ਅੱਜ ਦਾ ਮਨੁੱਖ ਤਕਨਾਲੋਜੀ ਦੇ ਚਰਮ ‘ਤੇ ਖੜਾ ਹੈ। ਇੰਟਰਨੈੱਟ, ਆਰਟੀਫ਼ੀਸ਼ਲ ਇੰਟੈਲੀਜੈਂਸ, ਅਤੇ ਸਮਾਰਟਫੋਨ ਨੇ ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਨ੍ਹਾਂ ਵਿੱਚੋਂ ਮੋਬਾਇਲ ਫੋਨ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਚੁੱਕਾ ਹੈ। ਮੋਬਾਇਲ ਸਿਰਫ਼ ਗੱਲਬਾਤ ਕਰਨ ਦਾ ਜਰੀਆ ਨਹੀਂ ਰਹਿ ਗਿਆ, ਬਲਕਿ ਇਹ ਸਾਡੀ ਜ਼ਿੰਦਗੀ ਦਾ ਕੇਂਦਰ ਬਣ ਗਿਆ ਹੈ। ਪਰ ਇਹ ਕੇਂਦਰ ਇੱਕ “ਸ਼ੀਸ਼ੇ ਦੀ ਦੁਨੀਆਂ” ਵਾਂਗ ਹੈ—ਜਿੱਥੇ ਸਭ ਕੁਝ ਦਿਖਾਈ ਤਾਂ ਦਿੰਦਾ ਹੈ, ਪਰ ਅਸਲ ਨਹੀਂ ਹੁੰਦਾ।
ਇਹ ਸ਼ੀਸ਼ੇ ਦੀ ਦੁਨੀਆਂ ਸਾਨੂੰ ਆਕਰਸ਼ਿਤ ਕਰਦੀ ਹੈ, ਸਾਨੂੰ ਖੁਸ਼ੀ ਦਿੰਦੀ ਹੈ, ਪਰ ਹੌਲੀ-ਹੌਲੀ ਇਹ ਸਾਨੂੰ ਆਪਣੇ ਵੱਸ ਵਿੱਚ ਕਰ ਲੈਂਦੀ ਹੈ। ਅਸੀਂ ਇਸ ਵਿੱਚ ਇੰਨਾ ਡੁੱਬ ਜਾਂਦੇ ਹਾਂ ਕਿ ਅਸਲ ਜ਼ਿੰਦਗੀ ਤੋਂ ਕੱਟ ਜਾਂਦੇ ਹਾਂ।
ਸਵੇਰੇ ਅੱਖ ਖੁੱਲਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਅਸੀਂ ਮੋਬਾਇਲ ਨਾਲ ਜੁੜੇ ਰਹਿੰਦੇ ਹਾਂ। ਇਹ ਇੱਕ ਛੋਟਾ ਜਿਹਾ ਯੰਤਰ ਹੁਣ ਸਾਡਾ ਦੋਸਤ, ਅਧਿਆਪਕ, ਮਨੋਰੰਜਨ ਦਾ ਸਾਧਨ ਅਤੇ ਸਾਡਾ ਸਾਥੀ ਤੱਕ ਵੀ ਬਣ ਗਿਆ ਹੈ। ਪਰ ਇਸ ਮੋਬਾਇਲ ਦੀ ਸਕਰੀਨ—ਇੱਕ “ਸ਼ੀਸ਼ੇ ਦੀ ਦੁਨੀਆਂ”—ਸਾਨੂੰ ਜਿੱਥੇ ਇਕ ਪਾਸੇ ਆਕਰਸ਼ਿਤ ਕਰਦੀ ਹੈ, ਉੱਥੇ ਦੂਜੇ ਪਾਸੇ ਸਾਨੂੰ ਇੱਕ “ਕੈਦੀ” ਵੀ ਬਣਾ ਰਹੀ ਹੈ।
