*ਭਰਤ ਮਿਲਾਪ ਉਤਸਵ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਅਤੇ ਭਰਾ ਭਰਤ ਦੇ ਤਿਆਗ ਤੇ ਪਿਆਰ ਦਾ ਪ੍ਰਤੀਕ : ਮੰਤਰੀ ਸੌਂਦ*
*‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ ਪਰਿਸਰ, ਸ਼ਰਧਾਲੂਆਂ ਨੇ ਸ਼ਰਧਾ ਭਾਵ ਨਾਲ ਲਿਆ ਪ੍ਰਭੂ ਦਾ ਆਸ਼ੀਰਵਾਦ*

ਖੰਨਾ, 27 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਮ ਮੰਦਰ ਖੰਨਾ ਵਿਖੇ ਦੁਸਹਿਰਾ ਉਤਸਵ ਕਮੇਟੀ ਖੰਨਾ ਵੱਲੋਂ ਭਰਤ ਮਿਲਾਪ ਉਤਸਵ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਪ੍ਰਭੂ ਸ੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਪਰਿਸਰ ਵਿੱਚ ਭਗਤੀਮਈ ਮਾਹੌਲ ਦੌਰਾਨ ਸ਼ਰਧਾਲੂਆਂ ਨੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਭਰਤ ਮਿਲਾਪ ਉਤਸਵ ਭਾਰਤੀ ਸੰਸਕ੍ਰਿਤੀ, ਪਰਿਵਾਰਕ ਪਿਆਰ, ਤਿਆਗ, ਸਮਰਪਣ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਅਤੇ ਉਨ੍ਹਾਂ ਦੇ ਛੋਟੇ ਭਰਾ ਭਰਤ ਦਾ ਮਿਲਾਪ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਰਿਸ਼ਤਿਆਂ ਵਿੱਚ ਪਿਆਰ, ਸਤਿਕਾਰ ਅਤੇ ਫ਼ਰਜ਼ ਦੀ ਭਾਵਨਾ ਸਭ ਤੋਂ ਉੱਪਰ ਹੁੰਦੀ ਹੈ। ਇਹ ਪ੍ਰਸੰਗ ਸਾਨੂੰ ਮਰਿਆਦਾ, ਨਿਮਰਤਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ।
ਸਮਾਗਮ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਸ਼ਾਮ 7 ਵਜੇ ਸ਼ਰਧਾਪੂਰਵਕ ਆਰਤੀ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਲਈ ਭੰਡਾਰੇ ਦੇ ਪ੍ਰਸਾਦ ਦਾ ਪ੍ਰਬੰਧ ਕੀਤਾ ਗਿਆ। ਪੂਰਾ ਮੰਦਰ ਪਰਿਸਰ ਧਾਰਮਿਕ ਉਤਸ਼ਾਹ ਅਤੇ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸ਼ਰਧਾਲੂਆਂ ਨੇ ਪ੍ਰਭੂ ਸ੍ਰੀ ਰਾਮ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਇਲਾਕੇ ਦੀ ਤਰੱਕੀ ਲਈ ਅਰਦਾਸ ਕੀਤੀ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਧਾਰਮਿਕ ਪਰੰਪਰਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨਾਲ ਜੋੜਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ। ਦੁਸਹਿਰਾ ਉਤਸਵ ਕਮੇਟੀ ਖੰਨਾ ਵੱਲੋਂ ਕਰਵਾਏ ਗਏ ਇਸ ਸਮਾਗਮ ਨੇ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਿਕ ਏਕਤਾ, ਆਪਸੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਪ੍ਰਬੰਧਕਾਂ ਨੇ ਸ਼ਰਧਾਲੂਆਂ ਦਾ ਸਵਾਗਤ ਕਰਦਿਆਂ ਸਾਰਿਆਂ ਨੂੰ ਧਾਰਮਿਕ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਭਾਰਤੀ ਸੰਸਕ੍ਰਿਤੀ ਤੇ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਸ੍ਰੀ ਰਾਮ ਮੰਦਰ ਦੇ ਮੁੱਖ ਟਰੱਸਟੀ ਦੁਆਰਕਾ ਦਾਸ, ਦੁਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਵਿਕਾਸ ਅਗਰਵਾਲ, ਉਪ ਪ੍ਰਧਾਨ ਰਾਕੇਸ਼ ਸ਼ਾਹੀ, ਜਨਰਲ ਸਕੱਤਰ ਲਵਲੇਸ਼ ਅਰੋੜਾ, ਕੈਸ਼ੀਅਰ ਮੋਹਿੰਦਰ ਅਰੋੜਾ, ਨਗਰ ਕੌਂਸਲ ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਉਪ ਪ੍ਰਧਾਨ ਕਰਮਜੀਤ ਸਿਫ਼ਤੀ, ਓਐੱਸਡੀ ਕਰੁਣ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ, ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ, ‘ਆਪ’ ਆਗੂ ਬਲਰਾਮ ਬਾਲੂ, ਟਰੇਡ ਵਿੰਗ ਖੰਨਾ ਦੇ ਚੇਅਰਮੈਨ ਵਿਕਾਸ ਭਾਟੀਆ, ਪੀਏ ਮਹੇਸ਼ ਕੁਮਾਰ, ਅਮਰਿੰਦਰ ਚਾਹਲ, ਮੁਸਲਿਮ ਵੈਲਫੇਅਰ ਬੋਰਡ ਖੰਨਾ ਦੇ ਚੇਅਰਮੈਨ ਰਮਜ਼ਾਨ ਖਾਨ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ, ‘ਆਪ’ ਦੇ ਯੂਥ ਆਗੂ ਕਰਨ ਵਰਮਾ, ਕੌਂਸਲਰ ਪਤੀ ਮਨੂ ਮਨੋਚਾ, ਕੌਂਸਲਰ ਪਤੀ ਬਲਵੀਰ ਰਾਏ, ਕੌਂਸਲਰ ਪ੍ਰਦੀਪ ਰਤਨ, ਕੌਂਸਲਰ ਪਤੀ ਮਨਿੰਦਰ ਸ਼ਰਮਾ, ਬਬਲੀ ਸਾਹਨੇਵਾਲੀਆ, ਰੋਹਿਤ ਅਗਰਵਾਲ, ਯੂਥ ਵਿੰਗ ਖੰਨਾ ਦੇ ਪ੍ਰਧਾਨ ਅਮਰਿੰਦਰ ਸਿੰਘ ਰੰਧਾਵਾ, ਦੇਵ ਮੌਰਿਆ ਸਮੇਤ ਹੋਰ ਪਤਵੰਤੇ ਸੱਜਣ ਅਤੇ ਰਾਮ ਭਗਤ ਹਾਜ਼ਰ ਸਨ।

