
ਲੁਧਿਆਣਾ 17 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਰਾਸ਼ਟਰੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਭੋਜਨ ਰਾਹੀਂ ਕੈਂਸਰ ਦੀ ਰੋਕਥਾਮ ਅਤੇ ਸਿਹਤਮੰਦ ਭਵਿੱਖ ਵਿਸ਼ੇ ਤੇ ਇਕ ਭਾਸ਼ਣ ਆਯੋਜਿਤ ਕੀਤਾ| ਇਸ ਭਾਸ਼ਣ ਲਈ ਸੀ ਐੱਮ ਸੀ ਐੱਚ ਲੁਧਿਆਣਾ ਦੇ ਮੁੱਖ ਭੋਜਨ ਵਿਸ਼ੇਸ਼ਗ ਡਾ. ਰੂਮਾ ਸਿੰਘ ਹਾਜ਼ਰ ਸਨ| ਡਾ. ਰੂਮਾ ਸਿੰਘ ਨੇ ਲੋੜੀਂਦੀਆਂ ਭੋਜਨ ਤਕਨੀਕਾਂ ਅਤੇ ਆਦਤਾਂ ਰਾਹੀਂ ਕੈਂਸਰ ਦੀਆਂ ਸੰਭਾਵਨਾਵਾਂ ਘੱਟ ਕਰਨ ਅਤੇ ਸਿਹਤਮੰਦ ਜੀਵਨ ਜੀਣ ਦੇ ਨੁਕਤੇ ਸਾਂਝੇ ਕੀਤੇ| ਉਹਨਾਂ ਨੇ ਵਿਸ਼ਵ ਭੋਜਨ ਦਿਹਾੜੇ ਦੀ ਮਹੱਤਤਾ ਉੱਪਰ ਜ਼ੋਰ ਦਿੰਦਿਆਂ ਸੰਤੁਲਿਤ ਖੁਰਾਕ ਅਤੇ ਪੋਸ਼ਣ ਦੀ ਲੋੜ ਨੂੰ ਸਮਤੋਲ ਵਿਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ|
ਕਮਿਊਨਟੀ ਸਾਇੰਸ ਕਾਲਜ ਦੇ ਡਾ. ਕਿਰਨ ਬੈਂਸ ਨੇ ਕਿਹਾ ਕਿ ਅਕਾਦਮਿਕ ਅਤੇ ਸਿਹਤ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਯਤਨ ਕਰਕੇ ਸਮਾਜ ਦੀ ਬਿਹਤਰ ਉਸਾਰੀ ਸੰਭਵ ਹੋ ਸਕਦੀ ਹੈ|
ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਵਿਚਾਰ-ਚਰਚਾ ਸੈਸ਼ਨ ਲਈ ਮਾਹਿਰ ਮਹਿਮਾਨ ਦਾ ਧੰਨਵਾਦ ਕੀਤਾ| ਸੈਸ਼ਨ ਦੌਰਾਨ ਵਿਭਾਗ ਦੇ ਅਧਿਆਪਕ, ਖੋਜੀ, ਵਿਦਿਆਰਥੀ ਮੌਜੂਦ ਰਹੇ| ਮਾਹਿਰ ਨਾਲ ਸਵਾਲ-ਜਵਾਬਾਂ ਦਾ ਸਿਲਸਿਲਾ ਵੀ ਗਿਆਨ ਵਰਧਕ ਰਿਹਾ|

