
ਲੁਧਿਆਣਾ 11 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿਚ ਐੱਮ ਐੱਸ ਸੀ ਦੇ ਵਿਦਿਆਰਥੀ ਗੁਰਅੰਸ਼ਪਾਲ ਸਿੰਘ ਬੀਤੇ ਦਿਨੀਂ ਸ਼੍ਰੀਲੰਕਾ ਦੀ ਯੂਨੀਵਰਸਿਟੀ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਸ਼ਾਮਿਲ ਹੋਏ| ਇਹ ਕੌਮਾਂਤਰੀ ਕਾਨਫਰੰਸ ਮਿਹਨਤਾਲੇ ਵਿਖੇ ਰਾਜਰੱਤਾ ਯੂਨੀਵਰਸਿਟੀ ਵਿਚ ਆਯੋਜਿਤ ਕੀਤੀ ਗਈ ਸੀ| ਇਸ ਦੌਰਾਨ ਗੁਰਅੰਸ਼ਪਾਲ ਸਿੰਘ ਨੇ ਪੰਜਾਬ ਵਿਚ ਮਹੱਤਵਪੂਰਨ ਫਸਲਾਂ ਦੇ ਕੀੜੇ-ਮਕੌੜਿਆਂ ਦੇ ਬਾਇਓ ਰੋਕਥਾਮ ਏਜੰਟਾਂ ਦੀ ਭਿੰਨਤਾ ਬਾਰੇ ਪੇਸ਼ਕਾਰੀ ਦਿੱਤੀ| ਇਸ ਦੌਰਾਨ ਉਹਨਾਂ ਨੇ ਖੇਤੀਬਾੜੀ ਵਿਚ ਕੀਟਾਂ ਦੀ ਰੋਕਥਾਮ ਦੇ ਜੈਵਿਕ ਰੋਕਥਾਮ ਏਜੰਟਾਂ ਬਾਰੇ ਮਹੱਤਵਪੂਰਨ ਧਾਰਨਾਵਾਂ ਪੇਸ਼ ਕੀਤੀਆਂ| ਇਸ ਪੇਸ਼ਕਾਰੀ ਦੌਰਾਨ ਸ਼੍ਰੀਲੰਕਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਨ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਮੌਜੂਦ ਸਨ| ਇਸ ਦੌਰਾਨ ਵਿਦਿਆਰਥੀ ਨੇ ਸ਼੍ਰੀਲੰਕਾ ਦੀਆਂ ਮਹੱਤਵਪੂਰਨ ਖੋਜ ਸੰਸਥਾਵਾਂ ਜਿਵੇਂ ਖੇਤ ਫਸਲਾਂ ਬਾਰੇ ਖੋਜ ਅਤੇ ਵਿਕਾਸ ਸੰਸਥਾਨ ਮਹਿਲੂਪਲਾਮਾ ਅਤੇ ਬਾਗਬਾਨੀ ਫਸਲਾਂ ਬਾਰੇ ਖੋਜ ਅਤੇ ਵਿਕਾਸ ਸੰਸਥਾਨ ਕੈਂਡੀ ਦਾ ਦੌਰਾ ਵੀ ਕੀਤਾ| ਜ਼ਿਕਰਯੋਗ ਹੈ ਕਿ ਉਪਰੋਕਤ ਵਿਦਿਆਰਥੀ ਆਪਣਾ ਐੱਮ ਐੱਸ ਸੀ ਖੋਜ ਕਾਰਜ ਡਾ. ਪੀ ਐੱਸ ਸ਼ੇਰਾ ਦੀ ਨਿਗਰਾਨੀ ਹੇਠ ਕਰ ਰਿਹਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਇਸ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਉਸਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|

