਧੀ ਵਾਲੇ ਸ਼ਹਿਰ ਦੀ ਸਾਫ-ਸਫਾਈ , ਸੁੰਦਰਤਾ ਵਾਲੀ ਦਿੱਖ ਦੇਣ ਦਾ ਧਿਆਨ ਇਥੋਂ ਦੇ ਪ੍ਰਸ਼ਾਸ਼ਨ ਦਾ ਧਿਆਨ ਨਹੀਂ ਜਾਪਦਾ ।ਕੇਂਦਰ ਸਰਕਾਰ ਨੂੰ ਇਸ ਸਿੱਖ ਧਰਮ ਦੇ ਕੇਂਦਰੀ ਸਥਾਨ ਨੂੰ ਵਿਸ਼ੇਸ਼ ਪੈਕੇਜ਼ ਸਮੇਂ ਸਮੇਂ ਦੇ ਕੇ ਵਿਸ਼ਵ ਪੱਧਰ ਦੀਆਂ ਆਧੁਨਿਕ ਸਹੂਲਤਾਂ ਦੇ ਕੇ ਸਮੇਂ ਦੇ ਹਾਣ ਦਾ ਬਣਾਉਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ।ਦੇਸ਼ ਦੇ ਪ੍ਰਧਾਨ ਮੰਤਰੀ ਬਾਹਰਲੇ ਦੇਸ਼ਾਂ ਦੇ ਸੈਂਕੜੇ ਦੌਰੇ ਕਰ ਚੁੱਕੇ ਹਨ,  ਉਨ੍ਹਾਂ ਬਾਹਰਲੇ ਦੇਸ਼ਾਂ ਦੇ ਸ਼ਹਿਰਾਂ ਦੇ ਨਕਸ਼ੇ ਕਦਮਾਂ ਉੱਪਰ ਆਪਣੇ ਦੇਸ਼ ਦੇ ਇਹੋ ਜਿਹੇ ਪਵਿੱਤਰ ਸ਼ਹਿਰਾਂ ਦੀ ਦਿੱਖ ਨੂੰ ਅੰਤਰ-ਰਾਸਟਰੀ ਪੱਧਰ ਦੀ ਤਰ੍ਹਾਂ ਬਣਾਕੇ ਦੇਸ਼ ਦਾ ਨਾਂ ਉੱਚਾ ਕਰਨ ਨੂ ਪਹਿਲ ਦੇਣੀ ਚਾਹੀਦੀ ਹੈ ।   
ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਦਰਬਾਰ ਸਾਹਿਬ ਤੱਕ ਆਉਂਦੇ ਰਸਤੇ ਵੀ ਵਧੀਆ ਨਹੀਂ ਹਨ । ਬਾਹਰਲੇ ਰਾਜਾਂ ਤੋਂ ਰੌਜ਼ਾਨਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਜੀ.ਟੀ. ਰੋਡ ਉਪਰੋਂ ਦਿਨ ਰਾਤ ਹਜ਼ਾਰਾਂ ਵਾਹਨ ਸਰਧਾਲੂਆਂ ਦੇ ਲੰਘਦੇ ਹਨ । ਜੇਕਰ ਦੋਰਾਹੇ ਤੋਂ ਲੁਧਿਆਣੇ ਤੋਂ ਗਿੱਲ ਰੋਡ ਵਾਲੇ ਬਾਹਰਲੇ ਬਾਈ ਪਾਸ ਰਾਹੀਂ ਸਿੱਧਾ ਫਿਲੌਰ ਨੂੰ ਨਿਕਲਦੇ ਹਾਂ ਤਾਂ ਪਹਿਲਾ ਟੋਲ ਪਲਾਜ਼ਾ ਚਾਹਰ ਆਉਂਦਾ ਹੈ , ਦੂਜਾ ਕਰੀਬ 6 ਕਿਲੋਮੀਟਰ ਦੀ ਦੂਰੀ ਤੇ ਫਿਲੌਰ ਲਾਗੇ ਲਾਡੋਵਾਲ ਟੌਲ, ਫਿਰ ਢਿਲਵਾਂ ਟੌਲ, ਅੱਗੇ ਨਿੱਝਰਪੁਰ ਟੌਲ ਆਉਂਦਾ ਹੈ । ਲੁਧਿਆਣੇ ਤੋਂ ਅੰਮ੍ਰਿਤਸਰ ਤੱਕ ਇੰਨੇ ਟੋਲ ਦੇ ਕੇ ਵੀ ਬਹੁਤ ਥਾਵਾਂ ਤੇ ਖੱਡਿਆਂ ਚੋਂ ਲੰਘਣਾ ਪੈਂਦਾ ਹੈ ।ਕਈ ਥਾਵਾਂ ਜਿਵੇਂ ਰਈਆ , ਟਾਂਗਰਾ ਆਦਿ ਨੇੜੇ ਪੁਲ ਅਧੂਰੇ ਜਾਂ ਅਜੇ ਬਣ ਰਹੇ ਹਨ ।