ਇੱਕ ਦਿਨ ਬੈਠਾ ਮੈਂ ਅਖਰੋਟ ਖਾਈ ਜਾਂਦਾ ਸੀ ਤੇ ਛਾਂਟਵੇਂ ਅਖਰੋਟ ਮੈਂ ਮੰਜੇ ਦੀ ਉੱਪਰਲੀ ਬਾਹੀ ਵੱਲ ਨੂੰ ਕਰ ਦਿੱਤੇ ਕਿ ਪਹਿਲਾਂ ਮੈਂ ਏਹਨਾ ਨੂੰ ਖਾ ਕੇ ਅਨੰਦ ਮਾਣੂ । ਮੇਰੇ ਹੱਥ ਵਿੱਚ ਭੂਕਣੀ( ਹਵਾ ਭੂਕਣ ਲਈ ਲੋਹੇ ਦੀ ਗੋਲ ਕੀਤੀ ਪਰਤ) ਸੀ । ਮੈਂ ਵਾਹਿਗੁਰੂ ਦਾ ਨੌਂ ਲੈਕੇ ਪੈਂਦਾਂ ਵਾਲੇ ਬੰਨੇ ਜੋ ਬਾਹੀ ਸੀ ਅਖਰੋਟ ਰੱਖਿਆ ਤੇ ਜੋਰ ਨਾਲ ਭੂਕਣੀ ਮਾਰ ਕੇ ਫੇਹ ਦਿੱਤਾ । ਓਦੂੰ ਬਾਅਦ ਦਾ ਮੰਜ਼ਰ ਮੈਂ ਫੇਰ ਦੱਸਾਂਗਾ ਪਹਿਲਾਂ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਲਪਨਾਤਮਕ ਕਹਾਣੀ ਵਿੱਚ ਲੈਕੇ ਜਾਣਾ ਚਾਹੁੰਦਾ ਹਾਂ । ਆਓ ਸ਼ੁਰੂ ਕਰਦੇ ਆਂ :-
“ਦਮਨ ਤਾਂ ਨਿੱਤ ਨਵਾਂ ਬ੍ਰੈਂਡ ਪਾਉਂਦਾ ਬਾਈ” ਦੀਪਕ ਤੇ ਰਮਨ ਦੋਵੇਂ ਆਪਸ ਚ ਗੱਲਾਂ ਕਰ ਰਹੇ ਨੇ ਚੌਂਕ ਚ ਖੜੇ। ਏਨੇ ਨੂੰ ਅਚਨਚੇਤ ਦਮਨ ਬੁਲਟ ਤੇ ਸਵਾਰ ਉਥੋਂ ਦੀ ਲੰਘ ਜਾਂਦੈ । “ਆਹ ਜੇਹੜੀ ਜੈਕੇਟ ਪਾਈ ਆ ਪਤਾ ਕਿੰਨੇ ਦੀ ਹੋਊ ?” ਦੀਪਕ ਰਮਨ ਨੂੰ ਸਵਾਲ ਕਰਦਾ ਏ । ਰਮਨ ਦੀ ਸੋਚਣੀ ਥੋੜੀ ਦੀਪਕ ਤੋਂ ਵੱਖਰੀ ਏ ਕਿਉਂਕਿ ਉਸ ਨੂੰ ਪੈਸੇ ਦੀ ਥੋੜ੍ਹ ਮਹਿਸੂਸ ਹੈ ਅਤੇ ਬਾਹਲੇ ਸਾਦੇ ਟੱਬਰ ਦਾ ਹੋਣ ਕਰਕੇ ਅਜੇਹੇ ਗੁਣ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਹਨ। ਜਦੋਂ ਏਦਾ ਦਿਆਂ ਘਰਾਂ ਚੋਂ ਜਵਾਕ ਉੱਠ ਕੇ ਤਰੱਕੀ ਕਰਦਾ ਏ ਤਾਂ ਸੱਚੀਂ ਓਸ ਦੀ ਕਚੀਚੀ ਅੱਗੇ ਕਿਸਮਤ ਝੁਕਦੀ ਨਹੀਂ ਲਿਟ ਜਾਂਦੀ ਐ। “ਆਪਾਂ ਜੋ ਪਾਇਆ ਯਰ ਠੀਕ ਆ ਕੀ ਲੈਣਾ ਉਹਦੇ ਤੋਂ?” ਰਮਨ ਕਹਿੰਦਾ ਏ। “ਤੂੰ ਤਾਂ ਸਮਝਦਾ ਨੀ ਯਰ, ਮੈਂ ਤਾਂ ਅੰਦਾਜਾ ਈ ਲਵਾ ਰਿਹਾ ਤਾ ਤੇਰੇ ਤੋਂ “ ਦੀਪਕ ਕਹਿ ਕੇ ਚੁੱਪ ਹੋ ਜਾਂਦਾ ਏ। “ਮਿੱਟੀ ਤੇ ਜਿੰਨਾ ਮਰਜ਼ੀ ਸੋਨੇ ਦਾ ਪਾਣੀ ਪਾਈ ਚੱਲ ਬਣਨਾ ਤਾਂ ਗਾਰਾ ਈ ਆ ਉਹਨੂੰ ਸੋਨਾ ਤਾਂ ਨੀ ਕਹਾਂਗੇ , ਏਹੇ ਚੀਜ਼ਾਂ ਫਜ਼ੂਲ ਨੇ “ ਰਮਨ ਕਹਿ ਕੇ ਫ਼ੋਨ ਕੱਢ ਕੇ ਸਮਾਂ ਦੇਖਣ ਲੱਗ ਜਾਂਦਾ ਏ। ਦੀਪਕ ਨੂੰ ਇਹ ਮਹਿਸੂਸ ਹੁੰਦਾ ਏ ਕਿ ਰਮਨ ਨੇ ਉਸ ਨੂੰ ਝਿੜਕ ਮਾਰੀ ਏ ਤੇ ਜਿਸ ਕਰਕੇ ਉਹਨੂੰ ਲੱਗਦਾ ਏ ਕਿ ਮੇਰੀਆਂ ਨਜ਼ਰਾਂ ਚ ਏਹੇ ਘੈਂਟ ਬਨਣਾ ਚਾਹੰਦਾ ਏ ਓਹ “ਠੀਕਾ” ਕਹਿ ਕੇ ਤੁਰ ਪੈਂਦਾ ਏ । ਹੁਣ ਦੀਪਕ ਨੇ ਆਪਣੀ ਨੇੜਤਾ ਦਮਨ ਨਾਲ ਵਧਾਉਣੀ ਚਾਹੀ । ਦਮਨ ਜੋ ਸੀ ਓਹ ਨਹੀ ਸੀ । ਦੀਪਕ ਦਮਨ ਨੂੰ ਕਦੇ ਕਿਤੇ ਘੁੰਮਣ ਜਾਣ ਲਈ ਕਹਿੰਦਾ ਕਦੇ ਕਿਤੇ । ਤਕਰੀਬਨ ਇਕ ਮਹੀਨਾ ਸਭ ਸਹੀ ਚੱਲਿਆ । ਕਈ ਵਾਰ ਜਿੱਦਾਂ ਰਮਨ ਦੀਪਕ ਨੂੰ ਮਿਲਦਾ ਤੇ ਕਹਿੰਦਾ ਕਿ “ਆਪਣਾ ਤੇ ਓਹਦਾ ਮੇਲ ਨੀ ਤੂੰ ਭਾਈ ਆਪ ਵੀ ਕੱਲਾ ਉਰਾਂ ਪਰ੍ਹਾਂ ਜਾ ਆਇਆ ਕਰ ਓਹਦਾ ਵੀ ਤੇਲ ਫੁਕਾਈ ਜਾਨਾ ਤੇ ਨਾਲੇ ਟਾਈਮ ਖਰਾਬ ਕਰਦਾ ਅਗਲੇ ਦਾ ਵੀ ।” ਹੁਣ ਦੀਪਕ ਤੋਂ ਰਿਹਾ ਨੀ ਜਾਂਦਾ ਤੇ ਅਖ਼ੀਰ ਲੜ ਈ ਪੈਂਦਾ ਏ “ਜਾਹ ! ਓਏ ਤੂੰ ਵੱਡਾ ਗਿਆਨੀ , ਸੜਦਾ ਏ ਤੂੰ ਮੇਰੇ ਤੇ ਦਮਨ ਦੇ ਰਿਸ਼ਤੇ ਤੋਂ ਕੰਮ ਕਰ ਮੇਰੇ ਨਾ ਮੱਥੇ ਲੱਗਿਆ ਕਰ “ ਕਹਿੰਦਾ ਹੋਇਆ ਦੀਪਕ ਰਮਨ ਨੂੰ ਅੱਖਾਂ ਕਢਦਾ ਓਥੋਂ ਤੁਰ ਪੈਂਦਾ ਏ । ਰਮਨ ਹਾਲੇ ਵੀ ਹਲੀਮੀ ਨਾਲ ਬੁਲਾਉਂਦਾ ਏ ਤੇ ਪਰ ਉਹਦੇ ਚ ਹਲੀਮੀ ਨਾਮ ਦੀ ਸ਼ੈਅ ਤਾਂ ਕਦੋਂ ਦੀ ਅਲੋਪ ਹੋ ਚੁੱਕੀ ਸੀ । ਇਕ ਦਿਨ ਦੀਪਕ ਦੇ ਭਰਾ ਦੀ ਤਬੀਅਤ ਬੋਹਤ ਖਰਾਬ ਹੋ ਗਈ । ਮਾਂ-ਬਾਪ ਤਾਂ 2 ਸਾਲ ਪਹਿਲਾਂ ਹੀ ਫ਼ੌਤ ਹੋ ਗਏ ਸਨ । ਘਰ ਚ ਦੋਵੇਂ ਭਰਾ ਈ ਰਹਿੰਦੇ ਸਨ । ਦੀਪਕ ਦੇ ਭਰਾ ਨੂੰ ਮਿਰਗੀ ਦਾ ਦੌਰਾ ਪੈਂਦਾ ਸੀ । 5 ਕਿਲੋਮੀਟਰ ਦੀ ਵਿੱਥ ਤੇ ਜਾ ਕੇ ਡਾਕਟਰ ਹਰਨੇਕ ਦੀ ਹੱਟੀ ਸੀ । ਦੀਪਕ ਉਭਲਾ-ਚੁਭਲ਼ੀ ਚ ਭੱਜਿਆ ਫਿਰਦਾ ਏ ਸਾਧਨ ਦੀ ਭਾਲ ਚ ਪਰ ਕੋਈ ਉਸ ਨੂੰ ਸਾਧਨ ਦੇਣ ਨੂੰ ਤਿਆਰ ਨਹੀਂ ਤੇ ਗਵਾਂਢ ਚ ਸਾਰੇ ਆਪੋ ਆਪਣੇ ਕੰਮੀ ਜਾ ਲੱਗੇ ਹਨ । ਦੀਪਕ ਹੁਣ ਦਮਨ ਕੋਲ ਜਾਣ ਲਈ ਡਿੰਘ ਪੁੱਟਦਾ ਏ ਜੀਹਨੂ ਉਹ ਆਪਣਾ ਜਿਗਰੀ ਮੰਨਣਾ ਸ਼ੁਰੂ ਕਰ ਚੁੱਕਾ ਸੀ। ਦੂਸਰੇ ਪਾਸੇ ਅਚਾਨਕ ਈ ਰੱਬ ਸਬੱਬੀ ਰਮਨ ਦੀਪਕ ਦੇ ਘਰ ਭਾਜੀ ਫੜਾਉਣ ਆ ਜਾਂਦਾ ਏ । ਦੀਪਕ ਦੇ ਭਾਈ ਦੀ ਹਾਲਤ ਦੇਖ ਕੇ ਓਹੋ ਆਪਣੀ ਸਾਈਕਲ ਚੱਕਦਾ ਏ ਤੇ ਹਵਾ ਦੇ ਬੁੱਲੇ ਵਾਂਦ ਡਾਕਟਰ ਹਰਨੇਕ ਦੀ ਹੱਟੀ ਵੱਲ ਨੂੰ ਹੋ ਜਾਂਦਾ ਏ । ਰਾਹ ਚ ਜਾਂਦੇ ਜਾਂਦੇ ਤਿੰਨ ਚਾਰ ਵਾਰ ਚੇਨ ਉੱਤਰ ਜਾਂਦੀ ਏ ਚੇਨ ਚੜ੍ਹਾ ਕੇ ਫੇਰ ਆਪਣੇ ਮੁਕਾਮ ਵੱਲ ਸਿੱਧਾ ਹੋ ਜਾਂਦਾ ਏ । ਅਖ਼ੀਰ ਉਹ ਡਾਕਟਰ ਹਰਨੇਕ ਦੀ ਹੱਟੀ ਤੇ ਪੋਹੰਚ ਜਾਂਦਾ ਏ । ਦੂਸਰੇ ਬੰਨੇ ਦੀਪਕ ਮੋੜ ਮੁੜਨ ਲਗਦਾ ਏ ਤਾਂ ਦਮਨ ਬੁੱਲਟ ਧੋ ਕੇ ਦੇਹਲੀ ਤੋਂ ਅੰਦਰ ਕਰ ਦਿੰਦਾ ਏ ਤੇ ਦਰਵਾਜਾ ਅੱਧਾ ਭੇੜ ਦਿੰਦਾ ਏ ਜਿਹੜੇ ਪਾਸੇ ਬੁੱਲਟ ਏ ਓਸ ਪਾਸੇ ਦਰਵਾਜੇ ਦਾ ਓਹਲਾ ਹੋ ਜਾਂਦਾ ਏ। ਏਨੇ ਨੂੰ ਦੀਪਕ ਆਵਾਜ਼ ਮਾਰਦਾ ਏ “ਦਮਨ ਭਰਾ ਮੈਨੂੰ ਬੁੱਲਟ ਚਾਹੀਦਾ ਸੀ , ਭਾਈ ਦੀ ਤਬੀਅਤ……. ! “ ਕਹਿੰਦਾ ਏ ਤੇ ਸਾਹੋ ਸਾਹੀ ਹੋਇਆ ਪਿਆ ਏ। ਦਮਨ ਟੋਕ ਕੇ ਕਹਿੰਦਾ ਏ “ਭਰਾਵਾ ਬੁੱਲਟ ਤਾਂ ਥੋੜੇ ਟਾਈਮ ਪਹਿਲਾਂ ਈ ਡੈਡੀ ਲੈ ਗਿਆ, ਤੂੰ ਪਹਿਲਾਂ ਦੱਸਣਾ ਸੀ , ਅੱਗੇ ਕਦੇ ਜਵਾਬ ਦਿੱਤਾ ਏ ਤੇਨੂ।” ਕਹਿ ਕੇ ਦਮਨ ਕੁੰਡਾ ਬੰਦ ਕਰਦਾ ਏ ਤੇ ਅੰਦਰ ਚਲਾ ਜਾਂਦਾ ਏ ਦੀਪਕ ਨਾਲ ਹੱਥ ਮਿਲਾ ਕੇ । ਦੀਪਕ ਨੇ ਜੋ ਮੰਜਰ ਹੁਣ ਦੇਖਿਆ ਸੀ ਉਹ ਧਰਤੀ ਫਟਣ ਜਿਹਾ ਅਹਿਸਾਸ ਸੀ । ਉਹਦੇ ਜਜ਼ਬਾਤ ਖੇਰੂ ਖੇਰੂ ਹੋ ਗਏ ਸਨ । ਦਮਨ ਲਈ ਭਰਿਆ ਸਤਕਾਰ ਦਾ ਘੜਾ ਹੁਣ ਦੀਪਕ ਕੋਲੋਂ ਫੁੱਟ ਚੁਕਿਆ ਸੀ । ਨਿਰਾਸ਼ ਹੋਇਆ ਹੁਣ ਬੇਵਸੀ ਨੂੰ ਰਮਨ ਦੇ ਘਰ ਵੱਲ ਤੁਰਦਾ ਏ । ਜਦੋਂ ਓਹੋ ਰਮਨ ਘਰ ਜਾਂਦਾ ਏ ਤਾਂ ਉਹਦੇ ਘਰੋਂ ਪਤਾ ਲਗਦਾ ਏ ਕਿ ਉਹ ਤਾਂ ਉਹਦੇ ਘਰ ਗਿਆ ਏ । ਅੱਖਾਂ ਦੇ ਵਿੱਚ ਹੰਝੂਆਂ ਨੂੰ ਨਿਚੋੜਦਾ ਹੋਇਆ ਦੀਪਕ ,ਸਾਰੇ ਹੀਲਿਆਂ ਵਸੀਲਿਆਂ ਤੋ ਆਪਣੇ ਆਪ ਨੂੰ ਨਕਾਰਦਾ ਹੋਇਆ ਖੁਦ ਨੂੰ ਬੇਵੱਸ ਤੇ ਲਾਚਾਰ ਸਮਝਦਾ ਹੋਇਆ ਆਪਣੇ ਘਰ ਦੀ ਬਰੂਹਾਂ ਤੇ ਪੋਹੰਚਦਾ ਹੈ । ਅੱਗੇ ਉਹ ਇਕ ਸਾਈਕਲ ਦੇਖਦਾ ਏ ਜੋ ਕਿ ਦੇਹਲੀਆਂ ਚ ਡਿੱਘਾ ਹੋਇਆ ਹੈ । ਰਮਨ ਆਪਣੇ ਲਿੱਬੜੇ ਹੋਏ ਹੱਥਾਂ ਨਾਲ ਦੀਪਕ ਦੇ ਬੇਹੋਸ਼ ਪਏ ਭਾਈ ਦੇ ਮੂੰਹ ਚ ਦਵਾਈ ਪਾ ਰਿਹਾ ਹੁੰਦਾ ਏ । ਦੀਪਕ ਭੱਜਿਆ ਭੱਜਿਆ ਜਾ ਕੇ ਰਮਨ ਦੇ ਪੈਰ ਫੜ੍ਹ ਲੈਂਦਾ ਏ । “ਕਾਸ਼ ! ਤੇਰੀ ਗੱਲ ਮੈਂ ਪਹਿਲਾਂ ਮੰਨ ਲੈਂਦਾ…. ਜੇ ਤੂੰ ਨਾ ਹੁੰਦਾ….ਮੇਰੇ ਭਾਈ ਨੂੰ ਅੱਜ …..” ਗਲਾ ਭਰ ਜਾਂਦਾ ਏ । ਬੋਲਿਆ ਦੋਵਾਂ ਤੋਂ ਕੁਝ ਨੀ ਜਾਂਦਾ ਰਮਨ ਦੀਪਕ ਨੂੰ ਆਪਣੀ ਛਾਤੀ ਦੀ ਨਿੱਘ ਦਿੰਦਾ ਏ ਤੇ ਦੋਵੇਂ ਇੱਕ ਓਸ ਅਨੰਦ ਨੂੰ ਮਾਣ ਰਹੇ ਹਨ ਜਿਸ ਨੂੰ ਸੱਚੀਓਂ ਪਰਮਾਨੰਦ ਕਹਿੰਦੇ ਨੇ ।
ਸੱਚ ਮੈਂ ਤਾਂ ਆਪਣੀ ਗੱਲ ਪੂਰੀ ਈ ਨੀ ਕੀਤੀ । ਮੈਂ ਅਖਰੋਟ ਭੰਨਿਆ ਤੇ ਬਾਹਰੋਂ ਸਾਫ ਅਖਰੋਟ ਅੰਦਰੋਂ ਜਮ੍ਹਾਂ ਈ ਕਾਲਾ ਤੇ ਖਾਣ ਚ ਬੇ-ਸਵਾਦ ਸੀ । ਐਵੇਂ ਦੇ ਕਾਲੇ ਅਖ਼ਰੋਟਾਂ ਸਮੇਂ ਸਿਰ ਪਾਸੇ ਕਰਦਿਓ ।

ਜੋਤ ਭੰਗੂ
7696425957
ਬੋਹੜਪੁਰ, ਪਟਿਆਲਾ ।

