ਚੁਗਲੀ ਸ਼ਬਦ ਦਾ ਅਰਥ ਹੈ: ਕੋਈ ਐਸੀ ਗੱਲ, ਐਸੇ ਸ਼ਬਦਾਂ ਵਿੱਚ, ਐਸੇ ਢੰਗ ਨਾਲ, ਜਾਣ ਬੁੱਝ ਕੇ, ਲੜਾਈ ਪਵਾਉਣ ਦੀ ਭਾਵਨਾ ਨਾਲ ਕਰਨੀ: ਜਿਹੜੀ ਕੋਈ ਦੋ ਵਿਅਕਤੀਆਂ ਵਿੱਚ ਜਾਂ ਸਮਾਜ ਵਿੱਚ ਦੂਰੀਆਂ ਵਧਾ ਦੇਵੇ ਅਤੇ ਝਗੜੇ ਪੈਦਾ ਕਰ ਕੇ ਲੜਾਈਆਂ ਪਵਾ ਦੇਵੇ। ਚੁਗਲੀ ਕਰਨੀ ਇੱਕ ਪਾਪ ਹੈ। ਕਿਉਂਕਿ, ਬਾਣੀ ਵਿੱਚ ਗੁਰੂ ਜੀ ਨੇ ਲਿਖਿਆ ਹੈ “ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ” (ਪੰਨਾ 308)। ਚੁਗਲੀ ਨਾਲ ਪਰਿਵਾਰਾਂ ਵਿੱਚ, ਸਮਾਜ ਵਿੱਚ ਦੂਰੀਆਂ ਵਧ ਕੇ ਝਗੜੇ, ਲੜਾਈਆਂ ਪੈਂਦੀਆਂ ਹਨ ਅਤੇ ਵਧਦੀਆਂ ਵੀ ਹਨ।
ਅਸਲ ਵਿੱਚ ਚੁਗਲੀ: ਨਿੰਦਿਆ ਨਹੀਂ, ਚੁਗਲੀ: ਸ਼ਿਕਾਇਤ ਵੀ ਨਹੀਂ। ਕਈ ਵਾਰ ਭੋਲੇਪਣ ਵਿੱਚ ਹੀ, ਕਿਸੇ ਨੂੰ ਕੋਈ ਗੱਲ ਦੱਸੀ ਜਾਂਦੀ ਹੈ। ਉਸ ਗੱਲ ਨੂੰ ਲੈ ਕੇ ਲੋਕਾਂ ਦੀਆਂ ਆਪਸ ਵਿੱਚ ਦੂਰੀਆਂ ਵਧ ਜਾਂਦੀਆਂ ਹਨ। ਪ੍ਰੰਤੂ, ਦੱਸਣ ਵਾਲੇ ਵਿਅਕਤੀ ਨੇ, ਉਹ ਗੱਲ ਚੁਗਲੀ ਦੀ ਭਾਵਨਾ ਨਾਲ ਨਹੀਂ ਦੱਸੀ ਹੁੰਦੀ। ਉਸ ਨੇ ਤਾਂ ਸਧਾਰਨ ਰੂਪ ਵਿੱਚ ਗੱਲਾਂ ਕਰਦਿਆਂ-ਕਰਦਿਆਂ ਕੋਈ ਗੱਲ ਕਰ ਦਿੱਤੀ ਹੁੰਦੀ ਹੈ। ਜਿਸ ਦਾ ਅਰਥ: ਲੋਕ “ਚੁਗਲੀ” ਕੱਢ ਲੈਂਦੇ ਹਨ ਜਾਂ ਉਸ ਗੱਲ ਨੂੰ “ਚੁਗਲੀ” ਕਹਿ ਦਿੰਦੇ ਹਨ; ਜੋ ਕਿ ਗੱਲ ਕਰਨ ਵਾਲੇ ਨੇ ਚੁਗਲੀ ਦੀ ਭਾਵਨਾ ਨਾਲ ਨਹੀਂ ਕੀਤੀ ਹੁੰਦੀ। ਇਸ ਕਰਕੇ ਅਸਲ ਵਿੱਚ ਚੁਗਲੀ ਤਾਂ ਉਹ ਹੈ; ਜੋ ਦੂਰੀਆਂ ਵਧਾਉਣ ਵਾਲੀ ਭਾਵਨਾ ਨਾਲ ਅਤੇ ਲੜਾਈ ਪਵਾਉਣ ਵਾਲੇ ਸ਼ਬਦਾਂ ਵਿੱਚ ਕੀਤੀ ਗਈ ਹੋਵੇ। ਭੋਲੇਪਣ ਵਿੱਚ, ਸਧਾਰਨ ਰੂਪ ਵਿੱਚ ਕੀਤੀ ਹੋਈ ਕੋਈ ਐਸੀ ਗੱਲ, ਜੋ ਦੋ ਵਿਅਕਤੀਆਂ ਜਾਂ ਸਮਾਜ ਵਿੱਚ ਦੂਰੀਆਂ ਵਧਾਵੇ; ਉਹ “ਚੁਗਲੀ” ਨਹੀਂ ਕਹੀ ਜਾ ਸਕਦੀ। ਪਰੰਤੂ, ਦੂਰੀਆਂ ਵਧਾਉਣ ਲਈ, ਲੜਾਈ ਝਗੜੇ ਪਵਾਉਣ ਦੀ ਭਾਵਨਾ ਨਾਲ ਕੀਤੀ ਗਈ ਹਰ ਗੱਲ; ਚੁਗਲੀ ਹੈ। ਇਸ ਕਰਕੇ, ਚੁਗਲੀ ਸ਼ਬਦ ਦਾ ਅਸਲੀ “ਅਰਥ” ਸਮਝਣ ਦੀ ਲੋੜ ਹੈ।
ਜੇ ਕੋਈ ਗਲਤ ਕੰਮ ਹੋ ਰਿਹਾ ਹੋਵੇ ਜਾਂ ਕੋਈ ਕੰਮ ਖਰਾਬ ਹੋ ਰਿਹਾ ਹੋਵੇ; ਉਸ ਕੰਮ ਨੂੰ ਠੀਕ ਕਰਨ ਦੀ ਭਾਵਨਾ ਨਾਲ, ਕਿਸੇ ਨੂੰ ਸੂਚਨਾ ਦੇਣੀ, ਚੁਗਲੀ ਨਹੀਂ ਹੈ; ਇਹ ਤਾਂ ਇੱਕ ਤਰ੍ਹਾਂ ਦਾ ਉੱਤਮ ਕਾਰਜ ਹੈ। ਜਿਵੇਂ: ਬਾਰਿਸ਼ ਦੌਰਾਨ, ਘਰ ਦੇ ਕਿਸੇ ਕਮਰੇ ਦੀ ਛੱਤ ਚੋਣ ਲੱਗ ਪਵੇ; ਤਾਂ ਘਰ ਦਾ ਨੌਕਰ ਜਾਂ ਪਰਿਵਾਰਿਕ ਜੀਅ: ਪਰਿਵਾਰ ਦੇ ਬਾਕੀ ਜੀਆਂ ਨੂੰ ਦੱਸਦਾ ਹੈ “ਇਥੋਂ ਛੱਤ ਚੋਂਦੀ ਹੈ”। ਇਹ ਗੱਲ ਸ਼ਿਕਾਇਤ ਨਹੀਂ, ਇਹ ਚੁਗਲੀ ਵੀ ਨਹੀਂ; ਇਹ ਤਾਂ ਇੱਕ ਸੂਚਨਾ ਹੈ।
ਇਸੇ ਤਰ੍ਹਾਂ, ਜੇ ਕਿਸੇ ਪਰਿਵਾਰ ਦਾ ਬੱਚਾ ਮਾੜੀ ਸੰਗਤ ਕਰਦਾ ਹੋਵੇ, ਕੋਈ ਨਸ਼ਾ ਕਰਦਾ ਹੋਵੇ ਜਾਂ ਕੋਈ ਅਜਿਹਾ ਕਾਰਜ ਕਰਦਾ ਹੋਵੇ, ਜਿਸ ਨਾਲ ਪਰਿਵਾਰ ਜਾਂ ਸਮਾਜ ਨੂੰ ਹਾਨੀ ਹੋਣ ਦੀ ਸੰਭਾਵਨਾ ਹੋਵੇ; ਉਸ ਬੱਚੇ ਦੇ ਪਰਿਵਾਰ ਨੂੰ ਬੱਚੇ ਦੇ ਗਲਤ ਕਾਰਜ ਜਾਂ ਮਾੜੀ ਆਦਤ ਬਾਰੇ ਸੂਚਿਤ ਕਰਨਾ ਵੀ ਚੁਗਲੀ ਨਹੀਂ ਹੈ। ਕਿਸੇ ਗਲਤ ਆਦਤ ਵਾਲੇ ਪਰਿਵਾਰਕ ਜੀਅ ਬਾਰੇ ਸੂਚਨਾ ਦੇ ਕੇ ਉਸ ਜੀਅ ਨੂੰ ਮਾੜੀ ਆਦਤ ਤੋਂ ਹਟਾਉਣਾ ਤਾਂ ਪਰਉਪਕਾਰ ਹੈ; ਚੁਗਲੀ ਨਹੀਂ।
