ਉਮਰ ਦੇ ਪੈਂਡਿਆਂ ਦੀ ਇਕ ਨਦੀ ਨੂੰ ਤਰਨ ਤੋਂ ਪਹਿਲਾਂ।
ਹਜ਼ਾਰਾਂ ਵਾਰ ਮਰਦਾ ਹੈ ਇਹ ਬੰਦਾ ਮਰਨ ਤੋਂ ਪਹਿਲਾਂ।
ਜਦੋਂ ਤਕ ਡਰ ਸੀ ਦਿਲ ਅੰਦਰ ਕਦੀ ਪਾਣੀ ਨੂੰ ਛੂਹਿਆ ਨਾ,
ਕਿਨਾਰੇ ਤੇ ਖੜ੍ਹੀ ਕੀਤੀ ਮੈਂ ਬੇੜੀ ਡਰਨ ਤੋਂ ਪਹਿਲਾਂ।
ਬੜਾ ਡਰਿਆ ਹਾਂ ਝਕਿਆ ਹਾਂ ਕਿ ਇੰਝ ਹੋ ਜੂ ਕਿ ਉਂਜ ਹੋ ਜੂ,
ਬਿਗਾਨੇ ਖੂਹ ’ਚੋਂ ਲੱਜ ਦੇ ਨਾਲ ਪਾਣੀ ਭਰਨ ਤੋਂ ਪਹਿਲਾਂ।
ਤੇਰਾ ਬਸ ਇਕ ਇਸ਼ਾਰਾ ਹੀ ਉਹ ਮੈਨੂੰ ਸਮਝ ਨਾ ਆਇਆ,
ਅਨੇਕਾਂ ਵਾਰ ਮੈਂ ਆਇਆ ਸਾਂ ਤੇਰੀ ਸ਼ਰਨ ਤੋਂ ਪਹਿਲਾਂ।
ਸਿਰਫ਼ ਵਿਸ਼ਵਾਸ ਕੀਤਾ ਸੀ ਮੈਂ ਅਪਣੇਂ ਸਿਦਕ ਦੇ ਉਤੇ,
ਕਦੀ ਮੈਂ ਹਰਨ ਤੋਂ ਪਹਿਲਾਂ ਕਦੀ ਜਿਤ ਕਰਨ ਤੋਂ ਪਹਿਲਾਂ।
ਮੇਰੇ ਮਨ ਦੀ ਬੜੀ ਮਜ਼ਬੂਤ ਇੱਛਾ ਉਭਰ ਕੇ ਆਈ,
ਜ਼ਖ਼ਮ ਦੀ ਤਿੜਕਦੀ ਇਕ ਟੀਸ ਗਹਿਰੀ ਜਰਨ ਤੋਂ ਪਹਿਲਾਂ।
ਕਿ ਪਰਬਤ ਦੀ ਉਚਾਈ ਇਸ ਕਦਰ ਅਹਿਸਾਸ ਦੇਵੇਗੀ,
ਕਦੀ ਵੀ ਸੋਚਿਆ ਨਾ ਸੀ ਅਸਾਂ ਨੇ ਠਰਨ ਤੋਂ ਪਹਿਲਾਂ।
ਕਿ ਅਪਣੇਂ ਹੀ ਦਗਾ ਦੇ ਕੇ ਚੁਰਾਹੇ ਬਦਲ ਜਾਵਣਗੇ,
ਤੁਸਾਂ ਨੇ ਸੋਚਿਆ ਹੁੰਦਾ ਤਲੀ ਸਿਰ ਧਰਨ ਤੋਂ ਪਹਿਲਾਂ।
ਤਰਜ਼ ਬਿਜਲੀ ਦੀ ਹੁੰਦੀ ਹੈ ਰਿਧਮ ਹੁੰਦਾ ਹਵਾਵਾਂ ਦਾ,
ਜੁਗਲਬੰਦੀ ’ਚ ਆਉਂਦੇ ਨੇ ਇਹ ਬੱਦਲ ਵਰ੍ਹਨ ਤੋਂ ਪਹਿਲਾਂ।
ਕਦੀ ਚੇਪੀ ਲਗਾ ਕੇ ਪਾਟੇ ਵਰਕੇ ਜੋੜਦਾ ਨਈਂ ਹਾਂ,
ਪਰਖ ਵਿਚ ਸਮਝ ਰਖਦਾ ਹਾਂ ਮੈਂ ਯਾਰੀ ਕਰਨ ਤੋਂ ਪਹਿਲਾਂ,
ਅਸਾਂ ਦੀ ਸ਼ਕਤੀ ਨੂੰ ਬਾਲਮ ਇਹ ਦੁਸ਼ਮਣ ਜਾਣ ਜਾਂਦੇ ਸੀ,
ਅਸੀਂ ਪਹਿਲਾਂ ਹੀ ਜਿਤ ਜਾਂਦੇ ਸਾਂ ਬਾਜੀ ਹਰਨ ਤੋਂ ਪਹਿਲਾਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ (ਪੰਜਾਬ)
ਮੋ. – 98156-25409
