ਗਾਰਡ ਨੇ ਹਰੀ ਝੰਡੀ ਵਿਖਾਈ ਅਤੇ ਇੰਜਣ ਦੀ ਵਿਸਲ ਨਾਲ ਗੱਡੀ ਹੌਲੀ ਹੌਲੀ ਸਰਕਣ ਲੱਗੀ। ਲਾਲ ਸਾੜ੍ਹੀ ਅਤੇ ਗਹਿਣਿਆਂ ਨਾਲ ਸਜੀ ਪ੍ਰਿਆ ਸੁੰਗੜ ਕੇ ਖਿੜਕੀ ਦੇ ਕੋਲ ਬਹਿ ਗਈ। ਅੱਖਾਂ ਬਾਹਰ ਹੀ ਕੁਝ ਲੱਭਦੀਆਂ ਰਹੀਆਂ। ਮੰਮੀ-ਪਾਪਾ ਦੇ ਉਦਾਸ ਚਿਹਰੇ ਧੁੰਦਲੇ ਹੋ ਗਏ। ਹੱਥ ਹਿਲਾਉਂਦੇ ਹੋਏ ਉਹਨੇ ਗੱਲ੍ਹਾਂ ਤੱਕ ਵਗ ਆਏ ਹੰਝੂਆਂ ਨੂੰ ਪੂੰਝਿਆ। ਹੌਲੀ ਹੌਲੀ ਸਭ ਕੁਝ ਪਿੱਛੇ ਛੁੱਟਦਾ ਜਾ ਰਿਹਾ ਸੀ। ਨਾਲ ਸੀ ਤਾਂ ਸਿਰਫ਼ ਆਸ਼ੂ ਦਾ ਸਾਂਵਲਾ ਮੁਸਕਰਾਉਂਦਾ ਚਿਹਰਾ।
ਆਸ਼ੂ! ਉਹਦੀਆਂ ਅੱਖਾਂ ਫਿਰ ਭਰ ਆਈਆਂ। ਸ਼ਾਦੀ ਦੇ ਸਾਲ-ਭਰ ਪਿੱਛੋਂ ਹੀ ਤਾਂ ਆਸ਼ੂ ਨੂੰ ਕੈਂਸਰ ਨੇ ਅਜਿਹਾ ਜਕੜਿਆ ਕਿ … ਅਤੇ ਉਹਦੀ ਦੁਨੀਆਂ ਰੰਗਹੀਣ ਹੋ ਕੇ ਕਾਲੇ-ਚਿੱਟੇ ਰੰਗਾਂ ਵਿੱਚ ਸੁੰਗੜ ਕੇ ਰਹਿ ਗਈ। ਅੱਖਾਂ ਹੀ ਨਹੀਂ ਪਥਰਾਈਆਂ, ਉਹ ਵੀ ਜੜ੍ਹ ਹੋ ਗਈ। ਬੀਤਦੇ ਦਿਨਾਂ ਨਾਲ ਸੱਸ-ਸਹੁਰਾ ਕਦੋਂ ਉਹਦੇ ਮੰਮੀ-ਪਾਪਾ ਬਣ ਗਏ, ਪਤਾ ਹੀ ਨਾ ਲੱਗਿਆ। ਅਤੇ ਇੱਕ ਦਿਨ … ਸਾਹਮਣੇ ਖੜ੍ਹੀ ਪਹਾੜ ਜਿਡੀ ਜ਼ਿੰਦਗੀ ਦਾ ਵਾਸਤਾ ਪਾ ਕੇ ਉਹਦੇ ਹੱਥ ਫਿਰ ਪੀਲੇ ਕਰ ਦਿੱਤੇ।
“ਆਸ਼ੂ! ਆਸ਼ੂ!” ਖਿੜਕੀ ਨਾਲ ਚੱਲਦਾ ਚਿਹਰਾ… “ਆਸ਼ੂ!” ਅੱਖਾਂ ਬੇਚੈਨ ਹੋ ਕੇ ਉਹਨੂੰ ਲੱਭਣ ਲੱਗੀਆਂ।
“ਪ੍ਰਿਆ! ਥੱਕ ਗਈ ਹੋਵੇਂਗੀ, ਜ਼ਰਾ ਆਰਾਮ ਕਰ ਲੈ।” ਬੜੇ ਪਿਆਰ ਨਾਲ ਮੋਢੇ ਤੇ ਹੱਥ ਰੱਖ ਕੇ ਡਾ. ਪ੍ਰਫੁੱਲ ਨੇ ਪ੍ਰਿਆ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਖਿੜਕੀ ਬੰਦ ਕਰ ਦਿੱਤੀ…।

~ ਮੂਲ : ਯਸ਼ੋਧਰਾ ਭਟਨਾਗਰ, ਦੇਵਾਸ (ਮੱਧਪ੍ਰਦੇਸ਼)
~ navsangeetsingh6957@gmail.com
~ 9417692015.0