ਮੈਂ ਜੋ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉਹ ਇਸੇ ਵਿਸ਼ੇ ‘ਤੇ ਹੀ ਕੇਂਦਰਿਤ ਹੈ ਕਿ ਕਿਵੇਂ ਮੋਬਾਇਲ ਦੀ ਸ਼ੀਸ਼ੇ ਵਰਗੀ ਦੁਨੀਆਂ ਸਾਨੂੰ ਮੋਹ ਲੈਂਦੀ ਹੈ ਅਤੇ ਅਸੀਂ ਕਿਵੇਂ ਹੌਲੀ-ਹੌਲੀ ਇਸ ਦੇ ਕੈਦੀ ਬਣ ਜਾਂਦੇ ਹਾਂ।
ਮੋਬਾਇਲ — ਆਧੁਨਿਕ ਸ਼ੀਸ਼ਾ
ਮੋਬਾਇਲ ਦੀ ਸਕਰੀਨ ਨੂੰ ਸ਼ੀਸ਼ੇ ਨਾਲ ਤੁਲਨਾ ਕਰਨਾ ਬਿਲਕੁਲ ਠੀਕ ਹੈ। ਜਿਵੇਂ ਸ਼ੀਸ਼ਾ ਸਾਡੀ ਤਸਵੀਰ ਦਿਖਾਉਂਦਾ ਹੈ, ਤਿਵੇਂ ਮੋਬਾਇਲ ਸਾਨੂੰ ਦੁਨੀਆਂ ਦੀ ਤਸਵੀਰ ਦਿਖਾਉਂਦਾ ਹੈ। ਪਰ ਇਸ ਵਿੱਚ ਇੱਕ ਵੱਡਾ ਫਰਕ ਹੈ—ਸ਼ੀਸ਼ਾ ਸੱਚ ਦਿਖਾਉਂਦਾ ਹੈ, ਜਦਕਿ ਮੋਬਾਇਲ ਸਿਰਫ਼ ਉਹੀ ਦਿਖਾਉਂਦਾ ਹੈ ਜੋ ਦਿਖਾਇਆ ਜਾਣਾ ਚਾਹੁੰਦਾ ਹੈ।ਮੋਬਾਇਲ ਦੀ ਸਕਰੀਨ ਸਾਨੂੰ ਦੁਨੀਆਂ ਦੇ ਦ੍ਰਿਸ਼ ਦਿਖਾਉਂਦੀ ਹੈ—ਵੀਡੀਓ, ਤਸਵੀਰਾਂ, ਖ਼ਬਰਾਂ ਅਤੇ ਸੋਸ਼ਲ ਮੀਡੀਆ ਦੇ ਪੋਸਟ।ਪਰ ਇਹ ਸਾਰਾ ਕੁਝ ਚੁਣਿਆ ਹੋਇਆ ਹੁੰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੋਕ ਆਪਣੀ ਜ਼ਿੰਦਗੀ ਦੇ ਸਭ ਤੋਂ ਸੁੰਦਰ ਪਲ ਸਾਂਝੇ ਕਰਦੇ ਹਨ। ਫਿਲਟਰਾਂ ਅਤੇ ਐਡੀਟਿੰਗ ਦੀ ਮਦਦ ਨਾਲ ਇੱਕ ਆਮ ਤਸਵੀਰ ਨੂੰ ਵੀ ਖ਼ੂਬਸੂਰਤ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਆਭਾਸੀ ਦੁਨੀਆਂ ਬਣ ਜਾਂਦੀ ਹੈ।ਜਿੱਥੇ ਸਭ ਕੁਝ ਬਿਹਤਰ ਲੱਗਦਾ ਹੈ।
ਆਕਰਸ਼ਣ ਦਾ ਜਾਲ
ਮੋਬਾਇਲ ਦੀ ਦੁਨੀਆਂ ਬਹੁਤ ਆਕਰਸ਼ਕ ਹੈ। ਇਸ ਵਿੱਚ ਗੇਮਾਂ, ਵੀਡੀਓ, ਫਿਲਮਾਂ, ਸੰਗੀਤ, ਅਤੇ ਅਣਗਿਣਤ ਐਪਲੀਕੇਸ਼ਨ ਹਨ। ਹਰ ਐਪਲੀਕੇਸ਼ਨ ਸਾਨੂੰ ਹੋਰ ਸਮਾਂ ਬਿਤਾਉਣ ਲਈ ਉਤਸ਼ਾਹਿਤ ਕਰਦੀ ਹੈ।
ਨੋਟੀਫਿਕੇਸ਼ਨ ਦੀ ਆਵਾਜ਼, ਲਾਈਕ ਅਤੇ ਕੁਮੈਂਟ ਸਾਨੂੰ ਖੁਸ਼ੀ ਦਿੰਦੇ ਹਨ। ਇਹ ਖੁਸ਼ੀ ਅਸਥਾਈ ਹੁੰਦੀ ਹੈ, ਪਰ ਇਸ ਦੀ ਆਦਤ ਪੈ ਜਾਂਦੀ ਹੈ। ਅਸੀਂ ਵਾਰ-ਵਾਰ ਮੋਬਾਇਲ ਚੈੱਕ ਕਰਦੇ ਹਾਂ—ਕੋਈ ਨਵਾਂ ਸੁਨੇਹਾ ਆਇਆ ਹੈ ਜਾਂ ਨਹੀਂ। ਇਹੀ ਆਦਤ ਹੌਲੀ-ਹੌਲੀ ਨਸ਼ੇ ਵਿੱਚ ਬਦਲ ਜਾਂਦੀ ਹੈ।
ਆਭਾਸੀ ਖੁਸ਼ੀ ਵਿਰੁੱਧ ਅਸਲੀ ਖੁਸ਼ੀ
ਮੋਬਾਇਲ ਸਾਨੂੰ ਜੋ ਖੁਸ਼ੀ ਦਿੰਦਾ ਹੈ, ਉਹ ਅਸਲੀ ਨਹੀਂ ਹੁੰਦੀ। ਇਹ ਸਿਰਫ ਕੁਝ ਪਲਾਂ ਲਈ ਹੁੰਦੀ ਹੈ। ਜਦੋਂ ਅਸੀਂ ਮੋਬਾਇਲ ਨੂੰ ਇੱਕ ਪਾਸੇ ਰੱਖਦੇ ਹਾਂ, ਤਾਂ ਅਸੀਂ ਫਿਰ ਖਾਲੀਪਣ ਮਹਿਸੂਸ ਕਰਦੇ ਹਾਂ।ਅਸਲੀ ਖੁਸ਼ੀ ਪਰਿਵਾਰ ਨਾਲ ਸਮਾਂ ਬਿਤਾਉਣ ਵਿੱਚ, ਦੋਸਤਾਂ ਨਾਲ ਮਿਲਣ ਵਿੱਚ ਅਤੇ ਕੁਦਰਤ ਨਾਲ ਜੁੜਨ ਵਿੱਚ ਹੈ। ਪਰ ਮੋਬਾਇਲ ਸਾਨੂੰ ਇਹਨਾਂ ਸਭ ਤੋਂ ਦੂਰ ਕਰ ਦਿੰਦਾ ਹੈ।
ਕੈਦੀ ਬਣਨ ਦੀ ਪ੍ਰਕਿਰਿਆ
ਮੋਬਾਇਲ ਦਾ ਇਸਤੇਮਾਲ ਸ਼ੁਰੂ ਵਿੱਚ ਇੱਕ ਸਹੂਲਤ ਹੁੰਦਾ ਹੈ, ਪਰ ਹੌਲੀ-ਹੌਲੀ ਇਹ ਆਦਤ ਬਣ ਜਾਂਦਾ ਹੈ। ਜਦੋਂ ਅਸੀਂ ਇਸ ਦੇ ਬਿਨਾਂ ਰਹਿ ਨਹੀਂ ਸਕਦੇ, ਤਾਂ ਅਸੀਂ ਇਸ ਦੇ ਕੈਦੀ ਬਣ ਜਾਂਦੇ ਹਾਂ।ਅਸੀਂ ਹਰ ਵੇਲੇ ਮੋਬਾਇਲ ਨਾਲ ਜੁੜੇ ਰਹਿੰਦੇ ਹਾਂ। ਅਸੀਂ ਆਪਣੇ ਕੰਮਾਂ ਵਿੱਚ ਧਿਆਨ ਨਹੀਂ ਦੇ ਸਕਦੇ। ਅਸੀਂ ਨੀਂਦ ਘੱਟ ਲੈਂਦੇ ਹਾਂ,
ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਗੱਲਬਾਤ ਘੱਟ ਕਰਦੇ ਹਾਂ।ਇਹ ਸਾਰੇ ਲੱਛਣ ਇੱਕ ਕੈਦੀ ਦੀ ਜ਼ਿੰਦਗੀ ਨੂੰ ਹੀ ਤਾਂ ਦਰਸਾਉਂਦੇ ਹਨ।
