
ਸਰੀ ਅਕਤੂਬਰ 17 (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਵਨ, ਸਰੀ (ਕੈਨੇਡਾ) ਵਲੋਂ ਚਲਾਏ ਜਾ ਰਹੇ ਪ੍ਰਾਜੈਕਟ ਨਵੀਆਂ ਕਲਮਾਂ ਨਵੀ ਉਡਾਣ ਅਧੀਨ ਜ਼ਿਲ੍ਹਾ ਮੋਹਾਲੀ ਦੇ ਬਾਲ ਕਵੀਆਂ ਲਈ ਇਕ ਹੋਰ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ।ਰਾਵੀ, ਬਰਿੰਦਰ, ਰਾਧਾ, ਅੰਮ੍ਰਿਤ, ਜਸਮੀਤ, ਸਿਮਰਨਪ੍ਰੀਤ, ਖੁਸ਼ਮੀਤ, ਰੀਮਾ, ਸਿਮਰਪ੍ਰੀਤ, ਰਾਧਿਕਾ, ਮੀਰਾ ਅਤੇ ਹਰਨੂਰ ਵਰਗੇ ਬਾਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਾਜੈਕਟ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ।
ਪੁਡੂਚੇਰੀ ਯੂਨੀਵਰਸਿਟੀ, ਪੁਡੂਚੇਰੀ ਦੇ ਭੌਤਿਕ ਵਿਗਿਆਨੀ ਡਾ. ਬੀਰਬਿਕਰਮ ਸਿੰਘ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਦੀ ਪੇਸ਼ਕਾਰੀ ਉੱਪਰ ਆਪਣੀ ਦਿਲੀ ਖੁਸ਼ੀ ਇਜ਼ਹਾਰ ਕੀਤੀ ਅਤੇ ਕਿਹਾ ਕਿ ਵਿਦਿਆਰਥੀ-ਜੀਵਨ ਤੋਂ ਹੀ ਜੇਕਰ ਅਸੀਂ ਮਾਂ-ਬੋਲੀ ਪੰਜਾਬੀ ਨਾਲ ਜੁੜਦੇ ਹਾਂ ਤਾਂ ਮਾਂ-ਬੋਲੀ ਦੇ ਲਈ ਇਹ ਬਹੁਤ ਵਧੀਆ ਹੋਵੇਗਾ। ਬਾਲ ਕਵੀਆਂ ਦੀਆਂ ਪੇਸ਼ਕਾਰੀਆਂ ਨੂੰ ਉਨ੍ਹਾਂ ਨੇ ਬਰੀਕੀ ਨਾਲ ਸੁਣ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਖੁਦ ਵੀ ਸੁਰਜੀਤ ਪਾਤਰ ਦੀ ਰਚਨਾ ਸੁਣਾਈ ਅਤੇ ਸਭ ਨੂੰ ਮੰਤਰ ਮੁਗਧ ਕਰ ਲਿਆ।
ਪ੍ਰਾਜੈਕਟ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਨੇ ਇਸ ਪ੍ਰਾਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਸਾਰ ਦੇ ਚੌਦਾਂ ਮੁਲਕਾਂ ਵਿੱਚ ਸੋਲਾਂ ਹਜ਼ਾਰ ਤੋਂ ਜ਼ਿਆਦਾ ਬਾਲ ਲੇਖਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਗੁਰਦਾਸਪੁਰ ਅਤੇ ਸੰਗਰੂਰ ਤੋਂ ਪ੍ਰਾਜੈਕਟ ਦੇ ਜ਼ਿਲ੍ਹਾ ਦੇ ਪ੍ਰਧਾਨਾਂ
ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਬੱਚਿਆਂ ਦੁਆਰਾ ਵਿਭਿੰਨ ਮੁੱਦਿਆਂ ਉੱਤੇ ਪੇਸ਼ ਕੀਤੀਆਂ ਰਚਨਾਵਾਂ ਲਈ ਸਭ ਨੂੰ ਵਧਾਈ ਦਿੱਤੀ। ਮੋਹਾਲੀ ਟੀਮ ਦੇ ਮੈਂਬਰਾਂ ਨੂੰ ਲਖਵੀਰ ਕੌਰ, ਗੁਤਿੰਦਰ ਕੌਰ ਅਤੇ ਰਾਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।

