ਪੰਜਾਬ ਦੀ ਨੁਮਾਇੰਦਗੀ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਸੂਬੇ ਦਾ ਨਾਂ ਕੀਤਾ ਰੌਸ਼ਨ : ਟੁਰਨਾ
ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡਾਂ ਦੇ ਮੈਦਾਨ ਵਿੱਚ ਜਦੋਂ ਹੌਸਲੇ ਬੁਲੰਦ ਹੋਣ, ਇਰਾਦੇ ਮਜ਼ਬੂਤ ਹੋਣ ਅਤੇ ਦਿਲ ਵਿੱਚ ਜਿੱਤ ਦਾ ਜਨੂੰਨ ਹੋਵੇ, ਤਾਂ ਸਫਲਤਾ ਖ਼ੁਦ ਕਦਮ ਚੁੰਮਦੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਦਾ ਬਲੂਮਿੰਗਡੇਲ ਸਕੂਲ, ਕੋਟਕਪੂਰਾ ਦੀ ਹੋਣਹਾਰ ਵਿਦਿਆਰਥਣ ਭਾਵਨਾ ਜਮਾਤ ਸੱਤਵੀਂ ਨੇ ਰਾਸ਼ਟਰੀ ਅੰਡਰ-14 ਰਗਬੀ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੂਜਾ ਸਥਾਨ ਹਾਸਲ ਕਰਕੇ ਸਫਲਤਾ ਦਾ ਨਵਾਂ ਅਧਿਆਇ ਸਿਰਜਿਆ, 23 ਸਤੰਬਰ ਤੋਂ 29 ਸਤੰਬਰ ਤੱਕ ਨਵੀਂ ਦਿੱਲੀ ਵਿਖੇ ਆਯੋਜਿਤ ਰਾਸ਼ਟਰੀ ਅੰਡਰ-14 ਰਗਬੀ ਖੇਡ ਜੋ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਨਵੀਂ ਦਿੱਲੀ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਵਿਖਾਏ। ਇਨ੍ਹਾਂ ਵੱਕਾਰੀ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਲਈ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚੋਂ ਹੋਣਹਾਰ ਖਿਡਾਰੀਆਂ ਦੀ ਚੋਣ ਕੀਤੀ ਗਈ। ਬੜੇ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਦਾ ਬਲੂਮਿੰਗਡੇਲ ਸਕੂਲ ਦੇ ਵਿਦਿਆਰਥੀ ਨੂੰ ਵੀ ਪੰਜਾਬ ਦੀ ਟੀਮ ਦਾ ਹਿੱਸਾ ਬਣ ਕੇ ਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਜੋਸ਼, ਜਨੂੰਨ, ਅਨੁਸ਼ਾਸਨ ਅਤੇ ਟੀਮ ਭਾਵਨਾ ਦੀ ਬਿਹਤਰੀਨ ਮਿਸਾਲ ਪੇਸ਼ ਕਰਦਿਆਂ ਪੰਜਾਬ ਦੀ ਟੀਮ ਨੇ ਰਗਬੀ ਦੇ ਮੈਦਾਨ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਅਤੇ ਸਖ਼ਤ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮਾਣਮੱਤੀ ਸਫਲਤਾ ਵਿੱਚ ਦਾ ਬਲੂਮਿੰਗਡੇਲ ਸਕੂਲ ਦੇ ਹੋਣਹਾਰ ਖਿਡਾਰੀ ਦੀ ਭਾਗੀਦਾਰੀ ਸਮੁੱਚੇ ਸਕੂਲ ਪਰਿਵਾਰ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਹਰਜਿੰਦਰ ਸਿੰਘ ਟੁਰਨਾ ਨੇ ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨਾ ਆਪਣੇ ਆਪ ਵਿੱਚ ਵੱਡੀ ਉਪਲਬਧੀ ਹੈ ਅਤੇ ਦੂਜਾ ਸਥਾਨ ਹਾਸਲ ਕਰਨਾ ਇਸ ਮਾਣ ਨੂੰ ਹੋਰ ਵੀ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਫਲਤਾਵਾਂ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦਿਆਂ ਅਤੇ ਖੇਡ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੁੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਖੇਡ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਦਾ ਬਲੂਮਿੰਗਡੇਲ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਿਹਾ ਹੈ। ਸਕੂਲ ਵੱਲੋਂ ਵਿੱਦਿਅਕ ਪ੍ਰਾਪਤੀਆਂ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਹ ਜਿੱਤ ਸਿਰਫ਼ ਇੱਕ ਖੇਡ ਮੁਕਾਬਲੇ ਦੀ ਸਫਲਤਾ ਨਹੀਂ, ਸਗੋਂ ਪੰਜਾਬ ਦੇ ਨੌਜਵਾਨ ਖਿਡਾਰੀਆਂ ਦੀ ਸਮਰੱਥਾ, ਮਿਹਨਤ ਅਤੇ ਬੁਲੰਦ ਹੌਸਲਿਆਂ ਦਾ ਪ੍ਰਤੀਕ ਹੈ। ਇਸ ਪ੍ਰਾਪਤੀ ਨੇ ਜਿੱਥੇ ਦਾ ਬਲੂਮਿੰਗਡੇਲ ਸਕੂਲ ਦੇ ਮਾਣ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਹੋਰਨਾਂ ਵਿਦਿਆਰਥੀਆਂ ਅੰਦਰ ਵੀ ਖੇਡਾਂ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂਹਣ ਦਾ ਉਤਸ਼ਾਹ ਪੈਦਾ ਕੀਤਾ ਹੈ।

