— ਕਮੇਟੀ ਦਾ ਸ਼ਲਾਘਾਯੋਗ ਕਦਮ —
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼ )
ਸ਼ਹਿਰ ਨਿਵਾਸੀਆਂ ਨੂੰ ਕਈ ਵਾਰ ਨਗਰ ਕੌਂਸਲ ਨਾਲ ਸਬੰਧਤ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰੀ ਨਿਯਮਾਂ ਅਨੁਸਾਰ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫ਼ਾਈ ਸਬੰਧੀ, ਸਟਰੀਟ ਲਾਇਟਾਂ, ਸੀਵਰੇਜ ਮੈਨ ਹੋਲਾਂ ਕੋਲੋਂ ਕੂੜਾ ਚੁਕਵਾਉਣ , ਮੁਰਦਾ ਪਸ਼ੂਆਂ ਨੂੰ ਚੁਕਵਾਉਣਾ,ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣਾ,ਖਾਲੀ ਪਏ ਪਲਾਟਾਂ ਵਿੱਚ ਸਾਫ ਸਫਾਈ ਕਰਵਾਉਣ, ਪਾਰਕਾਂ ਦੀ ਦੇਖ ਭਾਲ ਅਤੇ ਸੇਵਾ ਸੰਭਾਲ, ਮੱਛਰ ਮਾਰ ਦਵਾਈ ਛਿੜਕਾਉਣਾ,ਬਾਜ਼ਾਰ ਅੰਦਰ ਨਜਾਇਜ਼ ਕਬਜ਼ੇ ਹਟਵਾਉਣਾ,ਸਾਫ ਸੁਥਰੇ ਜਨਤਕ ਪਖਾਨੇ ਬਣਾਉਣਾ, ਮੇਲਿਆਂ ਆਦਿ ਲਈ ਉਚਿਤ ਪ੍ਰਬੰਧ ਕਰਨ ਆਦਿ ਸਮੇਤ ਕਈ ਹੋਰ ਅਜਿਹੇ ਪਬਲਿਕ ਕੰਮ ਨਗਰ ਕੌਂਸਲ ਵੱਲੋਂ ਕਰਵਾਏ ਜਾਣੇ ਹੁੰਦੇ ਹਨ। ਉਕਤ ਸਮੱਸਿਆਵਾਂ ਸਬੰਧੀ ਅਕਸਰ ਸ਼ਹਿਰ ਨਿਵਾਸੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਿਸ ਅਧਿਕਾਰੀ/ਕਰਮਚਾਰੀ ਨਾਲ ਸੰਪਰਕ ਕਰਨ। ਜੇ ਕੋਈ ਸੂਝਵਾਨ ਸ਼ਹਿਰੀ ਉਕਤ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਨਾਲ ਨਿੱਜੀ ਜਾਂ ਟੈਲੀਫੋਨ ਰਾਹੀਂ ਸੰਪਰਕ ਕਰਦਾ ਹੈ ਤਾਂ ਸ਼ਾਇਦ ਹੀ ਕਦੇ ਸਮੇਂ-ਸਿਰ ਸਮੱਸਿਆ ਦਾ ਹੱਲ ਕੀਤਾ ਗਿਆ ਹੋਵੇ। ਹੁਣ ਬੜੇ ਲੰਮੇ ਸਮੇਂ ਬਾਅਦ ਸਥਾਨਕ ਨਗਰ ਕੌਂਸਲ ਵੱਲੋਂ ਉਕਤ ਸਮੱਸਾਵਾਂ ਦੇ ਹੱਲ ਲਈ ਸ਼ਿਕਾਇਤ ਹੈਲਪ ਲਾਈਨ ਨੰਬਰ 98557-35135 ਜਾਰੀ ਕੀਤਾ ਗਿਆ ਹੈ। ਇਸ ਹੈਲਪ ਲਾਇਨ ਨੰਬਰ ’ਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9:00 ਵਜੇ ਤੋਂ ਸ਼ਾਮ ਦੇ 5:00 ਵਜੇ ਤੱਕ ਫੋਨ ਕਾਲ ਜਾਂ ਵਸਟਐਪ ਰਾਹੀਂ ਮੈਸੇਜ
ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਨਗਰ ਕੌਂਸਲ ਵੱਲੋਂ ਉਕਤ ਹੈਲਪ ਲਾਇਨ ਨੰਬਰ ਜਾਰੀ ਕੀਤੇ ਜਾਣ ਨੂੰ ਲੋਕ ਪੱਖੀ ਅਤੇ ਸ਼ਲਾਘਾਯੋਗ ਕਦਮ ਦੱਸਿਆ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਹੁਣ ਸ਼ਹਿਰ ਨਿਵਾਸੀਆਂ ਨੂੰ ਆਪਣੀ ਸਬੰਧਤ ਸ਼ਿਕਾਇਤ ਦਰਜ ਕਰਵਾਉਣ ਲਈ ਨਗਰ ਕੌਂਸਲ ਦੇ ਬੇਲੋੜੇ ਚੱਕਰ ਲਗਾ ਕੇ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ ਅਤੇ ਉਹ ਘਰ ਬੈਠੇ ਹੀ ਆਪਣੀਆਂ ਸਮੱਸਿਆਵਾਂ ਦਰਜ ਕਰਵਾ ਸਕਦੇ ਹਨ। ਸ੍ਰੀ ਢੋਸੀਵਾਲ ਨੇ ਸ਼ਹਿਰ ਨਿਵਾਸੀਆਂ ਨੂੰ ਕੇਵਲ ਜਾਇਜ਼ ਅਤੇ ਸਾਂਝੀਆਂ ਸਮੱਸਿਆਵਾਂ ਹੀ ਉਕਤ ਹੈਲਪ ਲਾਇਨ ਨੰਬਰ ਰਾਹੀਂ ਨਗਰ ਕੌਂਸਲ ਦੇ ਧਿਆਨ ਵਿਚ ਲਿਆਉਣ ਦੀ ਅਪੀਲ ਵੀ ਕੀਤੀ ਹੈ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।

