ਸਵੈ-ਜਨਗਣਨਾ 16 ਤੋਂ 30 ਨਵੰਬਰ ਤੱਕ ਹੋਵੇਗੀ : ਤਹਿਸੀਲਦਾਰ ਪਰਮਿੰਦਰ ਸਿੰਘ ਵੜਿੰਗ
ਕੋਟਕਪੂਰਾ, 13 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਵਲੋਂ ਕਰਵਾਈ ਜਾ ਰਹੀ ਜਨਗਣਨਾ-2027 ਦੇ ਦੂਜੇ ਗੇੜ ਦੀਆਂ ਸਾਰੀਆਂ ਤਿਆਰੀਆਂ ਤਹਿਸੀਲ ਕੋਟਕਪੂਰਾ ਵਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਅੱਜ ਤਹਿਸੀਲ ਦਫਤਰ ਕੋਟਕਪੂਰਾ ਵਿਖੇ ਜਨਗਣਨਾ ਦੇ ਚਾਰਜ਼ ਅਫ਼ਸਰ ਤਹਿਸੀਲਦਾਰ ਸ. ਪਰਮਿੰਦਰ ਸਿੰਘ ਵੜਿੰਗ ਵਲੋਂ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ। ਇਸ ਸਮੇਂ ਉਹਨਾਂ ਨਾਲ ਜਨਗਣਨਾ ਟੀਮ ਤਹਿਸੀਲ ਕੋਟਕਪੂਰਾ ਦੇ ਚਾਰਜ਼ ਕਲਰਕ ਸੁਖਦੇਵ ਸਿੰਘ ਮਾਨ, ਪਰਵਿੰਦਰ ਸਿੰਘ ਅਤੇ ਟੈਕਨੀਕਲ ਅਸਿਸਟੈਂਟ ਟਿੰਕੂ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਤਹਿਸੀਲਦਾਰ ਸ. ਪਰਮਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਸਵੈ-ਜਨਗਣਨਾ ਦਾ ਕਾਰਜ 16 ਤੋਂ 30 ਨਵੰਬਰ ਤੱਕ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲਾ ਪੜਾਅ ਮਕਾਨਾਂ ਦੀ ਸੂਚੀਬੱਧਤਾ ਤੇ ਰਿਹਾਇਸ਼ੀ ਜਨਗਣਨਾ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ ਹੈ। ਪੰਜਾਬ ਰਾਜ ਵਿਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚਲੇਗਾ, ਜਿਸ ਦੀ ਰੈਫ਼ਰੇਂਸ ਡੇਟ 5 ਜਨਵਰੀ 2027 ਰਾਤ 12.00 ਵਜੇ ਤੱਕ ਹੋਵੇਗੀ। ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤਕ ਕੀਤੀ ਜਾ ਸਕੇਗੀ। ਨਾਗਰਿਕ ਜਨਗਣਨਾ ਨਾਲ ਸਬੰਧਤ 40 ਸਵਾਲਾਂ ਦੇ ਜਵਾਬ ਖ਼ੁਦ ਦੇਣ ਲਈ se.census.gov.in ਪੋਰਟਲ ‘ਤੇ ਲਾਗ ਇਨ ਕਰ ਸਕਦੇ ਹਨ। ਸਵੈ-ਗਣਨਾ ਪੋਰਟਲ 30 ਨਵੰਬਰ 2026 ਨੂੰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਨਗਣਨਾ ਦਾ ਮਨੋਰਥ ਦੇਸ਼ ਦੀ ਆਬਾਦੀ ਤੇ ਪਰਿਵਾਰਾਂ ਦੀ ਸਮਾਜਿਕ ਆਰਥਿਕ ਸਥਿਤੀ ਸਬੰਧੀ ਭਰੋਸੇਯੋਗ ਅੰਕੜੇ ਇਕੱਤਰ ਕਰਨਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਜਨਗਣਨਾ ਦੀ ਸਹੂਲਤ ਦਾ ਲਾਭ ਲੈਣ, ਸਹੀ ਤੇ ਮੁਕੰਮਲ ਜਾਣਕਾਰੀ ਦਰਜ ਕਰਨ, ਜਨਗਣਨਾ ਟੀਮਾਂ ਨੂੰ ਪੂਰਾ ਸਹਿਯੋਗ ਦੇਣ। ਲੋਕਾਂ ਵੱਲੋਂ ਦਿੱਤੀ ਗਈ ਸਹੀ ਜਾਣਕਾਰੀ ਭਵਿੱਖ ਵਿੱਚ ਯੋਜਨਾਵਾਂ, ਵਿਕਾਸ ਕਾਰਜਾਂ ਤੇ ਲੋਕ ਭਲਾਈ ਦੀਆਂ ਨੀਤੀਆਂ ਬਣਾਉਣ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ।
ਫੋਟੋ ਕੈਪਸ਼ਨ :- ਸ਼ਨਾਖਤੀ ਕਾਰਡ ਜਾਰੀ ਕਰਦੇ ਹੋਏ ਚਾਰਜ ਅਫ਼ਸਰ ਸ. ਪਰਮਿੰਦਰ ਸਿੰਘ ਵੜਿੰਗ ਨਾਲ ਚਾਰਜ਼ ਕਲਰਕ ਪਰਵਿੰਦਰ ਸਿੰਘ, ਟੈਕਨੀਕਲ ਅਸਿਸਟੈਂਟ ਟਿੰਕੂ ਕੁਮਾਰ ਤੇ ਹੋਰ।

