ਲੁਧਿਆਣਾ 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਚੱਜੀ ਅਗਵਾਈ ਵਿੱਚ ਵਿਭਾਗ ਦੁਆਰਾ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸਮਾਗਮਾਂ ਦੀ ਇਸੇ ਕੜੀ ਵਿੱਚ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਅਤੇ ਸਿਰਜਣਾਤਮਕ ਬਿਰਤੀ ਤੇ ਕਲਪਨਾ਼ਸ਼ੀਲਤਾ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ਼ ਪੰਜਾਬੀ ਕਵਿਤਾ ਗਾਇਨ ਅਤੇ ਸਾਹਿਤ ਸਿਰਜਨ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਜ਼ਿਲ੍ਹਿਆ ਵਿੱਚੋਂ ਜੇਤੂ ਵਿਦਿਆਰਥੀਆਂ ਦੇ ਮੁਕਾਬਲੇ ਰਾਜ ਪੱਧਰ ਉੱਤੇ ਕਰਵਾਏ ਜਾਂਦੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਸਰਕਾਰੀ ਕਾਲਜ ਈਸਟ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ। ਮੁਕਾਬਲਿਆਂ ਦੇ ਸੰਚਾਲਨ ਵਿੱਚ ਇੰਚਾਰਜ ਪ੍ਰਿੰਸੀਪਲ ਕਮਲ ਕਿਸ਼ੋਰ ਅਤੇ ਕਾਲਜ ਪ੍ਰਸ਼ਾਸਨ ਦੁਆਰਾ ਸੁਹਿਰਦ ਭੂਮਿਕਾ ਨਿਭਾਈ ਗਈ। ਮੁਕਾਬਲਿਆਂ ਲਈ ਚਾਰ ਵਿਧਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਇਨ੍ਹਾਂ ਵਿੱਚ ਕਵਿਤਾ ਗਾਇਨ, ਲੇਖ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਰਚਨਾ ਸ਼ਾਮਿਲ ਹਨ।
ਮੁਕਾਬਲਿਆਂ ਵਿੱਚ ਸੁਖਵਿੰਦਰ ਸਿੰਘ, ਅਵਨੀਤ ਕੌਰ ਅਤੇ ਰਹਿਤਰੀਤ ਕੌਰ ਨੇ ਕਵਿਤਾ ਗਾਇਨ ਵਿੱਚ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਰਿਸ਼ਾ, ਗੁਰਸ਼ਰਨ ਸਿੰਘ ਤੇ ਖੁਸ਼ਲੀਨ ਕੌਰ ਨੇ ਕਹਾਣੀ ਲੇਖਣ, ਕਸ਼ਿਸ਼, ਹੰਸਪ੍ਰੀਤ ਕੌਰ ਤੇ ਸੁਖਮਨ ਕੌਰ ਨੇ ਲੇਖ ਰਚਨਾ, ਨਵਰਾਜਪ੍ਰੀਤ ਸਿੰਘ ਸੇਖੋਂ, ਅਰਮਾਨ ਤੇ ਸੁਖਜੀਤ ਸਿੰਘ ਨੇ ਕਵਿਤਾ ਲੇਖਣ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਹਰੇਕ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਵੰਬਰ ਵਿੱਚ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵਜੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।। ਪ੍ਰੋ, ਸੁਰਿੰਦਰ ਖੰਨਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ ਦੀਪਕ ਕੁਮਾਰ ਅਤੇ ਪ੍ਰੋ ਮਨਪ੍ਰੀਤ ਕੌਰ ਨੇ ਜਜਮੈਂਟ ਦੀ ਡਿਉਟੀ ਬਾਖ਼ੂਬੀ ਨਿਭਾਈ।। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਦੌਰ ਵਿੱਚ ਮਾਨਵੀ ਸੰਵੇਦਨਾ ਨੂੰ ਬਚਾ ਕੇ ਰੱਖਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਅਤੇ ਇਹੋ ਜਿਹੇ ਉਪਰਾਲੇ ਇਸ ਵਿੱਚ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਮੁਕਾਬਲੇ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਵਿਦਿਆਰਥੀਆਂ ਦੀ ਸਾਂਝ ਪੈਦਾ ਕਰਦੇ ਹਨ ਉੱਥੇ ਹੀ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਵੀ ਕਰਦੇ ਹਨ। ਪ੍ਰਿੰਸੀਪਲ ਕਮਲ ਕਿਸ਼ੋਰ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਇਸ ਦੌਰ ਸਮਾਜ ਲਈ ਇਨ੍ਹਾਂ ਦਾ ਹੋਣਾ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਉੱਤੇ ਹਮੇਸ਼ਾ ਮਾਣ ਕਰਨਾ ਚਾਹੀਦਾ ਹੈ। ਇਸ ਕਾਲਜ ਸਟਾਫ, ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਅਤੇ ਵਿਦਿਆਰਥੀਆਂ ਨਾਲ਼ ਆਏ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

