ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਸਜਾਇਆ ਸੀ,
ਸੱਚੇ ਪਾਤਸ਼ਾਹ ਨੇ ਜ਼ੁਲਮ ਅੱਗੇ ਕਦੇ ਸੀਸ ਨਾ ਝੁਕਾਇਆ ਸੀ।
ਦੇਖ ਕੇ ਗੁਰੂ ਜੀ ਦੀ ਫ਼ੌਜ ਅਤੇ ਉੱਚੇ ਸ਼ਾਨ-ਓ-ਸ਼ੌਕਤ ਨੂੰ,
ਜਹਾਂਗੀਰ ਦੇ ਦਿਲ ਵਿੱਚ ਬਹੁਤ ਖ਼ੌਫ਼ ਸਮਾਇਆ ਸੀ।
ਦੁਸ਼ਟ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਕੈਦ ਕਰਵਾਇਆ ਸੀ,
ਗੁਰੂ ਜੀ ਦੀ ਚੜ੍ਹਦੀ ਕਲਾ ਦੇਖ ਮੁਗ਼ਲ ਹਾਕਮ ਘਬਰਾਇਆ ਸੀ।
ਕਈ ਸਾਲਾਂ ਤੋਂ ਨਜ਼ਰਬੰਦ ਸਨ ਜੋ ਬੇਵੱਸ ਰਾਜੇ ਓਥੇ,
ਉਨ੍ਹਾਂ ਦੀ ਕਿਸਮਤ ਦਾ ਸੂਰਜ ਗੁਰੂ ਜੀ ਦੇ ਆਉਣ ਨਾਲ ਚਮਕਾਇਆ ਸੀ।
ਜਿਹੜੇ ਭੁੱਲ ਚੁੱਕੇ ਸਨ ਆਸਾਂ ਅਤੇ ਜਿਉਣ ਦੀ ਚਾਹਤ ਨੂੰ,
ਦਾਤਾ ਨੇ ਓਥੇ ਜਾ ਕੇ ਉਨ੍ਹਾਂ ਦੇ ਹਿਰਦਿਆਂ ਨੂੰ ਠਾਰਿਆ ਸੀ।
ਡੇਢ ਸਾਲ ਬਾਅਦ ਜਦ ਰਿਹਾਈ ਦਾ ਫੁਰਮਾਨ ਸੁਣਾਇਆ ਸੀ,
ਅਖੀਰ ਆਪਣੀ ਗ਼ਲਤੀ ਉੱਤੇ ਉਹ ਬਹੁਤ ਪਛਤਾਇਆ ਸੀ।
ਛੇਵੇਂ ਪਾਤਸ਼ਾਹ ਨੇ ਇਕੱਲੇ ਰਿਹਾਈ ਦਾ ਫੁਰਮਾਨ ਠੁਕਰਾਇਆ ਸੀ,
ਬਵੰਜਾ ਰਾਜਿਆਂ ਦੀ ਰਿਹਾਈ ਬਾਰੇ ਆਖ ਸੁਣਾਇਆ ਸੀ।
ਜਹਾਂਗੀਰ ਨੇ ਗੁਰੂ ਜੀ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ ਸੀ,
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਹੁਤ ਸਮਝਾਇਆ ਸੀ।
ਪਰ ਕੇਵਲ ਹਮੇਸ਼ਾ ਸਿਫ਼ਰ ਨਤੀਜਾ ਹੀ ਉਸਨੇ ਪਾਇਆ ਸੀ,
ਜਹਾਂਗੀਰ ਨੇ ਸੋਚਿਆ ਸੀ ਕੋਈ ਰਾਜਾ ਨਿਕਲ ਨਹੀਂ ਪਾਵੇਗਾ,
