ਭਗਤ ਰਾਮ ਆਪਣੀ ਪਤਨੀ ਸ਼ੀਲਾ ਦੇਵੀ ਤੇ ਬਾਰ੍ਹਾਂ ਕੁ ਸਾਲਾਂ ਦੇ ਮੁੰਡੇ ਰਾਜ ਕੁਮਾਰ ਨਾਲ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ।ਬਹੁਤ ਸਾਲਾਂ ਤੋਂ ਜਿੰਦਗੀ ਇੰਝ ਹੀ ਚੱਲ ਰਹੀ ਸੀ। ਉਹ ਇੱਕ ਜੁੱਤੀਆਂ ਵਾਲੀ ਦੁਕਾਨ ਦੇ ਬਾਹਰ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਉਹ ਸਵੇਰੇ ਉੱਠਦਾ ਕੰਮ ਤੇ ਜਾਂਦਾ ਤੇ ਸ਼ਾਮਾਂ ਨੂੰ ਵਾਪਸ ਆਉਂਦਾ। ਕਈ ਕਈ ਵਾਰ ਤਾਂ ਇੱਕ ਵੀ ਗਾਹਕ ਨਹੀਂ ਆਉਂਦਾ ਸੀ ਤੇ ਖਾਲੀ ਹੱਥ ਹੀ ਵਾਪਸ ਆਉਣਾ ਪੈਂਦਾ ਸੀ।
ਬਸ ਇਸ ਗਰੀਬੀ ਵਿੱਚ ਹੀ ਭਗਤ ਰਾਮ ਜੰਮਿਆਂ ਤੇ ਕਦੋਂ ਇਸੇ ਗਰੀਬੀ ਵਿੱਚ ਉਸਦੀ ਜਵਾਨੀ ਬੀਤ ਗਈ ਕੁਝ ਪਤਾ ਨਹੀਂ ਸੀ ਚੱਲਿਆ।ਭਗਤ ਰਾਮ ਅਚਾਨਕ ਹੀ ਬਿਮਾਰ ਰਹਿਣ ਲੱਗ ਪਿਆ। ਹੁਣ ਉਸਦਾ ਕੰਮ ਉਸਦੇ ਮੁੰਡੇ ਰਾਜ ਕੁਮਾਰ ਨੂੰ ਕਰਨਾ ਪੈ ਰਿਹਾ ਸੀ।
“ਮੰਮੀ ਮੈਂ ਸੋਚਦਾ ਹਾਂ ਕਿ ਪੜ੍ਹਾਈ ਛੱਡ ਹੀ ਦਿੰਦਾ ਹਾਂ। ਪੂਰਾ ਦਿਨ ਕੰਮ ਕਰਾਂਗਾ ਤਾਂ ਕੁਝ ਜਿਆਦਾ ਪੈਸੇ ਵੱਟ ਲਿਆ ਕਰਾਂਗਾ। “ਰਾਜ ਕੁਮਾਰ ਨੇ ਘਰ ਦੀ ਮਾੜੀ ਹਾਲਤ ਦੇਖ ਕੇ ਇੱਕ ਦਿਨ ਆਪਣੀ ਮੰਮੀ ਨਾਲ ਗੱਲ ਕੀਤੀ।
“ਨਾ ਪੁੱਤਰ ਪੜ੍ਹਾਈ ਛੱਡਣ ਦੀ ਗੱਲ ਤਾਂ ਤੂੰ ਬਿਲਕੁਲ ਵੀ ਨਹੀਂ ਕਰਨੀ। ਰਹੀ ਗੱਲ ਘਰ ਦੇ ਖਰਚੇ ਦੀ ਇਹ ਤਾਂ ਆਪੇ ਹੀ ਚੱਲੀ ਜਾਵੇਗਾ। ਜੇ ਨਾ ਹੋਇਆਂ ਤਾਂ ਮੈਂ ਦੋ ਘਰਾਂ ਦਾ ਹੋਰ ਕੰਮ ਕਰ ਲਵਾਂਗੀ। ਮੇਰਾ ਪੁੱਤਰ ਤਾਂ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣੇਗਾ…..ਵੱਡਾ ਅਫ਼ਸਰ।”
“ਮੰਮੀ ਮੈਂ ਕਾਹਦਾ ਅਫ਼ਸਰ ਬਨਣਾ ਹੈ। ਨਾਲੇ ਆਪਾਂ ਗਰੀਬਾਂ ਦੇ ਨਸੀਬ ਵਿੱਚ ਕਿੱਥੇ ਅਫ਼ਸਰੀ। “