ਰਈਆ ਕੋਲ ਸੜਕ ਦੇ ਕਿਨਾਰੇ ਲੰਬੀ ਦੂਰੀ ਤੱਕ ਝੌਂਪੜੀਆਂ ਵਾਲਿਆਂ ਨੇ ਸ਼ਾਇਦ ਰਾਹੀਆਂ ਲਈ ਸੁਹਾਵਣਾ ਦ੍ਰਿਸ਼ ਪੇਸ਼ ਕੀਤਾ ਹੋਇਆ ਹੈ ਜਿਸ ਵਿੱਚ ਦੁਕਾਨਦਾਰੀਆਂ ਵੀ ਦਿਖਾਈ ਦਿੰਦੀਆਂ ਹਨ । ਨਜਾਇਜ ਕਬਜੇ ਹੋਣ ਤੋਂ ਰੋਕਣ ਲਈ ਮਹਿਕਮਾ ਹੁਣ ਤਾਂ ਕੁੰਭ ਦੀ ਨੀਂਦ ‘ਚ ਵਿਅਸਤ ਹੈ ਫਿਰ ਇਨ੍ਹਾਂ ਲੋਕਾਂ ਦੇ ਪੈਰ ਜੰਮਣ ਤੇ ਪੀਲਾ ਪੰਜਾ ਚੁੱਕਣ ਦੀਆਂ ਗੱਲਾਂ ਹੋਣਗੀਆਂ , ਸਰਕਾਰ ਦਾ ਵਿਰੋਧ ਹੋਵੇਗਾ । ਸੜਕ ਉੱਪਰ ਗੰਦਗੀ , ਮਿੱਟੀ ਦੇ ਢੇਰ ਬਾਹਰੋਂ ਆਉਂਦੇ ਸਰਧਾਲੂਆਂ ਦਾ ਆਮ ਸਵਾਗਤ ਕਰਦੇ ਹਨ ।ਸੜਕਾਂ ਦੀ ਮੇਨਟੀਨੇਂਸ ਵਾਲੀ ਕੋਈ ਗੱਲ ਨਹੀਂ ਦਿੱਸਦੀ ।ਸੜਕ ਦੇ ਦੁਆਲੇ ਪਾਣੀ ਦੀ ਨਿਕਾਸੀ ਲਈ ਜੋ ਸੀਵਰੇਜ਼ ਸੀਮੈਂਟ ਦੀਆਂ ਸਲੇਬਾਂ ਰੱਖ ਕੇ ਬਣਾਏ ਗਏ ਹਨ ਉਹ ਸ਼ੁਰੂ ਤੋਂ ਸੁਰੱਖਿਅਤ ਨਹੀਂ ਬਣੇ ਹੋਏ , ਹੁਣ ਤਾਂ ਬਹੁਤ ਥਾਵਾਂ ਤੋਂ ਅਣਢੱਕਿਆ ਪਿਆ ਹੈ , ਜਿਸ ਕਾਰਨ ਇਹ ਕੂੜਾਦਾਨ ਬਣ ਚੁੱਕੇ ਹਨ । ਜੋ ਵੀ ਸਲੈਬਾਂ ਹਨ ਉਹ ਖਸਤਾ ਹਾਲਤ ‘ਚ ਹਨ , ਕੋੋਈ ਵੀ ਹਾਦਸਾ ਵਾਪਰ ਸਕਦਾ ਹੈ । ਰਸਤੇ ਵਿੱਚ ਆਉਂਦੇ ਕਸਬੇ ਅਤੇ ਸ਼ਹਿਰਾਂ ਦੀਆਂ ਹੱਦਾਂ ਤੱਕ ਜੋ ਜੰਗਲੇ ਵਾਹਨਾਂ ਦੀ ਸੇਫਟੀ ਲਈ ਲਾਏ ਸਨ ਉਹ ਬਹੁਤੇ ਦਿਖਾਈ ਨਹੀਂ ਦਿੰਦੇ , ਉਹ ਖਸਤਾ ਹਾਲਤ ‘ਚ ਜੰਗਾਲ ਲੱਗੇ ਹਨ ਜਿਨ੍ਹਾ ਉੱਪਰ ਰੰਗ ਰੋਗਣ ਕਰਨ ਦੀ ਸ਼ਾਇਦ ਸਰਕਾਰਾਂ ਕੋਲ ਹਿੰਮਤ ਹੀ ਨਹੀਂ ਹੈ ਜਦੋਂ ਕਿ ਰੋਜ਼ਾਨਾ ਕਰੌੜਾਂ ਰੁਪਏ ਟੋਲਾਂ ਰਾਹੀਂ ਇੱਕਠੇ ਹੁੰਦੇ ਹਨ । ਸਿੱਖੀ ਦੇ ਧੁਰੇ ਨਾਲ ਜਾਣੇ ਜਾਂਦੇ ਇਸ ਇਤਿਹਾਸਕ ਸ਼ਹਿਰ ਦੇ ਦਰਸ਼ਨਾਂ ਲਈ ਬਾਹਰਲੇ ਦੇਸ਼ਾਂ ਤੋਂ ਨਿੱਤ ਆਉਂਦੀਆਂ ਸੰਗਤਾਂ ਦੇ ਮਨਾਂ ‘ਚ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੂੰ ਝੂਠੇ ਪਾਉਣ ਦੀ ਗੱਲ ਜਰੂਰ ਲੱਗੇਗੀ ।