
ਮੋਹਾਲੀ 31 ਅਕਤੂਬਰ (ਵਰਲਡ ਪੰਜਾਬੀ ਟਾਈਮਜ਼
ਪੰਜਾਬ ਭਵਨ, ਸਰੀ (ਕੈਨੇਡਾ) ਵਲੋਂ ਚਲਾਏ ਜਾ ਰਹੇ ਪ੍ਰਾਜੈਕਟ ਨਵੀਆਂ ਕਲਮਾਂ ਨਵੀ ਉਡਾਣ ਅਧੀਨ ਜ਼ਿਲ੍ਹਾ ਮੋਹਾਲੀ ਦੇ ਬਾਲ ਕਵੀਆਂ ਲਈ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਬਰਿੰਦਰ, ਰਾਧਿਕਾ, ਅੰਮ੍ਰਿਤ, ਜਸਮੀਨ, ਖੁਸ਼ਮੀਤ, ਸਹਿਜੋਤ, ਕਿਰਨਜੋਤ, ਸੁਖਪ੍ਰੀਤ, ਸੁਖਵੀਰ, ਅਮਨਪ੍ਰੀਤ, ਕੋਮਲਪ੍ਰੀਤ ਅਤੇ ਹਰਨੂਰ ਵਰਗੇ ਬਾਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸੰਪਾਦਕੀ ਟੀਮ ਮੈਂਬਰ ਲਖਵੀਰ ਕੌਰ ਨੇ ਬਾਲ ਕਵੀਆਂ ਦੀ ਹਾਜ਼ਰੀ ਲਵਾਈ। ਗੁਤਿੰਦਰ ਕੌਰ ਨੇ ਸਭਨਾਂ ਨੂੰ ਜੀ ਆਇਆਂ ਆਖਿਆ।
ਪ੍ਰਾਜੈਕਟ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਪੂਰੇ ਪ੍ਰੋਗਰਾਮ ਬਾਰੇ ਦੱਸਿਆ। ਸ਼੍ਰੋਮਣੀ ਪੱਤਰਕਾਰ, ਸਿਆਸੀ ਵਿਸ਼ਲੇਸ਼ਕ ਅਤੇ ਲੇਖਕ ਸ. ਕਮਲਜੀਤ ਸਿੰਘ ਬਨਵੈਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਦੀ ਪੇਸ਼ਕਾਰੀ ਉੱਪਰ ਬੇਹੱਦ ਸੰਤੋਸ਼ ਜ਼ਾਹਿਰ ਕੀਤਾ ਤੇ ਕਿਹਾ ਕਿ ਅੱਜ ਬੱਚਿਆਂ ਨੂੰ ਸੁਣ ਕੇ ਉਹ ਖ਼ੁਦ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਸਾਹਿਤਿਕ ਸਫ਼ਰ ਦੇਰੀ ਨਾਲ ਸ਼ੁਰੂ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਬੱਚੇ ਉਨ੍ਹਾਂ ਨਾਲੋਂ ਵੀ ਵੱਡੀਆਂ ਉਚਾਈਆਂ ਨੂੰ ਛੂਹਣਗੇ। ਪ੍ਰਾਜੈਕਟ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਨੇ ਇਸ ਪ੍ਰਾਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਸਾਰ ਦੇ ਚੌਦਾਂ ਮੁਲਕਾਂ ਵਿੱਚ ਸੋਲਾਂ ਹਜ਼ਾਰ ਤੋਂ ਜ਼ਿਆਦਾ ਬਾਲ ਲੇਖਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਪ੍ਰਾਜੈਕਟ ਦੇ ਸਰਪ੍ਰਸਤ ਸੁੱਖੀ ਬਾਠ ਨੇ ਸਭ ਨੂੰ ਕਨੇਡਾ ਤੋਂ ਵਧਾਈ ਦਿੱਤੀ। ਮੋਹਾਲੀ ਟੀਮ ਦੇ ਮੈਂਬਰਾਂ ਹਰਪ੍ਰੀਤ ਸਿੰਘ ਅਤੇ ਰਾਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।

