ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਜਾਲ ਨੂੰ ਠੱਲ੍ਹ ਪਾਉਣ ਅਤੇ ਨੌਜਵਾਨੀ ਨੂੰ ਮੁੜ ਸਹੀ ਰਸਤੇ ਲਿਆਉਣ ਲਈ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਤੋਂ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸੰਭਾਵੀ ਉਮੀਦਵਾਰ ਹਰਦੀਪ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਜਿੰਨੀ ਜਰੂਰਤ ਨਸ਼ਿਆਂ ਨੂੰ ਖਤਮ ਕਰਨ ਦੀ ਹੈ, ਉਨੀ ਹੀ ਲੋੜ ਹਰ ਪਿੰਡ ਵਿੱਚ ਵਾਲੀਬਾਲ, ਬਾਸਕਟਬਾਲ ਅਤੇ ਕਬੱਡੀ ਵਰਗੀਆਂ ਖੇਡਾਂ ਦੇ ਗਰਾਊਂਡ ਬਣਾਉਣ ਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿੱਚ ਵੱਖ-ਵੱਖ ਖੇਡਾਂ ਦੀਆਂ ਅਕੈਡਮੀਆਂ ਸਥਾਪਿਤ ਕੀਤੀਆਂ ਜਾਣ ਅਤੇ ਦੋ-ਤਿੰਨ ਪਿੰਡਾਂ ਦਾ ਇੱਕ ਸਾਂਝਾ ਜਿਮ ਖੋਲ੍ਹਿਆ ਜਾਵੇ, ਜਿੱਥੇ ਵਿਸ਼ੇਸ਼ ਟ੍ਰੇਨਰ, ਯੋਗ ਕੋਚ ਅਤੇ ਪੀ.ਟੀ.ਆਈ. ਇੰਸਟਰਕਟਰ ਨਿਯੁਕਤ ਕੀਤੇ ਜਾਣ। ਇਹ ਕੋਚ ਸਿਰਫ਼ ਨੌਜਵਾਨਾਂ ਨੂੰ ਹੀ ਨਹੀਂ, ਬਲਕਿ ਹਰ ਉਮਰ ਦੇ ਵਿਅਕਤੀ ਨੂੰ ਯੋਗਾ ਅਤੇ ਕਸਰਤਾਂ ਕਰਵਾ ਕੇ ਸਰੀਰਕ ਪੱਖੋਂ ਫਿੱਟ ਰੱਖਣ ਵਿੱਚ ਮਦਦ ਕਰਨ। ਹਰਦੀਪ ਸ਼ਰਮਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਪੰਜਾਬ ਕਦੇ ਕਬੱਡੀਆਂ, ਕੁਸ਼ਤੀਆਂ, ਅਖਾੜਿਆਂ ਅਤੇ ਛਿੰਝਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਸੀ ਪਰ ਅੱਜ ਹਾਲਾਤ ਬਹੁਤ ਤਰਸਯੋਗ ਬਣ ਚੁੱਕੇ ਹਨ। ਪੰਜਾਬ ਦੀ ਨੌਜਵਾਨੀ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਚੁੱਕੀ ਹੈ। ਹਰ ਪਿੰਡ ਵਿੱਚੋਂ 15-20 ਨੌਜਵਾਨ ਇਸ ਦੀ ਲਪੇਟ ਵਿੱਚ ਹਨ। ਮਾਨਸਾ, ਤਰਨਤਾਰਨ, ਤੂਰ ਵਣਜਾਰਾ ਅਤੇ ਸਰਹੱਦੀ ਖੇਤਰਾਂ ਜਿਵੇਂ ਗੁਰੂਹਰਸਹਾਏ ਤੇ ਜਲਾਲਾਬਾਦ ਵਿੱਚ ਨਸ਼ਿਆਂ ਕਾਰਨ ਬਣੇ ਹਾਲਾਤ ਅਤੀ ਸ਼ਰਮਨਾਕ ਅਤੇ ਚਿੰਤਾਜਨਕ ਹਨ। ਉਹਨਾਂ ਅੱਗੇ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਚੰਗੀ ਖੁਰਾਕ ਵੱਲ ਪ੍ਰੇਰਿਤ ਕਰਨ ਲਈ ਹਰ ਮਹੀਨੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ। ਇਹਨਾਂ ਕੈਂਪਾਂ ਅਤੇ ਨਾਟਕ ਮੰਡਲੀਆਂ ਦੇ ਰਾਹੀਂ ਬੱਚਿਆਂ ਨੂੰ ਚੈਨੀ-ਖੈਣੀ, ਕੂਲ-ਲਿਪ, ਜਰਦਾ, ਸਿਗਰਟ, ਬੀੜੀ ਅਤੇ ਸ਼ਰਾਬ ਦੇ ਮਾੜੇ ਨਤੀਜਿਆਂ ਬਾਰੇ ਨਾਟਕਾਂ ਤੇ ਚਲਚਿੱਤਰਾਂ (ਸ਼ੌਰਟ ਫਿਲਮਾਂ) ਰਾਹੀਂ ਜਾਗਰੂਕ ਕੀਤਾ ਜਾਵੇ। ਸਰਕਾਰਾਂ ਨੂੰ ਅਜਿਹੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਫਿਰ ਤੋਂ ਸਿਹਤਮੰਦ ਅਤੇ ਰੰਗਲਾ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਸ਼੍ਰੀ ਹਰਦੀਪ ਸ਼ਰਮਾ ਲੰਬੇ ਸਮੇਂ ਤੋਂ ਭਾਜਪਾ ਦੇ ਸਿਰਕੱਢ ਆਗੂ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਵਾਰ ਹਲਕਾ ਕੋਟਕਪੂਰਾ ਤੋਂ ਭਾਜਪਾ ਦੀ ਟਿਕਟ ਦੇ ਮਜ਼ਬੂਤ ਦਾਵੇਦਾਰ ਹਨ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤ ਲਾਲ ਸ਼ਰਮਾ (ਸਾਬਕਾ ਸਰਪੰਚ), ਜਸਪਾਲ ਸਿੰਘ ਪੰਜਗਰਾਈਂ, ਕ੍ਰਿਸ਼ਨ ਨਾਰੰਗ, ਬਲਵਿੰਦਰ ਸਿੰਘ (ਸਾਬਕਾ ਸਰਪੰਚ), ਮੁਹੰਮਦ ਰੌਣਕ ਤੋਂ ਇਲਾਵਾ ਹੋਰ ਵੀ ਕਈ ਪਾਰਟੀ ਆਗੂ ਤੇ ਸਮਰਥਕ ਹਾਜ਼ਰ ਸਨ।