“ਨਾ ਪੁੱਤਰ ਤੂੰ ਇਹੋਂ ਜੇਹੀਆਂ ਦਿਲ ਤੋੜਣ ਵਾਲੀਆਂ ਗੱਲਾਂ ਨਾ ਕਰਿਆ ਕਰ। ਬਸ ਤੂੰ ਦਿਲ ਲਗਾਕੇ ਪੜ੍ਹਾਈ ਕਰਦਾ ਰਹਿ,ਤੇਰੀ ਮਿਹਨਤ ਨੂੰ ਇੱਕ ਦਿਨ ਭਾਗ ਜਰੂਰ ਲੱਗਣਗੇ। “
“ਨਹੀਂ ਮੰਮੀ ………! ” ਰਾਜ ਕੁਮਾਰ ਪੜ੍ਹਾਈ ਛੱਡਣ ਦੀ ਜਿੱਦ ਫੜ ਲੈਂਦਾ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਮਾਂ ਝੱਟ ਸਮਝ ਜਾਂਦੀ ਹੈ ਕਿ ਵਿੱਚੋਂ ਕੋਈ ਹੋਰ ਗੱਲ ਹੈ।
“ਪੁੱਤ ਤੈਨੂੰ ਮੇਰੀ ਸਹੁੰ ਜੋ ਵੀ ਗੱਲ ਤੇਰੇ ਦਿਲ ਵਿੱਚ ਹੈ ਉਹ ਮੈਨੂੰ ਸੱਚੀ ਸੱਚੀ ਦੱਸ। “
“ਮੰਮੀ ਜਦੋਂ ਮੈਂ ਸਕੂਲ ਜਾਂਦਾ ਹਾਂ ਨਾ ਤਾਂ ਮੇਰੀ ਜਮਾਤ ਦੇ ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਹਨ। ਹੋਰ ਤਾਂ ਹੋਰ ਕੋਈ ਮੇਰੇ ਨਾਲ ਬੈਠਦਾ ਵੀ ਨਹੀਂ ਹੈ। “
“ਤਾਂ ਆਹ ਗੱਲ ਹੈ………ਕੋਈ ਗੱਲ ਨਹੀਂ ਪੁੱਤ ਸਿਆਣੇ ਆਖਦੇ ਹਨ ਸੋਨੇ ਦਾ ਸਹੀ ਰੰਗ ਅੱਗ ਵਿੱਚ ਤਪਕੇ ਹੀ ਆਉਂਦਾ ਹੈ। ਤੈਨੂੰ ਕਿਸੇ ਦੀ ਵੀ ਪਰਵਾਹ ਕਰਨ ਦੀ ਜਰੂਰਤ ਨਹੀਂ ਹੈ। ਹਾਥੀ ਤਾਂ ਆਪਣੀ ਚਾਲੇ ਚੱਲਦਾ ਹੀ ਰਹਿੰਦਾ ਹੈ ਤੇ ਕੁੱਤੇ ਭੌਁਕਦੇ ਹੀ ਰਹਿੰਦੇ ਹਨ।”
ਸ਼ੀਲਾ ਰਾਜ ਕੁਮਾਰ ਨੂੰ ਸਮਝਾਉਂਦੀ ਹੈ।ਸਮਾਂ ਆਪਣੀ ਚਾਲੇ ਚੱਲਦਾ ਹੀ ਰਹਿੰਦਾ ਹੈ।ਬਾਰਵੀਂ ਪਾਸ ਕਰਨ ਬਾਅਦ ਰਾਜਕੁਮਾਰ ਈ.ਟੀ.ਟੀ. ਕਰਨ ਲੱਗ ਜਾਂਦਾ ਹੈ ਦੂਜੇ ਪਾਸੇ ਇੱਕ ਸਾਲ ਬਾਅਦ ਭਗਤ ਰਾਮ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦਾ ਹੈ।ਚੰਗੀ ਕਿਸਮਤ ਈ. ਟੀ. ਟੀ. ਪਾਸ ਕਰਨ ਉਪਰੰਤ ਹੀ ਰਾਜ ਕੁਮਾਰ ਨੂੰ ਸਰਕਾਰੀ ਮਾਸਟਰ ਦੀ ਨੋਕਰੀ ਮਿਲ ਜਾਂਦੀ ਹੈ। ਹੌਲੀ ਹੌਲੀ ਘਰ ਦੇ ਹਾਲਾਤ ਵੀ ਸੁਧਰਨੇ ਸ਼ੁਰੂ ਹੋ ਜਾਂਦੇ ਹਨ। ਰਾਜ ਕੁਮਾਰ ਮਾਸਟਰ ਤਾਂ ਲੱਗ ਜਾਂਦਾ ਹੈ ਪਰ ਪੜ੍ਹਾਈ ਕਰਨੀ ਬੰਦ ਨਹੀਂ ਕਰਦਾ। ਉਹ ਬੀ. ਏ. ਪਾਸ ਕਰਨ ਉਪਰੰਤ ਉਹ ਪੀ. ਸੀ. ਐਸ ਦਾ ਪੇਪਰ ਪਾਸ ਕਰਕੇ ਐਸ. ਡੀ.ਐਮ.ਲੱਗ ਜਾਂਦਾ ਹੈ। ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਉਸਦੀ ਪੋਸਟਿੰਗ ਵੀ ਆਪਣੇ ਜਿਲ੍ਹੇ ਵਿੱਚ ਹੀ ਹੋ ਜਾਂਦੀ ਹੈ।
