ਹੇ ਗੁਰੂ ਨਾਨਕ,
ਅਸੀਂ ਤੈਨੂੰ ਨਮਸਕਾਰ ਕਰਦੇ ਹਾਂ
ਕਿਉਂਕਿ ਤੂੰ ਸਾਨੂੰ ਇਹ ਸਮਝਾਇਆ
ਕਿ ਸਭ ਮਨੁੱਖ ਬਰਾਬਰ ਹਨ,
ਕੋਈ ਜ਼ਾਤ ਤੇ ਰੰਗ ਕਰਕੇ
ਵੱਡਾ, ਛੋਟਾ ਨਹੀਂ।
ਕਿਸੇ ਦਾ ਹੱਕ ਖਾਣਾ
ਮਾਸ ਖਾਣ ਦੇ ਬਰਾਬਰ ਹੈ।
ਹੇ ਗੁਰੂ ਨਾਨਕ,
ਅਸੀਂ ਤੈਨੂੰ ਨਮਸਕਾਰ ਕਰਦੇ ਹਾਂ
ਕਿਉਂਕਿ ਤੂੰ ਸਾਨੂੰ ਨਾਮ ਜਪਣਾ,
ਦਸਾਂ ਨਹੁੰਆਂ ਦੀ ਕਿਰਤ ਕਰਨਾ
ਅਤੇ ਵੰਡ ਕੇ ਛਕਣਾ ਸਿਖਾਇਆ।
ਜ਼ੁਲਮ, ਜਬਰ ਦਾ ਨਿਡਰ ਹੋ ਕੇ
ਟਾਕਰਾ ਕਰਨਾ ਸਿਖਾਇਆ।
ਔਰਤ ਦਾ ਸਤਿਕਾਰ ਕਰਨਾ ਸਿਖਾਇਆ
ਜਿਸ ਨੇ ਗੁਰੂਆਂ, ਪੀਰਾਂ, ਫ਼ਕੀਰਾਂ,
ਪੈਗੰਬਰਾਂ,ਮਹਾਰਾਜਿਆਂ, ਮਹਾਂਦਾਨੀਆਂ ਤੇ ਮਹਾਂਯੋਧਿਆਂ ਨੂੰ ਜਨਮ ਦਿੱਤਾ ਹੈ।
ਨਸ਼ਿਆਂ ਤੋਂ ਦੂਰ ਰਹਿਣਾ ਸਿਖਾਇਆ
ਜਿਨ੍ਹਾਂ ਦੀ ਵਰਤੋਂ ਨਾਲ
ਮਨੁੱਖ, ਮਨੁੱਖ ਨਹੀਂ ਰਹਿੰਦਾ
ਸਗੋਂ ਪਸ਼ੂ ਬਣ ਜਾਂਦਾ ਹੈ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514

