ਲੋਕਾਂ ਨੂੰ ਵਪਾਰੀ ਭਰਾਵਾਂ ਦਾ ਦੇਣ ਸਾਥ ਦੇਣ ਦੀ ਕੀਤੀ ਅਪੀਲ
*ਆਨਲਾਈਨ ਕੰਪਨੀਆਂ ਦੀਆਂ ਭਾਰੀ ਛੋਟਾਂ ਕਾਰਨ ਰਵਾਇਤੀ ਬਾਜ਼ਾਰਾਂ ਦਾ ਕਾਰੋਬਾਰ ਪ੍ਰਭਾਵਿਤ : ਵਿਪਨ ਬਿੱਟੂ*
ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਿਉਹਾਰਾਂ ਦੇ ਸੀਜ਼ਨ ਦੌਰਾਨ ਆਨਲਾਈਨ ਕੰਪਨੀਆਂ ਵੱਲੋਂ ਵੱਖ-ਵੱਖ ਉਤਪਾਦਾਂ ‘ਤੇ ਦਿੱਤੇ ਜਾ ਰਹੇ ਭਾਰੀ ਡਿਸਕਾਊਂਟ ਅਤੇ ਲੁਭਾਉਣ ਵਾਲੇ ਆਫਰਾਂ ਨੇ ਛੋਟੇ ਦੁਕਾਨਦਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਜਰਨਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਵਿਪਨ ਕੁਮਾਰ ਬਿੱਟੂ ਨੇ ਇਸ ਰੁਝਾਨ ‘ਤੇ ਫਿਕਰ ਜ਼ਾਹਰ ਕਰਦਿਆਂ ਕਿਹਾ ਕਿ ਆਨਲਾਈਨ ਪਲੇਟਫਾਰਮਾਂ ਦੀਆਂ ਵੱਡੀਆਂ ਛੋਟਾਂ ਕਾਰਨ ਰਵਾਇਤੀ ਬਾਜ਼ਾਰਾਂ ‘ਚ ਕਾਰੋਬਾਰ ਕਰਨ ਵਾਲੇ ਛੋਟੇ ਵਪਾਰੀਆਂ ਲਈ ਮੁਕਾਬਲਾ ਕਰਨਾ ਲਗਾਤਾਰ ਔਖਾ ਹੋ ਰਿਹਾ ਹੈ। ਵਿਪਨ ਬਿੱਟੂ ਨੇ ਸਰਕਾਰ ਤੋਂ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਤਿਉਹਾਰਾਂ ਦਾ ਸਮਾਂ ਛੋਟੇ ਦੁਕਾਨਦਾਰਾਂ ਲਈ ਸਾਲ ਦੇ ਸਭ ਤੋਂ ਅਹਿਮ ਕਾਰੋਬਾਰੀ ਦੌਰਾਂ ‘ਚੋਂ ਇਕ ਹੁੰਦਾ ਹੈ। ਇਸ ਸਮੇਂ ਦੌਰਾਨ ਹੋਣ ਵਾਲੀ ਵਿਕਰੀ ਨਾਲ ਵਪਾਰੀਆਂ ਨੂੰ ਸਾਲ ਭਰ ਦੇ ਖਰਚਿਆਂ ਦੀ ਪੂਰਤੀ ਅਤੇ ਕਾਰੋਬਾਰ ਨੂੰ ਅੱਗੇ ਵਧਾਉਣ ‘ਚ ਮਦਦ ਮਿਲਦੀ ਹੈ ਪਰ ਆਨਲਾਈਨ ਕੰਪਨੀਆਂ ਵੱਲੋਂ ਭਾਰੀ ਛੋਟਾਂ ਅਤੇ ਵਿਸ਼ੇਸ਼ ਆਫਰਾਂ ਦੀ ਪੇਸ਼ਕਸ਼ ਨਾਲ ਗਾਹਕਾਂ ਦਾ ਰੁਝਾਨ ਡਿਜ਼ੀਟਲ ਖਰੀਦਦਾਰੀ ਵੱਲ ਵਧ ਰਿਹਾ ਹੈ, ਜਿਸ ਦਾ ਅਸਰ ਸਥਾਨਕ ਬਾਜ਼ਾਰਾਂ ਦੀ ਵਿਕਰੀ ‘ਤੇ ਪੈ ਸਕਦਾ ਹੈ। ਉਹਨਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਨੂੰ ਦੁਕਾਨਾਂ ਦਾ ਕਿਰਾਇਆ, ਬਿਜਲੀ ਦੇ ਬਿੱਲ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਕਾਰੋਬਾਰੀ ਖਰਚੇ ਵੀ ਝੱਲਣੇ ਪੈਂਦੇ ਹਨ, ਅਜਿਹੇ ਹਾਲਾਤ ‘ਚ ਵੱਡੀਆਂ ਆਨਲਾਈਨ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਵੱਡੀਆਂ ਛੋਟਾਂ ਦਾ ਮੁਕਾਬਲਾ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ। ਸਥਾਨਕ ਵਪਾਰੀ ਗਾਹਕਾਂ ਨੂੰ ਉਤਪਾਦ ਦਿਖਾਉਣ, ਉਨ੍ਹਾਂ ਦੀ ਪਸੰਦ ਅਨੁਸਾਰ ਸਾਮਾਨ ਮੁਹੱਈਆ ਕਰਵਾਉਣ ਅਤੇ ਖਰੀਦਦਾਰੀ ਤੋਂ ਬਾਅਦ ਵੀ ਸੇਵਾ ਦੇਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ ਪਰ ਕੀਮਤਾਂ ਦੇ ਮੁਕਾਬਲੇ ‘ਚ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

