ਕਿਸ ਘੁੰਮਣ ਘੇਰ ‘ਚ ਫਸ ਗਏ ਹਾਂ,
ਨਾ ਜੀਅ ਹੋਵੇ ਨਾ ਮਰ ਹੋਏ।
ਹਰ ਤਰਫ਼ ਤਪਦੀਆਂ ਲੋਹਾਂ ਨੇ,
ਇਕ ਪੈਰ ਅਗਾਂਹ ਨਾ ਧਰ ਹੋਏ।
ਮੈਂ ਦੇ ਦੇ ਦਸਤਕ ਹਾਰ ਗਿਆਂ, ਹਰ ਪਾਸੇ ਹੀ ਦੀਵਾਰਾਂ ਨੇ,
ਮੈਂ ਕਿੱਥੇ ਬੈਠ ਆਰਾਮ ਕਰਾਂ,
ਕੋਈ ਤਾਂ ਖੁੱਲ੍ਹਾ ਦਰ ਹੋਏ।
ਰੋਣਾ ਕੁਰਲਾਉਣਾ ਸੁਣ ਸੁਣ ਕੇ
ਇਹ ਤਨ ਮਨ ਪੱਥਰ ਹੋ ਚੱਲਿਆ,
ਕੜ ਪਾਟ ਜਾਣ ‘ਤੇ ਗੱਲ ਪਹੁੰਚੀ,
ਹੁਣ ਹੋਰ ਸਿਤਮ ਨਾ ਜਰ ਹੋਏ।
ਰਾਹਾਂ ਦੀ ਧੂੜ ਪਿਆਸ ਬੜੀ,
ਨਾ ਬਹਿ ਸਕੀਏ ਨਾ ਤੁਰ ਸਕੀਏ,
ਹੁਣ ਸ਼ਹਿਰ ਸਮੁੰਦਰ ਖ਼ਾਰੇ ‘ਚੋਂ,
ਘੁੱਟ ਪਾਣੀ ਦੀ ਨਾ ਭਰ ਹੋਏ।
ਇਸ ਯੁਗ ਦਾ ਨਾਇਕ ਗੁਆਚ ਗਿਆ, ਖਲਨਾਇਕਾਂ ਨੇ ਸਿਰ ਤਾਜ ਧਰੇ,
ਇਸ ਰੀਂਘਣਹਾਰੀ ਬਸਤੀ ਵਿਚ,
ਕਿਉਂ ਵਰਮੀ ਵਰਗੇ ਘਰ ਹੋਏ?
ਸਾਹਾਂ ਨੂੰ ਸੂਤ ਨਿਢਾਲ ਕਰਨ, ਤੇ ਚੱਟ ਜਾਂਦੇ ਨੇ ਰੂਹਾਂ ਨੂੰ,
ਸੱਜਣਾਂ ਦੇ ਭੇਖ ‘ਚ ਵੇਖ ਲਵੋ,
ਕਿੱਦਾਂ ਦੇ ਚਾਰਾਗਰ ਹੋਏ।
ਮੈਂ ਜਦ ਤੱਕ ਚੋਗਾ ਚੁਗਦਾ ਸੀ,
ਕੋਈ ਤੋਟ ਨਹੀਂ ਸੀ ਚੂਰੀ ਦੀ,
ਪਰਵਾਜ਼ ਭਰੀ ਤਾਂ ਵੇਖ ਲਵੋ,
ਅੱਜ ਵੈਰੀ ਮੇਰੇ ਪਰ ਹੋਏ।
ਗ਼ਰਜ਼ਾਂ ਤੋਂ ਫ਼ਰਜ਼ਾਂ ਤੀਕ ਸਫ਼ਰ,
ਮੀਲਾਂ ਵਿਚ ਮਿਣਨਾ ਸਹਿਲ ਨਹੀਂ,
ਤਲੀਆਂ ਤੇ ਸੀਸ ਨਹੀਂ ਟਿਕਦਾ,
ਜੇ ਖੱਲੜੀ ਦੇ ਵਿਚ ਡਰ ਹੋਏ।
ਇਕ ਆਮ ਸਧਾਰਨ ਬੰਦੇ ਦੀ, ਆਵਾਜ਼ ਜਦੋਂ ਪਰਵਾਜ਼ ਭਰੇ,
ਧਰਤੀ ਵੀ ਸੌੜੀ ਲੱਗਦੀ ਹੈ
ਫਿਰ ਅੰਬਰਾਂ ਦੇ ਵਿਚ ਘਰ ਹੋਏ।
ਮੈਂ ਘਿਰ ਜਾਨਾਂ, ਘਬਰਾ ਜਾਨਾਂ, ਆਪਣੇ ਤੋਂ ਦੂਰ ਚਲਾ ਜਾਨਾਂ,
ਫਿਰ ਮੁੜ ਆਉਨਾਂ, ਜਦ ਸਮਝ ਲਵਾਂ, ਕਿਤੇ ਮਨ ਦਾ ਹੀ ਨਾ ਡਰ ਹੋਏ।
🔵
▪️ਗੁਰਭਜਨ ਗਿੱਲ

