ਇਹ ਸਵਾਲ ਹੀ ਰੋਂਦਾ ਹੈ ਜੀ…
ਮਾਂ… ਜਿਸ ਨੇ ਨੌਂ ਮਹੀਨੇ ਢਿੱਡ ਵਿੱਚ ਰੱਖਿਆ, ਆਪਣਾ ਖੂਨ ਦੁੱਧ ਬਣਾ ਕੇ ਪਿਆਇਆ, ਰਾਤਾਂ ਨੂੰ ਗਿੱਲੇ ਵਿੱਚ ਪੈ ਕੇ ਬੱਚੇ ਨੂੰ ਸੁੱਕੇ ਵਿੱਚ ਸੁਆਇਆ।
ਅੱਜ ਉਹੀ ਮਾਂ ਜਦੋਂ ਬੁੱਢੀ ਹੋ ਜਾਂਦੀ ਹੈ, ਤਾਂ ਉਸ ਕੋਲ ਜਾਣ ਲਈ ਕੋਈ ਥਾਂ ਨਹੀਂ ਬਚਦੀ।
ਮਾਵਾਂ ਕਿੱਧਰ ਜਾਣ?
ਧੀ ਦੇ ਘਰ ਜਾਵੇ ਤਾਂ ਲੋਕ ਕੀ ਕਹਿਣਗੇ – “ਮੁੰਡਿਆਂ ਹੁੰਦਿਆਂ ਧੀ ਕੋਲ ਆ ਗਈ”
ਪੁੱਤ ਦੇ ਘਰ ਰਹੇ ਤਾਂ ਨੂੰਹ ਦੇ ਤਾਅਨੇ – “ਸਾਰਾ ਦਿਨ ਬੈਠੀ ਰਹਿੰਦੀ ਏ, ਕੰਮ ਨੂੰ ਹੱਥ ਨਹੀਂ ਲਾਉਂਦੀ”
ਗੁਰਦੁਆਰੇ ਜਾ ਕੇ ਬੈਠ ਜਾਵੇ ਤਾਂ ਦਿਲ ਵਿੱਚ ਔਲਾਦ ਦੀ ਚਿੰਤਾ – “ਪਤਾ ਨਹੀਂ ਮੇਰੇ ਬਿਨ ਘਰ ਕਿਵੇਂ ਚੱਲਦਾ ਹੋਊ”
ਮਾਂ ਕਿਤੇ ਨਹੀਂ ਜਾਂਦੀ ਜੀ, ਮਾਂ ਤਾਂ ਉੱਥੇ ਹੀ ਘੁੱਟ-ਘੁੱਟ ਕੇ ਮਰਦੀ ਹੈ।
ਮਾਂ ਦਾ ਦਰਦ ਕੀ ਹੁੰਦਾ ਹੈ?
ਮਾਂ ਕਦੇ ਨਹੀਂ ਕਹਿੰਦੀ ਮੈਨੂੰ ਭੁੱਖ ਲੱਗੀ ਹੈ, ਉਹ ਕਹਿੰਦੀ ਹੈ “ਪੁੱਤ ਤੂੰ ਖਾ ਲਿਆ?”
ਮਾਂ ਕਦੇ ਨਹੀਂ ਕਹਿੰਦੀ ਮੈਂ ਥੱਕ ਗਈ ਹਾਂ, ਉਹ ਕਹਿੰਦੀ ਹੈ “ਪੁੱਤ ਤੂੰ ਆਰਾਮ ਕਰ ਲੈ”
ਮਾਂ ਕਦੇ ਨਹੀਂ ਕਹਿੰਦੀ ਮੈਨੂੰ ਦਵਾਈ ਲੈ ਦਿਓ, ਉਹ ਦਰਦ ਲੁਕਾ ਕੇ ਕਹਿੰਦੀ ਹੈ “ਮੈਂ ਠੀਕ ਹਾਂ”
ਤੇ ਜਦੋਂ ਉਹੀ ਪੁੱਤ ਕਹਿੰਦਾ ਹੈ – “ਮਾਂ ਤੂੰ ਸਮਝਦੀ ਨਹੀਂ, ਤੂੰ ਵਿਚ ਨਾ ਬੋਲ”
ਉਸ ਦਿਨ ਮਾਂ ਦੀ ਆਤਮਾ ਮਰ ਜਾਂਦੀ ਹੈ, ਸਰੀਰ ਤਾਂ ਬਸ ਦਿਨ ਗਿਣਦਾ ਹੈ।
ਰੱਬ ਸਭ ਕੁਝ ਦੇਖਦਾ ਹੈ ਜੀ। ਜਿਸ ਨੇ ਮਾਂ ਨੂੰ ਰਵਾਇਆ, ਉਹ ਕਦੇ ਸੁਖੀ ਨਹੀਂ ਵੱਸਦਾ। ਮਾਂ ਦੀਆਂ ਅੱਖਾਂ ਦਾ ਇੱਕ ਹੰਝੂ, ਸੱਤ ਜਨਮਾਂ ਦੀ ਤਰੱਕੀ ਨੂੰ ਖਾ ਜਾਂਦਾ ਹੈ।
ਜੇ ਘਰ ਵਿੱਚ ਮਾਂ ਹੈ ਤਾਂ ਉਸ ਦੇ ਪੈਰੀਂ ਹੱਥ ਲਾ ਲਿਆ ਕਰੋ, ਉਸ ਨੂੰ ਪੁੱਛ ਲਿਆ ਕਰੋ “ਮਾਂ ਤੂੰ ਠੀਕ ਹੈਂ?”
ਇਹ ਦੋ ਬੋਲ ਹੀ ਉਸ ਦੀ ਸਾਰੀ ਉਮਰ ਦੀ ਦਵਾਈ ਨੇ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