ਸਮਾਜਿਕ ਪ੍ਰਭਾਵ
ਮੋਬਾਇਲ ਦੇ ਅਧਿਕ ਵਰਤੋਂ ਨਾਲ ਸਮਾਜ ‘ਤੇ ਵੀ ਅਸਰ ਪੈਂਦਾ ਹੈ। ਪਰਿਵਾਰਕ ਸੰਬੰਧ ਕਮਜ਼ੋਰ ਹੋ ਜਾਂਦੇ ਹਨ। ਲੋਕ ਇੱਕ ਹੀ ਘਰ ਵਿੱਚ ਰਹਿ ਕੇ ਵੀ ਇੱਕ-ਦੂਜੇ ਨਾਲ ਗੱਲ ਨਹੀਂ ਕਰਦੇ।ਦੋਸਤੀ ਵੀ ਹੁਣ ਆਨਲਾਈਨ ਹੋ ਗਈ ਹੈ। ਅਸਲ ਮਿਲਣ-ਜੁਲਣ ਘੱਟ ਹੋ ਗਿਆ ਹੈ। ਇਸ ਨਾਲ ਮਨੁੱਖੀ ਸੰਬੰਧਾਂ ਦੀ ਗਹਿਰਾਈ ਘਟ ਰਹੀ ਹੈ।
ਮਾਨਸਿਕ ਅਤੇ ਸਰੀਰਕ ਪ੍ਰਭਾਵ
ਮੋਬਾਇਲ ਦੀ ਲੰਬੀ ਵਰਤੋਂ ਸਾਡੇ ਸਿਹਤ ‘ਤੇ ਵੀ ਅਸਰ ਪਾਂਦੀ ਹੈ।ਮੋਬਾਇਲ ਦੀ ਜਿਆਦਾ ਵਰਤੋਂ ਨਾਲ ਤਣਾਅ , ਚਿੰਤਾ, ਡਿਪ੍ਰੈਸ਼ਨ ਅਤੇ ਧਿਆਨ ਦੀ ਕਮੀ ਆਦਿ ਰੋਗ ਉਤਪੰਨ ਹੁੰਦੇ ਹਨ। ਇਸ ਤੋਂ ਇਲਾਵਾ ਸਰੀਰਕ ਪ੍ਰਭਾਵ ਜਿਵੇਂ ਅੱਖਾਂ ਦੀ ਸਮੱਸਿਆ,ਗਰਦਨ ਅਤੇ ਪਿੱਠ ਦਰਦ,
ਨੀਂਦ ਦੀ ਕਮੀ ਆਦਿ ਇਹ ਸਾਰੇ ਪ੍ਰਭਾਵ ਸਾਨੂੰ ਹੌਲੀ-ਹੌਲੀ ਕਮਜ਼ੋਰ ਕਰਦੇ ਹਨ।
ਨੌਜਵਾਨ ਪੀੜ੍ਹੀ ‘ਤੇ ਪ੍ਰਭਾਵ
ਨੌਜਵਾਨ ਪੀੜ੍ਹੀ ਮੋਬਾਇਲ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਵਿਦਿਆਰਥੀ ਆਪਣੀ ਪੜਾਈ ਤੋਂ ਵੱਧ ਸਮਾਂ ਮੋਬਾਇਲ ‘ਤੇ ਬਿਤਾਉਂਦੇ ਹਨ।ਗੇਮਾਂ ਅਤੇ ਸੋਸ਼ਲ ਮੀਡੀਆ ਉਹਨਾਂ ਦਾ ਧਿਆਨ ਭਟਕਾਉਂਦੇ ਹਨ। ਇਸ ਨਾਲ ਉਹਨਾਂ ਦੀ ਸਿੱਖਿਆ ਅਤੇ ਭਵਿੱਖ‘ਤੇ ਨਕਾਰਾਤਮਕ ਅਸਰ ਪੈਂਦਾ ਹੈ।
ਮੋਬਾਇਲ ਦੇ ਸਕਾਰਾਤਮਕ ਪੱਖ
ਮੋਬਾਇਲ ਦੇ ਸਿਰਫ਼ ਨਕਾਰਾਤਮਕ ਪੱਖ ਨਹੀਂ ਹਨ। ਇਹ ਸਾਡੀ ਜ਼ਿੰਦਗੀ ਨੂੰ ਬਿਹਤਰ ਵੀ ਬਣਾਉਂਦਾ ਹੈ।
