ਸਕੂਲ ਸਮੇਂ ਡਿਊਟੀ ਦੌਰਾਨ ਮੈਂ ਅਕਸਰ ਲੜਕੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਦਿੰਦਾ ਰਹਿੰਦਾ । ਇਸ ਸਬੰਧੀ ਮੇਰੀ ਕਵਿਤਾ ‘ਵਿਦਿਆ ਹੈ ਗਹਿਣਾ ਕੀਮਤੀ’ ਜੋ ਕਿ ਪ੍ਰਮੁੱਖ ਅਖਬਾਰਾਂ ਅਤੇ ਮੈਗਜ਼ੀਨਾਂ ‘ਚ ਛੱਪ ਚੁੱਕੀ ਹੈ ਜੋ ਇਹੀ ਸੰਦੇਸ਼ ਦਿੰਦੀ ਹੈ ਕਿ ਵਿੱਦਿਆ ਜ਼ਿੰਦਗੀ ਦੀ ਸਫਲਤਾ ਲਈ ਅਹਿਮ ਰੋਲ ਅਦਾ ਕਰਦੀ ਹੈ ਜੋ ਕੋਈ ਚੁਰਾ ਨਹੀਂ ਸਕਦਾ । ਲੜਕੀਆਂ ਨੂੰ ਪੜ੍ਹਨ ਸਮੇਂ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਅਧਿਆਪਕਾਂ ਅਤੇ ਮਾਪਿਆਂ ਵਲੋਂ ਸਮਝ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਮੈਂ ਜ਼ਿਆਦਾ ਸਮਾਂ ਮਾਝੀ ਸਕੂਲ਼ ਵਿੱਚ ਹੀ ਸੇਵਾ ਕੀਤੀ ਹੈ । ਇਸ ਸਕੂਲ਼ ਦੇ ਬੱਚਿਆਂ ਨੂੰ ਅੱਠਵੀਂ ਅਤੇ ਦਸਵੀਂ ਬੋਰਡ ਦੇ ਪੇਪਰ ਬਲਦ ਕਲਾਂ ਸਕੂਲ ‘ਚ ਜੋ ਕਿ ਪਟਿਆਲਾ-ਸੰਗਰੂਰ ਰੋਡ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ । ਕਈ ਸਾਲ ਮੈਂ ਇਹ ਵਰਤਾਰਾ ਦੇਖਿਆ ਤਾਂ ਅਚਾਨਕ ਮੇਰੇ ਮਨ ਵਿੱਚ ਸਰਕਾਰੀ ਹਾਈ ਸਕੂਲ ਮਾਝੀ ‘ਚ ਹੀ ਪ੍ਰੀਖਿਆ ਕੇਂਦਰ ਬਣਵਾਉਣ ਦਾ ਫੁਰਨਾ ਫੁਰਿਆ । ਮਾਝੀ ਸਕੂਲ਼ ਦੇ ਬੱਚਿਆਂ ਦੀ ਗਿਣਤੀ ਕਾਫੀ ਸੀ , ਪਿੰਡ ਦੇ ਹੀ ਦੋ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀ । ਇਸ ਲਈ ਬੱਚਿਆਂ ਦੀ ਗਿਣਤੀ ਦੀ ਸ਼ਰਤ ਇਨ੍ਹਾਂ ਨਾਲ ਪੂਰੀ ਬਣਦੀ ਸੀ । ਪ੍ਰੀਖਿਆ ਬਣਵਾਉਣ ਦੀ ਇਹ ਪ੍ਰਕ੍ਰਿਆ ਸ਼ੁਰੂ ਕਰ ਲਈ । ਕਈ ਅਧਿਆਪਕਾਂ ਦੀ ਰਾਇ ਲਈ ਜੋ ਅਸਿੱਧੇ ਤੌਰ ਤੇ ਗੱਲਬਾਤ ਕਰਨ ਤੋਂ ਨਾ ਬਣਾਉਣ ਵਾਲੀ ਜਾਪਦੀ ਸੀ । ਇੱਕ ਅਧਿਆਪਕ ਨੇ ਇਹ ਤੌਖਲਾ ਪ੍ਰਗਟ ਕੀਤਾ ਕਿ ਪ੍ਰੀਖਿਆ ਕੇਂਦਰ ਬਣਨ ਨਾਲ ਚੈਕਿੰਗ ਟੀਮਾਂ ਆਇਆ ਕਰਨਗੀਆਂ , ਜਿਨ੍ਹਾਂ ‘ਚ ਉੱਚ ਅਧਿਕਾਰੀ ਵੀ ਹੋਣਗੇ ਜੋ ਕਲਾਸਾਂ ‘ਚ ਵੀ ਚੈਕਿੰਗ ਕਰ ਸਕਦੀਆਂ ਹਨ ।ਉਨ੍ਹਾਂ ਦਾ ਭਾਵ ਸੀ , ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਕਿਉਂ ਕਰਨੀ ਹੈ । ਚਲੋ ਇੱਕ ਹੋਰ ਅਧਿਆਪਕ ਦਾ ਕਹਿਣਾ ਸੀ ਕਿ ਲੋਕਲ ਪੱਧਰ ਤੇ ਕਈ ਵਿਸ਼ਿਆਂ ਦੇ ਪੇਪਰ ਮਾਰਕਿੰਗ ਹੁੰਦੀ ਹੈ ਉਨ੍ਹਾਂ ਦਾ ਵਾਧੂ ਕੰਮ ਪੇਪਰ ਮਾਰਕਿੰਗ ਲਈ ਵਧੇਗਾ ।ਉਂਝ ਕੁਲ ਮਿਲਾ ਕੇ ਸਟਾਫ ਦਾ ਸਹਿਯੋਗ ਮਿਲਿਆ । ਚਲੋ ਸਕੂਲ ਇੰਚਾਰਜ ਸ੍ਰ. ਲਛਮਣ ਸਿੰਘ ਇਸ ਗੱਲ ਲਈ ਸਹਿਮਤ ਸੀ ਜੋ ਇੱਕ ਦਾਨਾ ਬੰਦਾ ਸੀ ।ਉਸ ਨੇ ਇਸ ਕੰਮ ਲਈ ਮੇਰੇ ਨਾਲ ਪੂਰਾ ਸਹਿਯੋਗ ਦਿੱਤਾ । ਪ੍ਰੀਖਿਆ ਕੇਂਦਰ ਲਈ ਅਪਲਾਈ ਕਰਨ ਲਈ ਫਾਰਮ ਭਰ ਕੇ ਅਤੇ ਬਣਦੀਆਂ ਸ਼ਰਤਾਂ ਪੂਰੀਆਂ ਕਰਕੇ ਬਣਦੀ ਫੀਸ ਨਾਲ ਬੋਰਡ ਵਿਖੇ ਪੁੱਜਦਾ ਕਰ ਦਿਤੇ
। ਛੁੱਟੀਆਂ ‘ਚ ਬੋਰਡ ਤੋਂ ਕੇਂਦਰ ਦੀ ਬਿਲਡਿੰਗ ਦਾ ਨਕਸ਼ਾ ਬਣਾ ਕੇ ਭੇਜਣ ਲਈ ਅਤੇ ਤਾਕੀਆਂ ਨੂੰ ਜਾਲੀਆਂ ਲਗਵਾ ਕੇ ਸਰਟੀਫਿਕੇਟ ਦੇਣ ਦਾ ਫੋਨ ਆ ਗਿਆ ਜੋ ਕਿ ਡਰਾਇੰਗ ਟੀਚਰ ਪਰਮਜੀਤ ਸਿੰਘ ਨੇ ਬਣਾ ਕੇ ਦੇ ਦਿੱਤਾ ਇਸੇ ਤਰ੍ਹਾਂ ਉਸ ਨੇ ਕਮਰਿਆਂ ਦੀਆਂ ਤਾਕੀਆਂ ਨੂੰ ਜਾਲੀਆਂ ਲਗਵਾ ਦਿੱਤੀਆਂ ਜੋ ਕਿ ਸਰਟੀਫਿਕੇਟ ਦੇਣਾ ਸੀ ਉਹ ਵੀ ਕੰਮ ਨੇਪਰੇ ਚੜ੍ਹ ਗਿਆ ।