ਲੁਧਿਆਣਾਃ 18 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
(ਸੱਰੀ) ਕੈਨੇਡਾ ਵਾਸੀ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ “ਮਨ ਬਉਰਾ” ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਲੋਕ ਅਰਪਣ ਕਰਦਿਆਂ ਇਸ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਿੰਦੂ ਦਲਵੀਰ ਕੌਰ ਵਿਸਮਾਦੀ ਪਲਾਂ ਦੇ ਅੰਤਰੀਵ ਪਲਾਂ ਨੂੰ ਜਾਨਣਹਾਰੀ ਕਵਿੱਤਰੀ ਹੈ ਜਿਸ ਨੇ ਪੰਜਾਬੀ ਗ਼ਜ਼ਲ ਨੂੰ ਨਵਾਂ ਨਿਵੇਕਲਾ ਪਰਮਾਰਥੀ ਮੁਹਾਂਦਰਾ ਪ੍ਰਦਾਨ ਕੀਤਾ ਹੈ। ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਉਸਨੇ ਹਮੇਸ਼ਾਂ ਕਲਮ ਅਜ਼ਮਾਈ ਕੀਤੀ ਹੈ। ਆਪਣੇ ਇਸ ਤੀਸਰੇ ਗ਼ਜ਼ਲ ਸੰਗ੍ਰਹਿ ਮਨ ਬਉਰਾ ਤੋਂ ਪਹਿਲਾਂ ਉਹ ਸੁਰ ਇਲਾਹੀ ਤੇ ਹਰਫ਼ ਇਲਾਹੀ ਵਿੱਚ ਵੀ ਆਪਣੀ ਕਲਮ ਦਾ ਲੋਹਾ ਮੰਨਵਾ ਚੁੱਕੀ ਹੈ। ਚੌਕੀਮਾਨ(ਲੁਧਿਆਣਾ) ਦੀ ਜੰਮਪਲ ਇਹ ਕਵਿੱਤਰੀ ਬਚਪਨ ਤੋਂ ਹੀ ਰੰਗਾਂ ਤੇ ਸ਼ਬਦਾਂ ਨਾਲ ਖੇਡਣ ਲੱਗ ਪਈ ਸੀ। ਪਰਿਵਾਰਕ ਨੇੜ ਦੇ ਆਧਾਰ ਤੇ ਮੈਂ ਇਹ ਕਹਿਣ ਦਾ ਹੱਕ ਰੱਖਦਾ ਹਾਂ ਕਿ ਕਵਿਤਾ ਦੀ ਗੁੜ੍ਹਤੀ ਉਸ ਨੇ ਆਪਣੇ ਮਾਮਾ ਜੀ ਤੇ ਯੂ ਕੇ ਵੱਸਦੇ ਪੰਜਾਬੀ ਕਵੀ ਡਾ. ਤਾਰਾ ਸਿੰਘ ਆਲਮ ਤੋਂ ਹਾਸਲ ਕੀਤੀ ਹੈ।
ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਦੀ ਉਮਰ ਭਾਵੇਂ ਸਿਰਫ਼ ਇੱਕ ਸਦੀ ਹੀ ਹੈ ਪਰ ਇਸ ਸਦੀ ਦੌਰਾਨ ਇਸਤਰੀ ਗ਼ਜ਼ਲਰਾਰਾਂ ਸਪਨ ਮਾਲਾ, ਸੁਰਜੀਤ ਸਖੀ, ਕਮਲ ਇਕਾਰਸ਼ੀ, ਸੁਖਵਿੰਦਰ ਅੰਮ੍ਰਿਤ, ਅਨੂ ਬਾਲਾ, ਸਿਮਰਨਜੋਤ ਮਾਨ, ਅਮਰਜੀਤ ਕੌਰ ਅਮਰ, ਗੁਰਚਰਨ ਕੌਰ ਕੋਚਰ ਤੇ ਮਨ ਮਾਨ ਨੇ ਕਹਿਣ ਸੁਣਨ ਯੌਗ ਹਿੱਸਾ ਪਾਇਆ ਹੈ ਪਰ ਬਿੰਦੂ ਦਾ ਰਚਨਾ ਸੰਸਾਰ ਬਿਲਕੁਲ ਨਿਵੇਕਲਾ ਅਤੇ ਵਿਸਮਾਦ ਜਗਤ ਦੀ ਅੰਦਰੂਨੀ ਥਾਹ ਪਾਉਣ ਵਾਲਾ ਹੈ।
ਪ੍ਰਸਿੱਧ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਗ਼ਜ਼ਲਾਂ ਸਿਰਫ਼ ਮਨ ਮੰਦਰ ਦੀ ਯਾਤਰਾ ਹੀ ਨਹੀਂ ਸਗੋਂ ਮਨ ਦੀਆਂ ਖਿੜਕੀਆਂ ਖੋਲਣ ਵਾਲੀ ਵੀ ਹੈ। ਇਸ ਵਿਚਲੀ ਸੰਗੀਤਕਤਾ ਮਨ ਮੋਹਕ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ ਨੇ ਵੀ ਇਸ ਪੁਸਤਕ ਦੇ ਸੱਜਰੇਪਨ ਨੂੰ ਸਲਾਹਿਆ। ਪ੍ਰਸਿੱਧ ਚਿੱਤਰਕਾਰ ਜਸਵੰਤ ਸਿੰਘ ਟੋਰੰਟੋ ਨੇ ਇਸ ਦੇ ਨਖ ਸ਼ਿਖ ਸੰਵਾਰੇ ਹਨ।
