ਕੁਝ ਸਮਾਂ ਪਹਿਲਾਂ ਇੱਕ ਪਰਿਵਾਰ ਦੂਰੋਂ ਬਦਲੀ ਕਰਵਾ ਕੇ ਸ਼ਹਿਰ ਦੀ ਨਵੀਂ ਬਣੀ ਕਾਲੋਨੀ ਵਿੱਚ ਰਹਿਣ ਲੱਗਿਆ। ਘਰ ਵਿੱਚ ਕੁੱਲ ਤਿੰਨ ਮੈਂਬਰ ਸਨ – ਪਤੀ, ਪਤਨੀ ਤੇ ਬੇਟੀ। ਘਰ ਉਨ੍ਹਾਂ ਨੇ ਬਣਿਆ-ਬਣਾਇਆ ਖਰੀਦਿਆ ਸੀ। ਪੈਸੇ ਤਾਂ ਭਾਵੇਂ ਕਾਫੀ ਲੱਗ ਗਏ, ਪਰ ਖੁੱਲ੍ਹਾ-ਡੁੱਲਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਪਸੰਦ ਸੀ। ਦੋ ਕੁ ਸਾਲ ਤੋਂ ਖਾਲੀ ਪਿਆ ਹੋਣ ਕਰਕੇ ਘਰ ਦੇ ਇੱਕ ਝਰੋਖੇ ਵਿੱਚ ਕਬੂਤਰ-ਕਬੂਤਰੀ ਦਾ ਜੋੜਾ ਬੜੇ ਮਜ਼ੇ ਨਾਲ ਰਹਿ ਰਿਹਾ ਸੀ। ਇਨ੍ਹਾਂ ਨੇ ਥਾਂ-ਥਾਂ ਬਿੱਠਾਂ ਕੀਤੀਆਂ ਹੋਈਆਂ ਸਨ, ਤੀਲੇ ਏਧਰ-ਓਧਰ ਖਿੱਲਰੇ ਹੋਏ ਸਨ। ਬਿੱਠਾਂ ਅਤੇ ਤੀਲੇ ਤਾਂ ਪਤੀ-ਪਤਨੀ ਨੇ ਸਾਫ਼ ਕਰ ਦਿੱਤੇ ਪਰ ਆਲਣਾ ਢਾਹੁਣ ਬਾਰੇ ਦੁਚਿੱਤੀ ਵਿੱਚ ਸਨ। ਪਤੀ ਨੇ ਪੌੜੀ ਰਾਹੀਂ ਆਲਣੇ ਵਿੱਚ ਵੇਖਿਆ ਤਾਂ ਉੱਥੇ ਕਬੂਤਰੀ ਨੇ ਦੋ ਅੰਡੇ ਦਿੱਤੇ ਹੋਏ ਸਨ। ਸਰਦੀ ਨੇੜੇ ਆ ਰਹੀ ਸੀ ਤਾਂ ਪਰਿਵਾਰ ਨੇ ਆਲਣਾ ਢਾਹੁਣ ਦਾ ਵਿਚਾਰ ਤਿਆਗ ਦਿੱਤਾ। ਕੁਝ ਦਿਨਾਂ ਬਾਦ ਅੰਡਿਆਂ ‘ਚੋਂ ਬੱਚੇ ਨਿਕਲ ਆਏ। ਪਰਿਵਾਰ ਦੀ ਬੇਟੀ ਬੱਚਿਆਂ ਨੂੰ ਵੇਖ-ਵੇਖ ਬਹੁਤ ਖੁਸ਼ ਹੁੰਦੀ।ਕਬੂਤਰ-ਕਬੂਤਰੀ ਆਪਣੇ ਬੋਟਾਂ ਲਈ ਚੋਗਾ ਲਿਆਉਂਦੇ। ਮਾਂ-ਪਿਓ ਦੀ ਗੈਰਹਾਜ਼ਰੀ ਵਿੱਚ ਛੋਟੇ ਬੋਟ ਡਰਦੇ ਰਹਿੰਦੇ। ਬੋਟਾਂ ਦੀ ਚੀਂ-ਚੀਂ ਨਾਲ ਘਰ ਵਿੱਚ ਰੌਣਕ ਲੱਗੀ ਰਹਿੰਦੀ। ਮਹੀਨਾ ਕੁ ਹੋਰ ਬੀਤਿਆ ਤਾਂ ਬੋਟਾਂ ਨੇ ਉੱਡਣਾ ਸਿੱਖ ਲਿਆ ਤੇ ਇੱਕ ਦਿਨ ਪੂਰਾ ਕਬੂਤਰ-ਪਰਿਵਾਰ ਕਿਤੇ ਹੋਰ ਉਡਾਰੀ ਮਾਰ ਗਿਆ। ਬੋਟਾਂ ਦੀ ਚਹਿਚਹਾਟ ਤੇ ਕਬੂਤਰ-ਕਬੂਤਰੀ ਦੇ ਵਾਰ-ਵਾਰ ਗੇੜੇ ਲਾਉਣ ਨਾਲ ਘਰ ਵਿੱਚ ਜੋ ਰੌਣਕ ਬਣੀ ਹੋਈ ਸੀ, ਹੁਣ ਨਹੀਂ ਸੀ ਰਹੀ।
~ ਪ੍ਰੋ. ਨਵ ਸੰਗੀਤ ਸਿੰਘ
# 9417692015.