ਘੱਟੋ-ਘੱਟ ਇਸ ਜਰਨੈਲੀ ਸੜਕ ਦੀ ਸੁੰਦਰੀਕਰਨ ਵਾਲੀ ਹਰਿਆਵਲ ਦਿੱਖ ਪ੍ਰਦਾਨ ਤਾਂ ਸਰਕਾਰ ਪਹਿਲ ਦੇ ਆਧਾਰ ਉੱਪਰ ਕਰੇ ।ਰਮਦਾਸ, ਅਜਨਾਲਾ , ਅੰਮ੍ਰਿਤਸਰ ਰੋਡ ਲੰਬੇ ਸਮੇਂ ਤੋਂ ਬਣ ਰਹੀ ਸੀ ਭਾਵੇਂ ਹੁਣ ਤਕਰੀਬਨ ਬਣ ਚੁੱਕੀ ਹੈ ਪਰ ਕਈ ਥਾਵਾਂ ਤੋਂ ਟੁੱਟ ਵੀ ਗਈ ਹੈ , ਕਿਤੇ ਕਿਤੇ ਅਧੂਰੀ ਵੀ ਕਸਿੇ ਕਾਰਨਾਂ ਕਰਕੇ ਅਧੂਰੀ ਵੀ ਪਈ ਹੈ । ਤੇਜ਼ ਸਪੀਡ ਤੇ ਆਉਂਦੇ ਵਹੀਕਲ ਅਚਾਨਕ ਇਹੋ ਜਿਹੇ ਥਾਵਾਂ ਤੇ ਕੰਟਰੋਲ ਕਰਨੇ ਸੰਭਵ ਨਹੀਂ ਜਿਸ ਸਦਕਾ ਦੁਰਘਟਨਾ ਵਾਪਰਨ ਦਾ ਡਰ ਰਹਿੰਦਾ ਹੈ । ਰਾਜ ਅੰਦਰ ਮੇਨ ਸੜਕਾਂ ਤੇ ਉੱਚਿਤ ਥਾਵਾਂ ਤੇ ਚਿੱਟੀਆਂ,ਪੀਲੀਆਂ,ਕਾਲੀਆਂ,ਪੱਟੀਆਂ ਦੇ ਨਿਸ਼ਾਨ ਅਧੂਰੇ ਪਏ ਰਹਿੰਦੇ ਹਨ,ਜੋ ਦੁਰਘਟਨਾਵਾਂ ਨੂੰ ਸੱਦਾ ਦਿੰਦੇ ਹਨ।ਉੱਚਿਤ ਥਾਵਾਂ ਉੱਪਰ ਐਂਟਰੀਆਂ ਅਤੇ ਬਾਹਰ ਦੇ ਰਸਤਿਆਂ ਨੂੰ ਦਰਸਾਉਣ ਲਈ ਸਾਈਨ ਬੋਰਡ ਥੌੜੀ ਦੂਰੀ ਤੋਂ ਪਹਿਲਾਂ ਲਾਏ ਜਾਣੇ ਚਾਹੀਦੇ ਹਨ ਤਾਂ ਜੋ ਇਕਦਮ ਬਰੇਕ ਨਾ ਲਾਉਣੇ ਪੈਣ ਜਿਸ ਨਾਲ ਹਾਦਸੇ ਦੀ ਸੰਭਾਵਨਾ ਤੋਂ ਬਚਿਆ ਜਾ ਸਕਦਾ ਹੈ ।ਇਸ ਨਾਲ ਕੋਈ ਗਲਤ ਥਾਂ ਜਾਂ ਰਸਤੇ ਤੇ ਵੀ ਨਾ ਜਾ ਸਕੇਗਾ ਅਤੇ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ ।ਸੋ ਸਰਕਾਰ ਨੂੰ ਇਨ੍ਹਾਂ ਸੜਕਾਂ ਦੀਆਂ ਬਣਦੀਆਂ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਨੂੰ ਪਹਿਲ ਦੇ ਆਧਾਰ ਤੇ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ / ਠੇਕੇਦਾਰਾਂ ਤੋਂ ਜਰੂਰੀ ਕੰਮ ਸਖਤੀ ਨਾਲ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਕਿਸਮ ਦੇ ਹਾਦਸੇ ਨਾ ਵਾਪਰਨ , ਘੱਟੋ-ਘੱਟ ਇਤਿਹਾਸਕ ਪਵਿੱਤਰ ਅਸਥਾਨਾਂ ਨੂੰ ਜੋੜਦੇ ਰਸਤੇ ਤਾਂ ਸਾਫ ਸੁੱਥਰੇ ਹੋਣੇ ਚਾਹੀਦੇ ਹਨ ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.