*-ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦੌਰਾਨ ਦੁੱਧ ਦੀ ਸ਼ੁੱਧਤਾ ਦੀ ਕਰਵਾਈ ਜਾ ਸਕਦੀ ਜਾਂਚ*
ਲੁਧਿਆਣਾ, 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਡੇਅਰੀ ਵਿਕਾਸ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਰਹਿਣ ਅਤੇ ਸਮੇਂ-ਸਮੇਂ ‘ਤੇ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਉਠਾ ਕੇ ਦੁੱਧ ਦੀ ਸਮਾਨਤਾ ਅਤੇ ਸ਼ੁੱਧਤਾ ਦੀ ਜਾਂਚ ਕਰਵਾਉਂਦੇ ਰਹਿਣ।
ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਨਿਰੰਤਰ ਦੁੱਧ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਜਿਸਦੇ ਤਹਿਤ ਵੱਖ-ਵੱਖ ਥਾਵਾਂ ’ਤੇ ਆਮ ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਮੌਕੇ ‘ਤੇ ਹੀ ਟੈਸਟਿੰਗ ਕੀਤੀ ਜਾਂਦੀ ਹੈ।
ਇਸੇ ਲੜੀ ਤਹਿਤ ਅੱਜ ਖੰਨਾ ਸ਼ਹਿਰ ਵਿਖੇ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ 2 ਵਿਸ਼ੇਸ਼ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਗਏ। ਇਹ ਕੈਂਪ ਸ਼ਹਿਰ ਦੇ ‘ਨਵੀਂ ਆਬਾਦੀ’ ਅਤੇ ‘ਆਜ਼ਾਦ ਨਗਰ’ ਇਲਾਕਿਆਂ ਵਿੱਚ ਆਯੋਜਿਤ ਕੀਤੇ ਗਏ ਜਿੱਥੇ ਆਮ ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਮੌਕੇ ‘ਤੇ ਹੀ ਟੈਸਟਿੰਗ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ, ਪਹਿਲਾ ਕੈਂਪ ਨਵੀਂ ਆਬਾਦੀ ਵਿਖੇ ਲਗਾਇਆ ਗਿਆ, ਜਿਸ ਵਿੱਚ ਕੁੱਲ 32 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਟੈਸਟਿੰਗ ਦੌਰਾਨ 15 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਨਿਰਧਾਰਤ ਪੈਮਾਨੇ ਤੋਂ ਵੱਧ ਪਾਈ ਗਈ। ਇਸੇ ਤਰ੍ਹਾਂ ਦੂਸਰਾ ਕੈਂਪ ਆਜ਼ਾਦ ਨਗਰ ਵਿਖੇ ਲਗਾਇਆ ਗਿਆ ਜਿੱਥੇ 31 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 14 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ (ਮਾਤਰਾ ਵੱਧ) ਵੇਖਣ ਨੂੰ ਮਿਲੀ।
ਕੁੱਲ ਮਿਲਾ ਕੇ ਦੋਵਾਂ ਕੈਂਪਾਂ ਵਿੱਚ ਟੈਸਟ ਕੀਤੇ ਗਏ 63 ਸੈਂਪਲਾਂ ਵਿੱਚੋਂ 29 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਨਿਕਲੀ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਜਾਂਚ ਦੌਰਾਨ ਕਿਸੇ ਵੀ ਸੈਂਪਲ ਵਿੱਚ ਕੋਈ ਵੀ ਹਾਨੀਕਾਰਕ ਰਸਾਇਣ (ਕੈਮੀਕਲ) ਨਹੀਂ ਪਾਇਆ ਗਿਆ।

