ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤੀਸਰੀ ਵਾਰ ਚੋਣ ਟਿਕਟ ਦਿੱਤੇ ਜਾਣ ‘ਤੇ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਹਲਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਸਰਦਾਰ ਸੰਧਵਾਂ ਨੂੰ ਤੀਸਰੀ ਵਾਰ ਟਿਕਟ ਮਿਲਣ ‘ਤੇ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਬੱਬੂ (ਹਲਕਾ ਵਾਈਸ ਕੋਆਰਡੀਨੇਟਰ ਸੋਸ਼ਲ ਮੀਡੀਆ ਕੋਟਕਪੂਰਾ ਅਤੇ ਜਨਰਲ ਸਕੱਤਰ ਐਸ.ਸੀ. ਵਿੰਗ ਫਰੀਦਕੋਟ) ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਜਸਵਿੰਦਰ ਸਿੰਘ ਬੱਬੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਨੇ ਸਪੀਕਰ ਦੇ ਅਹੁਦੇ ‘ਤੇ ਰਹਿੰਦਿਆਂ ਹਮੇਸ਼ਾ ਹਲਕੇ ਦੇ ਵਿਕਾਸ ਅਤੇ ਲੋਕ ਹਿੱਤਾਂ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਲਕਾ ਕੋਟਕਪੂਰਾ ਦੇ ਲੋਕ ਇੱਕ ਵਾਰ ਫਿਰ ਤੋਂ ਸਰਦਾਰ ਸੰਧਵਾਂ ‘ਤੇ ਆਪਣਾ ਵਿਸ਼ਵਾਸ ਜਤਾਉਂਦਿਆਂ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।

