ਲੁਧਿਆਣਾ 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਯੂਨੀਵਰਸਿਟੀ ਤੋਂ ਅੰਕੜਾ ਵਿਗਿਆਨ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਬਲਵੰਤ ਸਿੰਘ ਨੇ ਆਪਣੀ ਮਾਤਾ ਸਰਦਾਰਨੀ ਸ਼ਾਮ ਕੌਰ ਦੀ ਨਿੱਘੀ ਯਾਦ ਵਿਚ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਚ ਪੀ ਐੱਚ ਡੀ ਕਰਨ ਵਾਲੇ ਖੋਜਾਰਥੀਆਂ ਦੀ ਸਕਾਲਰਸ਼ਿਪ ਲਈ 20 ਲੱਖ ਰੁਪਏ ਦੀ ਇਮਦਾਦ ਦਿੱਤੀ ਹੈ| ਇਸ ਮੌਕੇ ਡਾ. ਬਲਵੰਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਮਜ਼ਬੂਤੀ ਲਈ ਚੰਗੇ ਖੋਜਾਰਥੀਆਂ ਦਾ ਉਤਸ਼ਾਹਿਤ ਹੋਣਾ ਬਹੁਤ ਜ਼ਰੂਰੀ ਹੈ| ਉਹਨਾਂ ਆਸ ਪ੍ਰਗਟਾਈ ਕਿ ਲੋੜਵੰਦ ਵਿਦਿਆਰਥੀਆਂ ਨੂੰ ਇਸ ਇਮਦਾਦ ਰਾਹੀਂ ਲਾਭ ਹਾਸਲ ਹੋ ਸਕੇਗਾ|
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨੇਕ ਕਾਰਜ ਲਈ ਡਾ. ਬਲਵੰਤ ਸਿੰਘ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਇਹ ਕਾਰਜ ਨਾ ਸਿਰਫ ਨੌਜਵਾਨ ਖੋਜੀਆਂ ਨੂੰ ਹੋਰ ਦ੍ਰਿੜਤਾ ਨਾਲ ਖੋਜ ਦੇ ਪਾਸੇ ਜੋੜੇਗਾ ਬਲਕਿ ਇਸ ਨਾਲ ਕਈ ਸਾਬਕਾ ਵਿਦਿਆਰਥੀ ਆਪਣੇ ਪਿਆਰਿਆਂ ਦੀ ਯਾਦ ਸਦੀਵੀ ਰੱਖਣ ਵਾਸਤੇ ਪ੍ਰੇਰਨਾ ਲੈ ਸਕਣਗੇ|
ਹੋਰਨਾਂ ਤੋਂ ਇਲਾਵਾ ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਨੇ ਇਸ ਨੇਕ ਕਾਰਜ ਲਈ ਡਾ. ਬਲਵੰਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ|

