ਕੋਟਕਪੂਰਾ/ਫਰੀਦਕੋਟ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਮੋਹਰੀ ਅਗਵਾਈ ਕਰਨ ਲਈ ਸਿਲਵਰ ਓਕਸ ਸਕੂਲ, ਸੇਵੇਵਾਲਾ (ਜੈਤੋ) ਦਾ ਨਾਂਅ ਉੱਚਾ ਹੋਇਆ ਹੈ। ਸਿਲਵਰਜ਼ੋਨ ਫਾਊਂਡੇਸ਼ਨ ਵੱਲੋਂ ਆਈ.ਪੀ. ਸਟੱਡੀ ਪਬਲਿਕੇਸ਼ਨਜ਼ ਦੇ ਸਹਿਯੋਗ ਨਾਲ ਹੌਲੀਡੇ ਇਨ, ਜ਼ੀਰਕਪੁਰ (ਚੰਡੀਗੜ੍ਹ) ਵਿਖੇ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ-2026’ ਸਮਾਗਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਿਲਵਰ ਓਕਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਅਤੇ ਕੋਆਡੀਨੇਟਰ ਸ਼੍ਰੀਮਤੀ ਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਬੇਮਿਸਾਲ ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਲਈ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਵਿਸ਼ਾ ਸਿੱਖਿਆ ਦੇ ਭਵਿੱਖ ਦੀ ਕਲਪਨਾ ਸੀ। ਸਮਾਗਮ ਦਾ ਮੁੱਖ ਉਦੇਸ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੇ ਵਿਦਿਅਕ ਆਗੂਆਂ ਨੂੰ ਸਨਮਾਨਿਤ ਕਰਨਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਨਵੀਨਤਾ ਨੂੰ ਉਤਸ਼ਾਹਤ ਕਰਨਾ ਸੀ। ਇਸ ਸਮਾਗਮ ਵਿੱਚ ਚਰਚਾ ਦੇ ਮੁੱਖ ਬਿੰਦੂ ਸਮਾਗਮ ਦੌਰਾਨ ਭਵਿੱਖ ਦੀ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ, ਵਿਦਿਅਕ ਸੰਸਥਾਵਾਂ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਵਿਦਿਅਕ ਮਾਹੌਲ ਤਿਆਰ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਨੇ ਬੁਲਾਰਿਆਂ ਨੇ ਸਿੱਖਿਆ ਦੀ ਗੁਣਵੱਤਾ ਵਧਾਉਣ, ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਇੱਕ ਪ੍ਰਭਾਵਸ਼ਾਲੀ ਵਿਦਿਅਕ ਲੀਡਰਸ਼ਿਪ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਮਾਨਯੋਗ ਜਸਟਿਸ ਜੋਰਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੰਚਕੁਲਾ ਦੇ ਮੇਅਰ ਸ਼ਾਮ ਲਾਲ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਐੱਨ.ਸੀ.ਆਰ. ਤੋਂ ਨਾਮਵਰ ਸਕੂਲਾਂ ਦੇ ਮਾਲਕ, ਡਾਇਰੈਕਟਰ, ਪਿ੍ਰੰਸੀਪਲ ਅਤੇ ਸਿੱਖਿਆ ਸ਼ਾਸਤਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਕੂਲ ਦੇ ਪਿ੍ਰੰਸੀਪਲ ਪ੍ਰਿਯੰਕਾ ਮਹਿਤਾ ਅਤੇ ਕੋਆਡੀਨੇਟਰ ਮੈਡਮ ਰਮਨਪ੍ਰੀਤ ਕੌਰ ਨੂੰ ਇਹ ਐਵਾਰਡ ਮਿਲਣ ’ਤੇ ਇਲਾਕੇ ਭਰ ਵਿੱਚ ਖ਼ੁਸ਼ੀ ਦੀ ਲਹਿਰ ਹੈ। ਸਕੂਲ ਦੇ ਸਟਾਫ਼ ਅਤੇ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ।