ਪਰ ਗੁਰੂ ਜੀ ਨੇ ਆਪਣੀ ਸਮਝਦਾਰੀ ਸਦਕਾ ਉਸਦਾ ਹੰਕਾਰ ਮਿਟਾਇਆ ਸੀ।
ਗੁਰੂ ਜੀ ਦੇ ਦਾਮਨ ਨੂੰ ਪਕੜ ਕੇ ਜਾਣ ਲਈ ਸੁਣਾਇਆ ਸੀ,
ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਚੋਲਾ ਸਿਲਾਇਆ ਸੀ।
ਦਰਜ਼ੀ ਵੀ ਹੈਰਾਨ ਸੀ ਗੁਰੂ ਜੀ ਦੀ ਰਹਿਮਤ ਨੂੰ ਦੇਖ ਕੇ,
ਜਿਸਨੇ ਅਜਿਹਾ ਅਲੌਕਿਕ ਚੋਲਾ ਰਾਤੋ-ਰਾਤ ਸਿਲਾਇਆ ਸੀ।
ਹਰ ਇੱਕ ਕਲੀ ਵਿੱਚੋਂ ਮੁਕਤੀ ਦੀ ਖੁਸ਼ਬੂ ਆਉਂਦੀ ਸੀ,
ਜਿਸਨੇ ਹੰਕਾਰੀ ਮੁਗ਼ਲ ਦਾ ਹਰ ਇੱਕ ਪਾਸਾ ਪਲਟਾਇਆ ਸੀ।
ਆਪਣੇ ਨਾਲ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ,
ਇੱਕ-ਇੱਕ ਕਲੀ ਨੂੰ ਫੜ ਕੇ ਜਦੋਂ ਬਾਹਰ ਆਏ ਸਭ ਰਾਜੇ,
ਸਾਰੇ ਕਿਲ੍ਹੇ ਵਿੱਚੋਂ ਓਦੋਂ ‘ਸਤਿ ਸ਼੍ਰੀ ਅਕਾਲ’ ਦਾ ਜੈਕਾਰਾ ਗੂੰਜਿਆ ਸੀ।
ਹਰਿਮੰਦਰ ਸਾਹਿਬ ਦੀ ਧਰਤੀ ਪਲਕਾਂ ਵਿਛਾ ਕੇ ਬੈਠੀ ਸੀ,
ਬਾਬਾ ਬੁੱਢਾ ਜੀ ਨੇ ਸਾਰੀ ਨਗਰੀ ਨੂੰ ਦੁਲਹਨ ਵਾਂਗ ਸਜਾਇਆ ਸੀ।
ਫਿਰ ਸਿੱਖ ਸੰਗਤ ਨੇ ਬੰਦੀ ਛੋੜ ਦਿਵਸ ਮਨਾਇਆ ਸੀ,
ਖੁਸ਼ੀ ਵਿੱਚ ਸੰਗਤ ਨੇ ਦੀਵਿਆਂ ਨੂੰ ਘਰਾਂ ਵਿੱਚ ਜਗਾਇਆ ਸੀ।
ਚੌਕਾਂ ਅਤੇ ਗਲੀਆਂ ਵਿੱਚ ਘਿਓ ਦੇ ਦੀਵੇ ਬਾਲੇ ਸਨ,
ਸਾਰੀ ਨਗਰੀ ਨੇ ਰਲ ਖੁਸ਼ੀ ਦੇ ਗੀਤ ਨੂੰ ਗਾਇਆ ਸੀ।
ਆਪਣੀ ਇੱਕ ਨਿਵੇਕਲੀ ਪ੍ਰਸੰਨਤਾ ਨੂੰ ਦਰਸਾਇਆ ਸੀ ।
ਅੱਜ ਵੀ ਓਹੀ ਚਾਨਣ ਅੰਮ੍ਰਿਤਸਰ ਦੇ ਸਰੋਵਰ ‘ਚੋਂ ਲਿਸ਼ਕਦਾ ਹੈ,
ਜਿਸਨੇ ਸਦੀਆਂ ਦੀ ਕਾਲੀ ਰਾਤ ਨੂੰ ਪਲ ਵਿੱਚ ਮਿਟਾਇਆ ਸੀ।
ਪਰਮਬੀਰ ਕੌਰ ਰਿਆੜ