ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਵਿਖੇ ਅੱਜ ਐਨ ਐਸ ਐਸ ਯੂਨਿਟ ਵੱਲੋਂ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਬੱਚਿਆਂ ਨੂੰ ਸਾਰੇ ਮਤਭੇਦ ਭੁੱਲ ਕੇ ਏਕਤਾ ਤੇ ਸ਼ਾਂਤੀ ਦੇ ਨਾਲ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਸ੍ਰੀਮਤੀ ਸ਼ਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਹ ਦਿਵਸ ਸਾਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਦ ਦਿਵਾਉਂਦਾ ਹੈ, ਜਿਨਾਂ ਨੇ ਆਪਣੀ ਦ੍ਰਿੜ ਇੱਛਾ ਸ਼ਕਤੀ ਅਤੇ ਦੇਸ਼ ਭਗਤੀ ਨਾਲ ਅੱਜ ਦੇ ਭਾਰਤ ਨੂੰ ਇੱਕ ਕਰਕੇ ਸਾਨੂੰ ਦਿੱਤਾ। ਸਰਦਾਰ ਪਟੇਲ ਨੇ ਸਾਡੇ ਦੇਸ਼ ਦੀ ਏਕਤਾ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਵੱਖ-ਵੱਖ ਰਿਆਸਤਾਂ ਨੂੰ ਇਕੱਠੇ ਕਰਕੇ ਮਜਬੂਤ ਅਤੇ ਇੱਕ ਭਾਰਤ ਦਾ ਨਿਰਮਾਣ ਕੀਤਾ। ਅੱਜ ਸਾਨੂੰ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਉਪਰੰਤ ਕੁਝ ਬੱਚਿਆਂ ਵੱਲੋਂ ਰਾਸ਼ਟਰੀ ਏਕਤਾ ਸਬੰਧੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਭਾਗ ਲਿਆ ਗਿਆ। ਇਸ ਮੌਕੇ ਬੋਲਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਡਾ ਦੇਸ਼ ਵੱਖ ਵੱਖ ਸੱਭਿਆਚਾਰਾਂ, ਭਾਸ਼ਾਵਾਂ ਅਤੇ ਧਰਮਾਂ ਦਾ ਦੇਸ਼ ਹੈ। ਇਸ ਵਖਰੇਵੇਂ ਵਿੱਚ ਹੀ ਸਾਡੀ ਏਕਤਾ ਲੁਕੀ ਹੋਈ ਹੈ। ਸਾਨੂੰ ਇਸ ਵਖਰੇਵੇਂ ਹੋਣ ਤੇ ਵੀ ਸਾਡੀ ਏਕਤਾ ਦਾ ਮਾਣ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਸੋਮਾ ਦੇਵੀ ਵੱਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕੋਆਰਡੀਨੇਟਰ ਸ੍ਰੀਮਤੀ ਸਤਵਿੰਦਰ ਕੌਰ ਅਤੇ ਹੋਰ ਸਕੂਲ ਸਟਾਫ ਹਾਜਿਰ ਸਨ।

