ਹੱਥ ਜੋੜ ਅਰਜ ਕਰਾਂ ਪੰਜਾਬ ਸਿੰਘਾਂ
ਉੱਚ ਚੋਟੀ ਦੇ ਸਰਦਾਰਾ ਵੇ,
ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ
ਦਿੱਤਾ ਬਹੁਤਾ ਸੋਹਣਾ ਤੁਸਾਂ ਹੁਲਾਰਾ ਵੇ।
ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ,
ਪੰਜਾਬੀ ਮਾਹ ਤੁਸੀਂ ਪਿਛਲੇ ਸਾਲ ਜੋ ਮਨਾਇਆ ਹੈ,
ਸ਼ੁਕਰ ਹੈ ਪੰਜਾਬ ਦਾ ਦਰਦ ਸਮਝਣ ਵਾਲਿਆਂ ਨੂੰ ,
ਮਾਂ ਬੋਲੀ ਦਾ ਆਖ਼ਰ ਚ ਚੇਤਾ ਆਇਆ ਹੈ।
ਸਰਕਾਰੀ,ਪ੍ਰਾਈਵੇਟ,ਅਰਧ-ਸਰਕਾਰੀ ਦਫ਼ਤਰ ਵਿਚ,
ਪੰਜਾਬੀ ਵਰਤਣ ਦਾ ਬੀੜਾ ਜੋ ਤੁਸਾਂ ਚੁੱਕਿਆ ਹੈ,
ਟੋਟਕਾ ਅਫ਼ਸਰਸ਼ਾਹੀ ਵਾਲਾ ਪਹਿਲਾਂ ਦੀ ਤਰ੍ਹਾਂ
ਉੱਥੇ ਦਾ ਉੱਥੇ ਅੱਜ ਵੀ ਉਂਝ ਹੀ ਰੁੱਕਿਆ ਹੈ।
ਮਾਲ ਵਿਭਾਗ ਦੇ ਰਿਕਾਰਡ ਵਿਚ ਉਹ,
ਗੁਰਮੁਖੀ ਵਿਚ ਉਰਦੂ ਮਿਲਾਈ ਜਾਂਦੇ ਨੇ,
ਕਿਸਾਨ ਭਰਾਵਾਂ ਨੂੰ ਗੁੰਮਰਾਹ ਕਰਕੇ ,
ਇਸ ਦੇ ਬਦਲੇ ਓਹ ਵੱਢੀ ਖਾਈ ਜਾਂਦੇ ਨੇ।
ਪੰਜਾਬ ਦੀ ਨਿਆਂ ਪ੍ਰਣਾਲੀ ਵਿਚ,
ਕੇਸਾਂ ਦੀ ਪੈਰਵਾਈ ਜੋ ਅੰਗਰੇਜ਼ੀ ਵਿਚ ਕਰਦੇ ਨੇ,
ਜੱਜਾਂ ਨੂੰ ਸਮਝਾਉਣ ਲਈ ਤੁਸੀਂ,
ਓਥੇ ਪੰਜਾਬੀ ਟਾਈਪਿਸਟਾਂ ਦੀ ਅਸਾਮੀ ਭਰਦੋ ਵੇ।
ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਤੁਸੀਂ
ਸਚਮੁੱਚ ਸਖਤੀ ਨਾਲ ਹੰਭਲਾ ਮਾਰੋ ਵੇ,
ਜਮੀਨੀ ਪੱਧਰ ਤੇ ਤੁਸੀਂ ਸਖ਼ਤੀ ਨਾਲ ਕੰਮ ਕਰੋ,
ਐਵੇਂ ਫੋਕੀਆਂ ਗੱਲਾਂ ਨਾਲ ਨਾ ਸਾਰੋ ਵੇ।
ਪੰਜਾਬੀ ਵਿੱਚ ਈਮਾਨਦਾਰੀ ਨਾਲ ਕੰਮ ਕਰਨਾ
ਸਾਰੇ ਅਦਾਰਿਆਂ ਤੇ ਤਾਂ ਹੀ ਅਮਲੀ ਹੋਵੇਗਾ,
ਕਾਰਵਾਈ ਕਰਨ ਦਾ ਅਧਿਕਾਰ ਕਾਨੂੰਨ,
ਜੇਕਰ ਸਰਕਾਰ ਵੱਲੋਂ ਸਖ਼ਤੀ ਨਾਲ ਲਾਗੂ ਹੋਵੇਗਾ।
ਪਹਿਲਾਂ ਸਰਕਾਰੀ ਮਦਦ ਨਾਲ ਅਦਾਰੇ,
ਤੁਹਾਨੂੰ ਪੰਜਾਬੀ ਵਿੱਚ ਆਪ ਕਰਨੇ ਪੈਣਗੇ,
ਅਜਿਹਾ ਕਰਨ ਲਈ ਖ਼ਜ਼ਾਨੇ ਦੇ ਮੂੰਹ ,
ਅਦਾਰਿਆਂ ਵੱਲ ਆਪ ਕਰਨੇ ਪੈਣਗੇ।
ਪੰਜਾਬ ਖੇਤਰੀ ਮਾਂ ਬੋਲੀ ਦਾ ਮੋਹ ਤੁਸੀਂ
ਹਰ ਅਦਾਰੇ ਵਿੱਚ ਇੰਝ ਵਿਸਾਰ ਦਿਓ,
ਇਸਦੀ ਯੋਗ ਅਗਵਾਈ ਤੁਸੀ ਆਪ ਕਰਿਓ,
ਕਿਤੇ ਦਰਵਾਜੇ ਤੇ ਖੜਾ ਕਰਕੇ ਹੀ ਨਾ ਸਾਰ ਦਿਉ।
ਉਮੀਦ ਹੈ ਇਨ੍ਹਾਂ ਵਡਮੁੱਲੇ ਪੈਂਤੀ ਹੀਰਿਆ ਨੂੰ,
ਤੁਸੀ ਇੱਕ ਮਾਲਾ ਵਿਚ ਜ਼ਰੂਰ ਪਰੋਵੋਗੇ,
ਨਹੀਂ ਤਾਂ ਫਿਰ ਪਹਿਲੀਆਂ ਸਰਕਾਰਾਂ ਵਾਂਗੂੰ,
ਤੁਸੀਂ ਵੀ ੳਹੀ ਜੁਮਲੇਵਾਜ ਹੋਵੋਂਗੇ।
ਤੁਸੀਂ ਵੀ ੳਹੀ ਜੁਮਲੇਵਾਜ ਹੋਵੋਂਗੇ।।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188