ਲੁਧਿਆਣਾ 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਅਮਨਦੀਪ ਕੌਰ ਨੇ ਬੀਤੇ ਦਿਨੀਂ ਖੋਜ ਅਤੇ ਕਾਢ ਵਿਸ਼ੇ ਵਿਚ ਖੇਤੀ ਨਵੀਨਤਾਵਾਂ ਬਾਰੇ ਹੋਈ ਵਿਸ਼ਵ ਖੇਤੀ ਕਾਨਫਰੰਸ ਵਿਚ ਦੋਹਰੇ ਇਨਾਮ ਆਪਣੀ ਝੋਲੀ ਪਾਏ| ਕੁਮਾਰੀ ਅਮਨਦੀਪ ਨੂੰ ਯੁਵਾ ਮਾਈਕ੍ਰੋਬਾਇਆਲੋਜੀ ਵਿਗਿਆਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਉਸ ਵੱਲੋਂ ਮੂੰਹ-ਜ਼ੁਬਾਨੀ ਪੇਸ਼ ਕੀਤੇ ਪੇਪਰ ਨੂੰ ਵੀ ਤੀਸਰਾ ਸਥਾਨ ਹਾਸਲ ਹੋਇਆ| ਇਹ ਪੇਪਰ ਉਸਨੇ ਸੁਰੱਖਿਅਤ ਅਤੇ ਖੁੱਲੇ ਖੇਤ ਵਿਚ ਫਸਲ ਸੰਭਾਲ ਥੀਮ ਤਹਿਤ ਪੇਸ਼ ਕੀਤਾ ਸੀ| ਜ਼ਿਕਰਯੋਗ ਹੈ ਕਿ ਡਾ. ਸੁਮਨ ਕੁਮਾਰੀ ਦੀ ਨਿਗਰਾਨੀ ਹੇਠ ਕੁਮਾਰੀ ਅਮਨਦੀਪ ਕੌਰ ਆਪਣਾ ਪੀ ਐੱਚ ਡੀ ਦਾ ਖੋਜ ਕਾਰਜ ਕਰ ਰਹੀ ਹੈ|
ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਵਿਦਿਆਰਥਣ ਅਤੇ ਉਹਨਾਂ ਦੀ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

