*ਕੈਬਨਿਟ ਮੰਤਰੀ ਮੁੰਡੀਆਂ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਲੁਧਿਆਣਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ*
*ਭਗਵਾਨ ਵਾਲਮੀਕਿ ਜੀ ਨੇ ਸਮੁੱਚੀ ਮਾਨਵਤਾ ਨੂੰ ਸ਼ਾਂਤੀ, ਭਾਈਚਾਰਕ ਸਾਂਝ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਸੰਦੇਸ਼ ਦਿੱਤਾ: ਮੁੰਡੀਆਂ*

ਲੁਧਿਆਣਾ, 26 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਭਲਾਈ, ਨੈਤਿਕ ਕਦਰਾਂ-ਕੀਮਤਾਂ ਅਤੇ ਆਪਸੀ ਭਾਈਚਾਰਕ ਸਾਂਝ ਲਈ ਭਗਵਾਨ ਵਾਲਮੀਕਿ ਜੀ ਵੱਲੋਂ ਵਿਖਾਏ ਮਾਰਗ ’ਤੇ ਚੱਲਣ, ਤਾਂ ਜੋ ਅਜਿਹੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿੱਥੇ ਹਰ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਮਿਲਣ।
ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਐਤਵਾਰ ਨੂੰ ਸਥਾਨਕ ਦਰੇਸੀ ਗਰਾਊਂਡ ਵਿਖੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ੍ਰੀ ਮਦਨ ਲਾਲ ਬੱਗਾ, ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਦਾਨਵ ਅਤੇ ਵਾਲਮੀਕਿ ਸਮਾਜ ਨਾਲ ਸਬੰਧਤ ਹੋਰ ਆਗੂ ਵੀ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਮੁੰਡੀਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਅਤੇ ਆਦਿ ਕਵੀ ਸਨ, ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕਰਕੇ ਸਮੁੱਚੀ ਮਾਨਵਤਾ ਨੂੰ ਸੱਚਾਈ, ਨਿਆਂ, ਸਦਾਚਾਰ ਅਤੇ ਉੱਚੇ ਜੀਵਨ ਮੁੱਲਾਂ ਦਾ ਸੰਦੇਸ਼ ਦਿੱਤਾ। ਰਮਾਇਣ ਸਦੀਆਂ ਤੋਂ ਲੋਕਾਂ ਨੂੰ ਨੈਤਿਕਤਾ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਸਦਭਾਵਨਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਅਨਿਆਂ ਅਤੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ, ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਨ ਅਤੇ ਹਰ ਮਨੁੱਖ ਨਾਲ ਬਰਾਬਰੀ ਤੇ ਸਤਿਕਾਰ ਵਾਲਾ ਵਿਹਾਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਦੀ ਵਿਚਾਰਧਾਰਾ ਆਪਸੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਸ੍ਰੀ ਮੁੰਡੀਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਕਿਸੇ ਇੱਕ ਵਰਗ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਵਿੱਚ ਬਰਾਬਰੀ, ਸਦਭਾਵਨਾ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ। ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਕਰਕੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਭਗਵਾਨ ਵਾਲਮੀਕਿ ਤੀਰਥ ਸਥਲ ਦਾ ਕਰੋੜਾਂ ਰੁਪਏ ਨਾਲ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰੀ, ਭਾਈਚਾਰੇ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਦੇ ਹੋਏ ਸਮਾਜ ਦੀ ਬਿਹਤਰੀ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿੱਤੇ ਮਹਾਨ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹਨ, ਜੋ ਸਾਨੂੰ ਮਨੁੱਖਤਾ ਦਾ ਸਤਿਕਾਰ ਕਰਨ, ਸੱਚ ਦੇ ਮਾਰਗ ’ਤੇ ਚੱਲਣ ਅਤੇ ਸਮਾਜ ਦੀ ਭਲਾਈ ਦਾ ਸੰਦੇਸ਼ ਦਿੰਦੀਆਂ ਹਨ।
ਸੰਗਤ ਨੂੰ ਸੰਬੋਧਨ ਕਰਦਿਆਂ ਵਿਜੇ ਦਾਨਵ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਖਾਸ ਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸ਼ੋਭਾ ਯਾਤਰਾ ਵਿੱਚ ਧਾਰਮਿਕ ਸੰਤਗਣ ਸਾਹਿਬਾਨ ਅਤੇ ਧਾਰਮਿਕ ਆਗੂ ਜਿਨ੍ਹਾਂ ਵਿੱਚੋਂ ਮਾਤਾ ਉਸ਼ਾਮਤੀ ਦਾਵਿਤ, ਸ੍ਰੀ ਰਾਜੇਸ਼ ਢਾਂਡਾ ਜੀ, ਸ੍ਰੀ ਹਿਮਾਂਸੂ ਕਵਾਤਰਾ ਜੀ, ਮੁਹਮਦ ਉਸਮਾਨ ਲੁਧਿਆਨਵੀ ਜੀ, ਸ੍ਰੀ ਰਵਿੰਦਰ ਬਾਬਾ ਜੀ, ਸ੍ਰੀ ਬੰਟੀ ਬਾਬਾ ਜੀ, ਸ੍ਰੀ ਰਾਜੇਸ਼ ਰੁਦਰਾ ਜੀ, ਬਾਬਾ ਵਿਪਨਪ੍ਰੀਤ ਕੌਰ ਜੀ, ਪੰਡਿਤ ਅਜੈ ਵਸ਼ਿਸ਼ਟ ਜੀ, ਮਹੰਤ ਪ੍ਰਵੀਨ ਚੌਧਰੀ ਜੀ, ਸ੍ਰੀ ਸ੍ਰੀ 1008 ਮਹਾ-ਮੰਡਲੇਸ਼ਵਰ ਮਾਈ ਭੋਲੀਨੰਦ ਗਿਰਿ ਜੀ, ਬਾਬਾ ਕੁਲਵੰਤ ਭੱਲਾ ਜੀ, ਸ੍ਰੀ ਆਨੰਦ ਅੰਤਰੀ ਜੀ, ਬਾਬਾ ਵੀਬਾ ਸ਼ਾਹ ਜੀ, ਭਾਈ ਦਵਿੰਦਰ ਸੂਦ ਜੀ, ਸ੍ਰੀ ਆਨੰਦ ਕਿਸ਼ੋਰ ਜੀ, ਧਰਮੱਗਿਆ ਅਸ਼ੋਕ ਦੈਤਯ ਜੀ, ਵੀਰਸ੍ਰੇਸ਼ਠ ਸ਼ਤਿਲ ਆਦਿਵੰਸ਼ੀ ਜੀ, ਸ੍ਰੀ ਬਿੱਟੂ ਸਾਈਂ ਜੀ, ਪਾਸਟਰ ਆਲੀਸ਼ਾ ਮਸੀਹ ਜੀ, ਵੀ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਯਸ਼ਪਾਲ, ਅਕਸ਼ੇ ਰਾਜ, ਦੇਵਰਾਜ ਅਸੁਰ, ਸੰਜੇ ਦਿਸਾਵਰ, ਰੋਹਿਤ ਸਹੋਤਾ, ਵੀਰਸ੍ਰੇਸ਼ਠ ਵਿਮਲ ਭੱਟੀ, ਸੁਆਮੀ ਅਸ਼ਵਨੀ ਭੀਲ, ਕਨੋਜ ਦਾਨਵ, ਲਵ ਦ੍ਰਾਵਿੜ, ਸੁਧੀਰ ਧਾਲੀਵਾਲ, ਦੀਪੂ ਘਈ, ਸ਼ਾਮ ਬੋਹਤ, ਕਿਸ਼ਨਪਾਲ ਬੇਦੀ, ਮਹਿਕ ਸਿੰਘ ਚੌਹਾਨ, ਸੁਰਿੰਦਰ ਸੋਦਾਈ, ਅਜੇ ਬਿਰਲਾ ਅਤੇ ਹੋਰ ਮੋਹਤਵਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਮੌਜੂਦ ਸਨ।
