ਇਨਸਾਫ਼, ਸਿੱਖਿਆ, ਸਿਹਤ, ਕਿਸਾਨਾਂ ਦੀ ਭਲਾਈ, ਸੜਕਾਂ, ਸਾਫ਼ ਪਾਣੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਹੋਵੇਗਾ ਮੁੱਖ ਤਰਜੀਹ
ਬਿਨਾਂ ਕਿਸੇ ਸਰਕਾਰੀ ਅਹੁਦੇ ਦੇ ਵੀ ਲੋਕਾਂ ਦੀ ਸੇਵਾ ਕੀਤੀ, ਅੱਗੇ ਵੀ ਕੰਮ ਕਰਕੇ ਵਿਖਾਉਣ ਦਾ ਸੰਕਲਪ – ਅਰਸ਼ ਸੱਚਰ
ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਅਰਸ਼ ਸੱਚਰ ਨੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਹਲਕੇ ਦੇ ਲੋਕਾਂ ਨੇ ਆਪਣਾ ਪਿਆਰ, ਵਿਸ਼ਵਾਸ ਅਤੇ ਆਸ਼ੀਰਵਾਦ ਦੇ ਕੇ ਵਿਧਾਇਕ ਚੁਣਿਆ, ਤਾਂ ਫ਼ਰੀਦਕੋਟ ਦੇ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਅਜਿਹਾ ਫ਼ਰੀਦਕੋਟ ਬਣਾਉਣਾ ਹੈ, ਜਿੱਥੇ ਆਮ ਆਦਮੀ ਨੂੰ ਇਨਸਾਫ਼ ਲਈ ਸਿਫ਼ਾਰਿਸ਼ ਦੀ ਲੋੜ ਨਾ ਪਵੇ, ਹਰ ਸ਼ਿਕਾਇਤ ਦੀ ਸੁਣਵਾਈ ਹੋਵੇ, ਬੱਚਿਆਂ ਨੂੰ ਮਿਆਰੀ ਸਿੱਖਿਆ, ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ, ਕਿਸਾਨਾਂ ਨੂੰ ਬਣਦਾ ਸਹਿਯੋਗ ਅਤੇ ਹਰ ਪਿੰਡ ਤੇ ਮੁਹੱਲੇ ਨੂੰ ਬੁਨਿਆਦੀ ਸਹੂਲਤਾਂ ਮਿਲਣ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਆਪਣੀਆਂ ਮੁੱਖ ਤਰਜੀਹਾਂ ਸਾਂਝੀਆਂ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਲਈ ਪਾਰਦਰਸ਼ੀ ਹੈਲਪਲਾਈਨ ਅਤੇ ਟ੍ਰੈਕਿੰਗ ਪ੍ਰਣਾਲੀ, 24 ਘੰਟਿਆਂ ਅੰਦਰ ਮੁੱਢਲੀ ਕਾਰਵਾਈ ਦਾ ਟੀਚਾ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਸੁਧਾਰ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ, ਸਾਫ਼ ਪੀਣ ਵਾਲਾ ਪਾਣੀ, ਵਧੀਆ ਸੜਕਾਂ, ਸਟਰੀਟ ਲਾਈਟਾਂ ਅਤੇ ਨਿਕਾਸੀ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੇ ਪ੍ਰਮੁੱਖ ਸੰਕਲਪ ਹੋਣਗੇ। ਅਰਸ਼ ਸੱਚਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਫ਼ਰੀਦਕੋਟ ਦੇ ਹਰ ਪਿੰਡ, ਵਾਰਡ ਅਤੇ ਮੁਹੱਲੇ ਤੱਕ ਪਹੁੰਚਾਉਣ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਬਿਨਾਂ ਕਿਸੇ ਸਰਕਾਰੀ ਅਹੁਦੇ ਦੇ ਵੀ ਇੱਕ ਆਮ ਵਰਕਰ ਅਤੇ ਸਮਾਜ ਸੇਵੀ ਵਜੋਂ ਲੋਕਾਂ ਦੇ ਅਨੇਕਾਂ ਮਸਲੇ ਉਠਾਏ ਹਨ ਅਤੇ ਕਈ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਹਨ। ਮੇਰੇ ਲਈ ਰਾਜਨੀਤੀ ਸਿਰਫ਼ ਅਹੁਦਾ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਹੈ। ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ ਕਿ ਫ਼ਰੀਦਕੋਟ ਦੇ ਲੋਕ ਹੀ ਉਨ੍ਹਾਂ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ ਕਾਇਮ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਮੇਰਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਕੇ ਵਿਖਾਉਣਾ ਹੈ। ਫ਼ਰੀਦਕੋਟ ਦੀ ਤਰੱਕੀ, ਹਰ ਪਰਿਵਾਰ ਦੀ ਖੁਸ਼ਹਾਲੀ ਅਤੇ ਹਰ ਵਿਅਕਤੀ ਦਾ ਸਨਮਾਨ ਮੇਰਾ ਸੰਕਲਪ ਹੈ।