ਇਸ ਸਬੰਧ ‘ਚ ਮੇਰੇ ਕਈ ਗੇੜੇ ਮੋਹਾਲੀ ਬੋਰਡ ਦੇ ਲੱਗੇ , ਮੈਂ ਇਸ ਨੂੰ ਕੋਈ ਸਿਰਦਰਦੀ ਨਹੀਂ ਸਮਝਿਆ ਸਗੋਂ ਮੇਰੇ ਮਨ ‘ਚ ਇਸ ਕੰਮ ਨੂੰ ਹਰ ਹਾਲਤ ‘ਚ ਪੂਰ ਚਾੜ੍ਹਨਾ ਸੀ । ਹਾਲਾਂ ਕਿ ਕਮਰੇ ਕੋਈ ਤਰਤੀਬ ‘ਚ ਨਹੀਂ ਸਨ ।ਬੋਰਡ ਵਲੋਂ ਬਣਾਈ ਟੀਮ ਵਲੋਂ ਪ੍ਰੀਖਿਆ ਕੇਂਦਰ ਨੂੰ ਖੁਦ ਜਾ ਕੇ ਜਰੂਰੀ ਸ਼ਰਤਾਂ ਨੂੰ ਚੈਕ ਕਰਨਾ ਹੁੰਦਾ ਹੈ । ਇਸ ਲਈ ਬੋਰਡ ਵਲੋਂ ਇਸ ਚੈਕਿੰਗ / ਨਿਰੀਖਣ ਲਈ ਟੀਮ ਦੇ ਆਉਣ ਦਾ ਦਿਨ ਫੋਨ ਉੱਪਰ ਦੱਸ ਦਿੱਤਾ ਗਿਆ । ਨਿਸਚਤ ਦਿਨ ਉੱਪਰ ਟੀਮ ਦੇ ਮੈਂਬਰਾਂ ਨੇ ਆਪਣੀ ਵਿਜ਼ਿਟ ਪਾਈ ਅਤੇ ਕੇਂਦਰ ਨੂੰ ਅਪਰੂਵ ਕਰਕੇ ਰਿਪੋਰਟ ਬੋਰਡ ‘ਚ ਦੇ ਦਿੱਤੀ ।ਇਸ ਤਰ੍ਹਾਂ ਇਹ ਪ੍ਰੀਖਿਆ ਕੇਂਦਰ ਸਕੂਲ ‘ਚ ਬਣਨ ਦਾ ਲਿਖਤੀ ਤੌਰ ਤੇ ਪੱਤਰ ਆ ਗਿਆ । ਅਖੀਰ ਸਫਲਤਾ ਪੂਰਵਕ ਪ੍ਰੀਖਿਆ ਕੇਂਦਰ ਸਕੂਲ ‘ਚ ਬਣਨ ਦਾ ਕੰਮ ਪਵ੍ਰਾਨ ਚੜ੍ਹ ਗਿਆ । ਪਹਿਲੇ ਸਾਲਾਨਾ ਬੋਰਡ ਦੀ ਪ੍ਰੀਖਿਆ ਵਾਲੇ ਸ਼ੈਸ਼ਨ ‘ਚ ਮੈਨੂੰ ਬਤੌਰ ਸਹਾਇਕ / ਕਲੈਰੀਕਲ ਕੰਮ ਦੀ ਡਿਊਟੀ ਨਿਭਾਉਣੀ ਪਈ । ਸਾਰਾ ਇੰਤਜਾਮ ਵਧੀਆ ਤਰੀਕੇ ਨਾਲ ਹੋ ਗਿਆ , ਪਹਿਲੀ ਵਾਰ ਕੇਂਦਰ ਸੁਰੂ ਹੋਣ ਕਰਕੇ ਸੁਪਰਡੰਟ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਇਹ ਸਾਰਾ ਕੁਝ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਹੋਇਆ ।ਪਿੰਡ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਾਲੇ , ਬੱਚਿਆਂ ਦੇ ਮਾਪੇ ਅਤੇ ਬੱਚੇ ਵੀ ਖੁਸ਼ ਸਨ , ਖਾਸ ਕਰਕੇ ਲੜਕੀਆਂ ਦੇ ਮਾਪਿਆ ਅਤੇ ਲੜਕੀਆਂ ਲਈ ਇਹ ਕੇਂਦਰ ਵਰਦਾਨ ਸਾਬਤ ਹੋਇਆ ।
…. ਮੇਜਰ ਸਿੰਘ ਨਾਭਾ …ਮੋ : 9463553962
