ਲੋਕ ਕਵੀ ਸੰਤ ਰਾਮ ਉਦਾਸੀ ਬਹੁਤ ਸੰਖੇਪ ਉਮਰ ਜੀਵਿਆ। ਲਗਪਗ 47 ਸਾਲ।
20ਅਪ੍ਰੈਲ 1939 ਨੂੰ ਜਨਮਿਆ ਰਾਏਸਰ(ਬਰਨਾਲਾ) ਵਿੱਚ ਤੇ ਨੰਦੇੜ ਤੋਂ ਪਰਤਦਿਆਂ 6ਨਵੰਬਰ 1986 ਵਿੱਚ ਸਦੀਵੀ ਅਲਵਿਦਾ ਕਹਿ ਗਿਆ।
ਮੈਨੂੰ ਉਦਾਸੀ ਜੀ ਨਾਲ ਦਸ ਬਾਰਾਂ ਵਾਰ ਕਵੀ ਦਰਬਾਰ ਪੜ੍ਹਨ ਦਾ ਮੌਕਾ ਮਿਲਿਆ। ਇੱਕ ਵਾਰ 1981 ਵਿੱਚ ਜਦ ਲਾਇਲਪੁਰ ਖ਼ਾਲਸਾ ਕਾਲਿਜ ਵਿੱਚ ਫ਼ਤਹਿਜੀਤ, ਵਰਿਆਮ ਸਿੰਘ ਸੰਧੂ, ਦਰਸ਼ਨ ਖਟਕੜ, ਪਾਸ਼, ਸੁਰਜੀਤ ਪਾਤਰ, ਸੁਰਿੰਦਰ ਗਿੱਲ, ਰਵਿੰਦਰ ਸਹਿਰਾਅ, ਨਰਜੀਤ ਖਹਿਰਾ ਸਮੇਤ ਮੈਂ ਵੀ ਹਾਜ਼ਰ ਸਾਂ
ਦੋ ਵਾਰ ਉਹ ਸਾਡੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਮੇਰੇ ਬੁਲਾਵੇ ਤੇ ਆਇਆ।
ਉਸ ਦੇ ਦੋ ਸਨਮਾਨ ਵੀ ਵੇਖੇ। ਪਹਿਲਾਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸ. ਜਸਵੰਤ ਸਿੰਘ ਕੰਵਲ ਹੱਥੋਂ ਤੇ ਦੂਸਰਾ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸਾਖੀ ਮੇਲੇ ਤੇ। ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਸਿੱਕਿਆਂ ਨਾਲ ਤੇਲਿਆ ਸੀ।
ਉਸ ਦਾ ਲਿਖਿਆ ਇਹ ਗੀਤ ਉਸ ਦੀ ਹੀ ਯਾਦ ਨੂੰ ਸਮਰਪਿਤ ਹੈ।
ਉੱਠਣ ਦਾ ਵੇਲਾ
▪️ਸੰਤ ਰਾਮ ਉਦਾਸੀ
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ ।
ਸੁੱਤਿਆ ਵੇ ਇਹ ਧਰਤ ਹੈ ਕੇਹੀ ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ ।
ਕੁਝ ਟੁਕੜੇ ਕੁਝ ਟਕਿਆਂ ਬਦਲੇ, ਮਾਸ ਦੇ ਵਾਂਗੂੰ ਹੱਟੀਏਂ ਵਿਕਦਾ ।
ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ੍ਹ ਦਾ ਹੁੱਟ ਵੇ ।
ਜੇ ਰੋਟੀ ਦੀ ਅੱਗ ਚਾਹੀਦੀ ਤਾਂ ਫਿਰ ਸਾਂਭ ਬਾਰੂਦ ਨਾ ਰੱਖੀਂ ।
ਜੇ ਕੁਝ ਮੁੜ੍ਹਕੇ ਦਾ ਮੋਹ ਹੈਗਾ ਤਾਂ ਫਿਰ ਨੱਪ ਖਰੂਦ ਨਾ ਰੱਖੀਂ ।
ਤੂੰ ਐਟਮ ਦੀ ਧੂੜ ਵਿਚਾਲੇ ਸੁੱਟ ਚਾਨਣ ਦੀ ਮੁੱਠ ਵੇ ।
ਤੇਰੇ ਹਲ ਦੀਆਂ ਰਾਹਲਾਂ ਦਾ ਕੋਈ ਕਾਹਤੋਂ ਸੱਪਣੀ ਲਾਭ ਉੱਠਾਵੇ ।
ਫ਼ੌਜਣ ਕਾਹਤੋਂ ਆਪਣੇ ਢਿੱਡ ਵਿਚ ਸੇਠ ਦਾ ਕੀਤਾ ਪਾਪ ਹੰਢਾਵੇ ।
ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈਂ ਉਹ ਗੁੱਟ ਵੇ ।
ਸਖਣੇ ਜੰਗ ਨੂੰ ਭਰਦਾ ਕੋਈ ਪੁੰਨ ਯੁੱਗਾਂ ਦਾ ਕਿਸੇ ਨੂੰ ਲੱਗਦਾ ।
ਗੋਲੀ ਕਿਸੇ ਦੀ ਹਿੱਕ ਨੂੰ ਵਿੰਨ੍ਹੇ, ਤਗ਼ਮਾ ਕਿਸੇ ਦੀ ਹਿੱਕ ‘ਤੇ ਫੱਬਦਾ ।
ਤੂੰ ਖੰਡੇ ਦੀ ਧਾਰ ਦੇ ਵਿਚੋਂ ਲਿਸ਼ਕ ਵਾਂਗਰਾਂ ਫੁੱਟ ਵੇ ।
ਪਿੰਡਾ ਦੀ ਰੌਣਕ ਸਭ ਢੋਈ ਕਿਰਤੀ ਦੇ ਕੰਧਿਆਂ ‘ਤੇ ਸ਼ਹਿਰਾਂ ।
ਪਰ ਤੇਰਿਆਂ ਚਾਵਾਂ ਦੇ ਨਿੱਤ ਮੁਰਦੇ ਸਿਰ ‘ਤੇ ਢੋਵਣ ਤੇਰੀਆਂ ਲਹਿਰਾਂ ।
ਸਿਰ ਤਾਂ ਬੀਜ਼ ਸਹੀ ਤੂੰ, ਬੱਦਲੀ ਆਪੇ ਪਊ ਤਰੁੱਠ ਵੇ ।
ਮੁੜ ਜੇ ਕਿਤੇ ਨਿਰਾਸ਼ ਨਾ ਕਵਿਤਾ ਤੇਰੇ ਦਰ ਮੂਹਰੇ ਦੇ ਹੋਕਾ ।
ਕਲਮ ਲਹੂ ਵਿਚ ਕੱਢੇ ਕੁਤਕੁਤੀ ਸੁਰਤ ਕਰੀਂ ਵੇ ਸੁੱਤਿਆ ਲੋਕਾ ।
ਖੜ੍ਹੇ ਤਲਾਅ ਵਿਚ ਵਾਂਗ ਕੰਕਰੀ ਲਹਿਰਾਂ ਬਣ ਕੇ ਫੁੱਟ ਵੇ ।
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ
ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ।
ਗੁਰਭਜਨ ਗਿੱਲ