ਸਿੱਖਿਆ ਲਈ ਆਨਲਾਈਨ ਸਰੋਤ, ਦੁਨੀਆਂ ਨਾਲ ਜੁੜਨ ਦੀ ਸਹੂਲਤ, ਐਮਰਜੈਂਸੀ ਵਿੱਚ ਮਦਦ, ਕੰਮ ਨੂੰ ਆਸਾਨ ਬਣਾਉਣਾ ਆਦਿ। ਜੇਕਰ ਆਖ ਦੇਈਏ ਕਿ
ਮੋਬਾਇਲ ਖੁਦ ਸਮੱਸਿਆ ਨਹੀਂ ਹੈ—ਇਸ ਦਾ ਗਲਤ ਇਸਤੇਮਾਲ ਸਮੱਸਿਆ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ।
ਸੰਤੁਲਨ ਦੀ ਲੋੜ
ਮੋਬਾਇਲ ਦੇ ਸਹੀ ਇਸਤੇਮਾਲ ਲਈ ਸੰਤੁਲਨ ਬਹੁਤ ਜ਼ਰੂਰੀ ਹੈ।ਦਿਨ ਵਿੱਚ ਨਿਰਧਾਰਿਤ ਸਮਾਂ ਹੀ ਮੋਬਾਇਲ ਵਰਤੋ,ਸੌਣ ਤੋਂ ਪਹਿਲਾਂ ਮੋਬਾਇਲ ਤੋਂ ਦੂਰ ਰਹੋ, ਪਰਿਵਾਰ ਨਾਲ ਸਮਾਂ ਬਿਤਾਓ, ਆਉਟਡੋਰ ਗਤੀਵਿਧੀਆਂ ਵਿੱਚ ਹਿੱਸਾ ਲਓ। ਇਹ ਸਭ ਸਾਡੀ ਜਿੰਦਗੀ ਨੂੰ ਖੁਸ਼ਗਵਾਰ ਬਣਾਉਂਦੀਆ ਹਨ।
ਹੱਲ ਅਤੇ ਜਾਗਰੂਕਤਾ
ਸਾਨੂੰ ਆਪਣੇ ਆਪ ਨੂੰ ਇਸ ਕੈਦ ਤੋਂ ਬਚਾਉਣ ਲਈ ਜਾਗਰੂਕ ਹੋਣਾ ਪਵੇਗਾ।ਇਸ ਲਈ ਸਭ ਤੋਂ ਪਹਿਲਾਂ
ਡਿਜ਼ਿਟਲ ਡੀਟੌਕਸ ਕਰੋ, ਨੋਟੀਫਿਕੇਸ਼ਨ ਘੱਟ ਕਰੋ,
ਮੋਬਾਇਲ ਤੋਂ ਬਿਨਾਂ ਸਮਾਂ ਬਿਤਾਉਣ ਦੀ ਆਦਤ ਬਣਾਓ।
ਅੰਤ ਵਿੱਚ ਮੈਂ ਏਹੀ ਆਖਾਂਗਾ ਕਿ ਮੋਬਾਇਲ ਦੀ ਸ਼ੀਸ਼ੇ ਵਾਲੀ ਦੁਨੀਆਂ ਬਹੁਤ ਆਕਰਸ਼ਕ ਹੈ, ਪਰ ਇਹ ਸਿਰਫ ਇੱਕ ਭਰਮ ਹੈ। ਜੇ ਅਸੀਂ ਇਸ ਵਿੱਚ ਜ਼ਿਆਦਾ ਡੁੱਬ ਜਾਂਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਕੈਦ ਕਰ ਲੈਂਦੇ ਹਾਂ।
ਅਸਲ ਜ਼ਿੰਦਗੀ ਦੀ ਖੁਸ਼ੀ ਮੋਬਾਇਲ ਵਿੱਚ ਨਹੀਂ, ਸਗੋਂ ਸਾਡੇ ਆਲੇ-ਦੁਆਲੇ ਹੈ। ਇਸ ਲਈ ਸਾਨੂੰ ਮੋਬਾਇਲ ਨੂੰ ਆਪਣਾ ਸਾਧਨ ਬਣਾਉਣਾ ਚਾਹੀਦਾ ਹੈ, ਨਾ ਕਿ ਆਪਣੇ ਆਪ ਨੂੰ ਇਸ ਦਾ ਕੈਦੀ ਬਣਾਉਣਾ ਚਾਹੀਦਾ ਹੈ।

ਸੰਦੀਪ ਦਿਉੜਾ
8437556667
