ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਦੇ ਚੇਅਰਮੈਨ ਇੰਜਨੀਅਰ ਚਮਨ ਲਾਲ ਗੁਲਾਟੀ, ਮੈਨੇਜਿੰਗ ਡਾਇਰੈਕਟਰ ਪੰਕਜ ਗੁਲਾਟੀ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਗ੍ਰੀਨ ‘ਦੀਵਾਲੀ’ ਮਨਾਉਣ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਵਿਦਿਆਰਥੀ ‘ਦੀਵਾਲੀ’ ਮੌਕੇ ਪਟਾਕੇ ਨਾ ਚਲਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗ੍ਰੀਨ ‘ਦੀਵਾਲੀ’ ਮਨਾਉਣ, ਕਿਉਂਕਿ ਪਟਾਕਿਆਂ ਨਾਲ ਪ੍ਰਦੂਸ਼ਣ ਫ਼ੈਲਦਾ ਹੈ, ਜਿਸ ਨਾਲ ਵਾਤਾਵਰਨ ਗੰਧਲਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ‘ਦੀਵਾਲੀ’ ਇੱਕ ਪਵਿੱਤਰ ਤਿਉਹਾਰ ਹੈ ਅਤੇ ਇਹ ਤਿਉਹਾਰ ਸਭ ਨੂੰ ਰਲ ਮਿਲਕੇ ਕੇ ਖੁਸ਼ੀਆਂ ਦੇ ਨਾਲ ਮਨਾਉਣਾ ਚਾਹੀਦਾ ਹੈ। ‘ਦੀਵਾਲੀ’ ਦੀ ਮਹੱਤਤਾ ਬਾਰੇ ਦੱਸਦੇ ਹੋਏ ਚੇਅਰਮੈਨ ਗੁਲਾਟੀ ਨੇ ਕਿਹਾ ਕਿ ‘ਦੀਵਾਲੀ’ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ, ਜਿੰਨਾਂ ਦੇ ਵਾਪਸ ਪਰਤਣ ਦੀ ਖੁਸ਼ੀ ਵਿਚ ਉੱਥੋਂ ਦੇ ਲੋਕਾਂ ਨੇ ਦੋਸੀ ਘਿਓ ਦੇ ਦੀਵੇ ਬਾਲੇ ਸਨ। ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉਹਨਾਂ ਅੱਗੇ ਦੱਸਿਆ ਕਿ ਸਿੱਖ ਧਰਮ ਵਿਚ ਵੀ ਇਸ ਤਿਉਹਾਰ ਦਾ ਖਾਸ ਮਹੱਤਵ ਹੈ, ਕਿਉਂਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਹਿੰਦੂ ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਪਹੁੰਚੇ ਸਨ ਅਤੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