“ਮੰਮੀ ਜੀ ਜੇ ਮੈਂ ਉਸ ਦਿਨ ਤੁਹਾਡੀ ਗੱਲ ਨਾ ਮੰਨੀ ਹੁੰਦੀ ਤੇ ਆਪਣੀ ਪੜ੍ਹਾਈ ਛੱਡ ਦਿੰਦਾ ਤਾਂ ਅੱਜ ਉਸੇ ਜੁੱਤੀਆਂ ਦੀ ਦੁਕਾਨ ਦੇ ਬਾਹਰ ਜੁੱਤੀਆਂ ਗੰਢ ਰਿਹਾ ਹੁੰਦਾ। “
“ਪੁੱਤਰ ਉਹ ਉੱਤੇ ਨੀਲੀ ਛੱਤਰੀ ਵਾਲਾ ਬੈਠਾਂ ਹੈ ਨਾ ਉਹ ਕਦੇ ਵੀ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ।ਤੂੰ ਮੈਨੂੰ ਇਹ ਦੱਸ ਕਿ ਨਵੇਂ ਦਫ਼ਤਰ ਵਿੱਚ ਪਹਿਲਾਂ ਦਿਨ ਕਿਵੇਂ ਰਿਹਾ।”
“ਮੰਮੀ ਜੀ ਅੱਜ ਤਾਂ ਕਮਾਲ ਹੀ ਹੋ ਗਿਆ…..! “
“ਕੀ ਹੋਇਆਂ…….? “
“ਮੰਮੀ ਜੀ ਮੇਰੇ ਪੁਰਾਣੇ ਸਾਥੀ ਜਿਹੜੇ ਕਿਸੇ ਸਮੇਂ ਮੇਰੇ ਨਾਲ ਬੈਠਣਾ ਤਾਂ ਦੂਰ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ ਸਨ। ਅੱਜ ਉਹ ਸਾਰੇ ਮੇਰੇ ਲਈ ਤੋਹਫ਼ੇ ਲੈ ਕੇ ਮੇਰੇ ਤੋਂ ਪਹਿਲਾਂ ਦਫ਼ਤਰ ਵਿੱਚ ਪਹੁੰਚੇ ਹੋਏ ਸਨ।ਜਿਹੜੇ ਕਦੇ ਮੇਰੇ ਨਾਲ ਹੱਥ ਮਿਲਾਉਣ ਵਿੱਚ ਆਪਣੀ ਤੋਹੀਨ ਸਮਝਦੇ ਸੀ ਅੱਜ ਅੱਗੇ ਵੱਧ ਵੱਧ ਕੇ ਮੇਰੇ ਗਲੇ ਲੱਗ ਰਹੇ ਸਨ। “
“ਪੁੱਤਰ ਇਹ ਸਲਾਮਾਂ ਰਾਜ ਕੁਮਾਰ ਨੂੰ ਬਲਕਿ ਤੇਰੇ ਰੁਤਬੇ ਤੇਰੀ ਮਿਹਨਤ ਨੂੰ ਹੋ ਰਹੀਆਂ ਹਨ। “
“ਬਿਲਕੁਲ ਮੰਮੀ ਜੀ ਬਿਲਕੁਲ……! “
ਸੰਦੀਪ ਦਿਉੜਾ
8437556667
ਸਰਟੀਫਿਕੇਟ;-ਇਸ ਰਚਨਾ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਤਬਦੀਲੀ ਕਰ ਸਕਦੇ ਹੋ। ਇਸ ਉੱਤੇ ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ।
ਸੰਦੀਪ ਦਿਉੜਾ
