ਦੁਪਹਿਰ ਦਾ ਖਾਣਾ ਖਾ ਕੇ ਲੇਟੀ ਸਾਂ ਕਿ ਦਰਵਾਜ਼ੇ ਦੀ ਘੰਟੀ ਵੱਜੀ। ਵੇਖਿਆ ਕਿ ਪੁਰਾਣੇ ਕੱਪੜਿਆਂ ਬਦਲੇ ਭਾਂਡੇ ਦੇਣ ਵਾਲਾ ਖੜ੍ਹਾ ਸੀ। ਉਹਦਾ ਟੋਕਰਾ ਹੇਠਾਂ ਰਖਵਾ ਕੇ ਮੈਂ ਭਾਂਡੇ ਵੇਖਣ ਲੱਗੀ। ਇੰਨੇ ਨੂੰ ਦਸ-ਸਾਲਾ ਬੇਟਾ ਆਇਆ ਤੇ ਪੁੱਛਿਆ “ਮੰਮੀ, ਕੀ ਕਰ ਰਹੇ ਹੋ?” ਮੈਂ ਦੱਸਿਆ ਕਿ ਪੁਰਾਣੇ ਕੱਪੜੇ ਦੇ ਕੇ ਭਾਂਡੇ ਲਵਾਂਗੇ। ਉਹ ਬੜਾ ਹੈਰਾਨ ਹੋ ਕੇ ਬੋਲਿਆ, “ਮੰਮੀ ਆਪਣੀ ਰਸੋਈ ਵਿੱਚ ਤਾਂ ਕਿੰਨੇ ਜ਼ਿਆਦਾ ਭਾਂਡੇ ਪਏ ਹਨ! ਹੋਰ ਭਾਂਡੇ ਕਿਉਂ ਲੈ ਰਹੇ ਹੋ?” ਮੈਂ ਕਿਹਾ, “ਪੁਰਾਣੇ ਕੱਪੜੇ ਪਏ ਹਨ, ਇਨ੍ਹਾਂ ਨੂੰ ਦੇ ਕੇ ਭਾਂਡੇ ਲੈ ਲੈਂਦੇ ਹਾਂ।” ਇਸ ਤੇ ਉਹ ਬੋਲਿਆ, “ਮੈਂ ਸਕੂਲ ਜਾਂਦਾ ਹਾਂ ਤਾਂ ਪੁਲ ਦੇ ਹੇਠਾਂ ਬਹੁਤ ਸਾਰੇ ਗਰੀਬ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਂ ਪਿਓ ਸਭ ਨੇ ਪਾਟੇ-ਪੁਰਾਣੇ ਕੱਪੜੇ ਪਹਿਨੇ ਹੁੰਦੇ ਹਨ। ਤੁਸੀਂ ਇਹ ਕੱਪੜੇ ਉਨ੍ਹਾਂ ਨੂੰ ਕਿਉਂ ਨਹੀਂ ਵੰਡ ਦਿੰਦੇ?” ਮੈਂ ਹੈਰਾਨੀ ਨਾਲ ਬੇਟੇ ਦੇ ਮੂੰਹ ਵੱਲ ਵਿੰਹਦੀ ਰਹਿ ਗਈ। ਭਾਂਡੇ ਵਾਲੇ ਨੂੰ ਵਾਪਸ ਭੇਜ ਦਿੱਤਾ, ਕਾਰ ਕੱਢੀ, ਕੱਪੜਿਆਂ ਦੀ ਗੰਢੜੀ ਉਸ ਵਿੱਚ ਰੱਖੀ ਤੇ ਬੇਟੇ ਨੂੰ ਨਾਲ ਲੈ ਕੇ ਪੁਲ ਵੱਲ ਚੱਲ ਪਈ।
# ਮੂਲ : ਨਰਿੰਦਰ ਕੌਰ ਛਾਬੜਾ, ਔਰੰਗਾਬਾਦ- 431005 (ਮਹਾਰਾਸ਼ਟਰ) 9325261079.
# ਅਨੁ : ਪ੍ਰੋ. ਨਵ ਸੰਗੀਤ ਸਿੰਘ, 9417692015.

