ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਅਤੇ ਮੈਡੀਕਲ ਕੈਂਪ ਲਗਾਇਆ
ਕੋਟਕਪੂਰਾ ਦੇ ਹੌਟਸਪੌਟ ਖੇਤਰਾਂ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ; ਇੱਕ ਸਟੋਰ ਤੋਂ ਆਦਤ ਪਾਉਣ ਵਾਲੀਆਂ ਦਵਾਈਆਂ ਦੀਆਂ 983 ਗੋਲੀਆਂ ਬਰਾਮਦ
ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਸਿਹਤ ਸੇਵਾਵਾਂ
ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਨਸ਼ਿਆਂ ਦੀ ਰੋਕਥਾਮ, ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵੱਖ-ਵੱਖ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਤਹਿਤ ਕੋਟਕਪੂਰਾ ਦੇ ਨਸ਼ਾ ਪ੍ਰਭਾਵਿਤ ਖੇਤਰ ਛੱਜਘੜ੍ਹਿਆ ਮੁਹੱਲਾ, ਜੈਤੋ ਚੁੰਗੀ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਵੱਲੋਂ ਕੋਟਕਪੂਰਾ ਦੇ ਹੌਟਸਪੌਟ ਖੇਤਰਾਂ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ ਵੀ ਕੀਤੀ ਗਈ। ਸਿਵਲ ਸਰਜਨ ਫ਼ਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ, ਐੱਸ.ਡੀ.ਐੱਚ. ਕੋਟਕਪੂਰਾ ਡਾ. ਹਰਿੰਦਰ ਗਾਂਧੀ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਇੰਚਾਰਜ ਡਾਕਟਰ ਵਿਕਰਮ ਜਿੰਦਲ ਵੀ ਮੌਜੂਦ ਸਨ। ਇਸ ਮੌਕੇ ਸਿਵਲ ਹਸਪਤਾਲ ਕੋਟਕਪੂਰਾ ਦੇ ਕਾਊਂਸਲਰ ਸ੍ਰੀ ਖੁਸ਼ਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਨਸ਼ਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਪਰਿਵਾਰਕ ਸਬੰਧਾਂ, ਸਮਾਜਿਕ ਜੀਵਨ ਅਤੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਲਈ ਨਸ਼ਿਆਂ ਤੋਂ ਬਚਾਅ ਲਈ ਸਮੇਂ ਸਿਰ ਜਾਗਰੂਕਤਾ, ਪਰਿਵਾਰਕ ਸਹਿਯੋਗ ਅਤੇ ਸਹੀ ਮਾਰਗਦਰਸ਼ਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ, ਖੇਡਾਂ, ਰਚਨਾਤਮਕ ਗਤੀਵਿਧੀਆਂ ਅਤੇ ਸਮਾਜ ਸੇਵਾ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਲਈ ਕਾਊਂਸਲਿੰਗ, ਇਲਾਜ ਅਤੇ ਪੁਨਰਵਾਸ ਸਬੰਧੀ ਸਿਹਤ ਸੇਵਾਵਾਂ ਉਪਲਬਧ ਹਨ। ਸੈਮੀਨਾਰ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਲੋੜੀਂਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਲੋਕਾਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਸ੍ਰੀ ਹਰਜਿੰਦਰ ਸਿੰਘ ਵੱਲੋਂ ਕੋਟਕਪੂਰਾ ਦੇ ਹੌਟਸਪੌਟ ਖੇਤਰਾਂ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਜਲਾਲੇਆਣਾ ਰੋਡ ਸਥਿਤ ਨਿਊ ਗੁਰੂ ਨਾਨਕ ਮੈਡੀਕਲ ਹਾਲ ਅਤੇ ਮੈੱਡ ਫਾਰਮਾ ਏਜੰਸੀਜ਼ ਦੀ ਜਾਂਚ ਕੀਤੀ ਗਈ। ਇਨ੍ਹਾਂ ਦੋਵਾਂ ਮੈਡੀਕਲ ਸਟੋਰਾਂ ਵਿੱਚ ਕੋਈ ਉਲੰਘਣਾ ਨਹੀਂ ਪਾਈ ਗਈ ਅਤੇ ਨਾ ਹੀ ਕੋਈ ਆਦਤ ਪਾਉਣ ਵਾਲੀਆਂ ਦਵਾਈਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਜੈਤੋ ਚੁੰਗੀ ਸਥਿਤ ਮੈਡੀਕੋਜ਼ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ। ਜਾਂਚ ਦੌਰਾਨ ਖਰੀਦ ਰਿਕਾਰਡ ਦੇ ਮੁਕਾਬਲੇ ਵਿਕਰੀ ਸਬੰਧੀ ਲੋੜੀਂਦੇ ਰਿਕਾਰਡ ਤੋਂ ਬਿਨਾਂ ਆਦਤ ਪਾਉਣ ਵਾਲੀਆਂ ਦਵਾਈਆਂ ਦੀਆਂ ਕੁੱਲ 983 ਗੋਲੀਆਂ ਮਿਲੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 18,480 ਰੁਪਏ ਦੱਸੀ ਗਈ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਵਿਅਕਤੀਆਂ ਨੂੰ ਇਲਾਜ ਲਈ ਪ੍ਰੇਰਿਤ ਕਰਨ, ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