ਇਸੇ ਹੀ ਤਰ੍ਹਾਂ, ਜੇ ਆਪਾਂ ਖਰਾਬ ਹੋ ਰਹੇ ਕੰਮ ਨੂੰ ਠੀਕ ਕਰਨ ਦੀ ਭਾਵਨਾ ਨਾਲ ਅਤੇ ਸੁੰਦਰ ਸ਼ਬਦਾਂ ਵਿੱਚ ਕਿਸੇ ਨੂੰ ਸੂਚਨਾ ਦਿੰਦੇ ਹਾਂ, ਤਾਂ ਉਸ ਦਾ ਅਰਥ ਹੈ: ਖਰਾਬ ਹੋਏ ਜਾਂ ਹੋ ਰਹੇ ਕੰਮ ਨੂੰ ਠੀਕ ਕਰਨਾ, ਜਾਂ ਠੀਕ ਕਰਨ ਵਿੱਚ ਕਿਸੇ ਦੀ ਸਹਾਇਤਾ ਕਰਨੀ; ਉਹ ਵੀ ਚੁਗਲੀ ਨਹੀਂ। ਕੋਈ ਵੀ ਗੱਲ ਚੁਗਲੀ ਹੈ ਜਾਂ ਸੂਚਨਾ ਹੈ; ਇਹ ਗੱਲ ਕਰਨ ਵਾਲੇ ਦੀ ਭਾਵਨਾ ਅਤੇ ਉਸ ਦੇ ਸ਼ਬਦ-ਜੋੜ ਰਾਹੀਂ ਬਣੇ ਵਾਕ ਦੀ ਪ੍ਰਸਤੁਤੀ ਉੱਤੇ ਨਿਰਭਰ ਕਰਦਾ ਹੈ।
ਭਾਵੇਂ ਚੁਗਲੀ ਕਰਨੀ, ਭਾਵ: ਲੋਕਾਂ ਨੂੰ ਆਪਸ ਵਿੱਚ ਲੜਾਉਣਾ, ਪਰਿਵਾਰਾਂ ਨੂੰ, ਸਮਾਜ ਨੂੰ ਪਾੜ ਦੇਣਾ; ਅਤਿਅੰਤ ਮਾੜਾ ਕਰਮ ਹੈ ਅਤੇ ਪਾਪ ਹੈ। ਪਰੰਤੂ, ਇਸ ਦਾ ਦੂਸਰਾ ਪੱਖ ਇਹ ਹੈ: ਵਧੀਆ ਢੰਗ ਨਾਲ ਚੁਗਲੀ ਕਰਨ ਵਾਲੇ, ਬਹੁਤ ਵਾਰੀ ਆਪਣੇ ਕਾਰਜ ਅਤੇ ਲਕਸ਼ ਵਿੱਚ ਸਫਲ ਹੋ ਜਾਂਦੇ ਹਨ।
ਜੇ ਧਿਆਨ ਨਾਲ ਵਿਚਾਰ ਕਰੀਏ: ਅੰਗਰੇਜ਼ਾਂ ਨੇ ਵੀ ਚੁਗਲੀਆਂ ਕਰ ਕੇ, ਲੋਕਾਂ ਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ; ਸੰਸਾਰ ਦੇ ਬਹੁਤ ਵੱਡੇ ਹਿੱਸੇ ਉੱਤੇ ਆਪਣਾ ਰਾਜ ਸਥਾਪਿਤ ਕੀਤਾ ਸੀ ਅਤੇ ਅੱਜ ਇਸੇ ਕਰਕੇ ਉਹਨਾਂ ਦੀ ਭਾਸ਼ਾ, ਉਹਨਾਂ ਦੀ ਸਭਿਅਤਾ; ਪੂਰੇ ਸੰਸਾਰ ਵਿੱਚ ਛਾ ਗਈ ਹੈ। ਭਾਵ: ਲਕਸ਼ ਪ੍ਰਾਪਤੀ ਲਈ ਸੁਚੱਜੇ ਢੰਗ ਨਾਲ ਕੀਤੀ ਗਈ ਚੁਗਲੀ, ਬਹੁਤ ਵਾਰੀ ਸਫਲਤਾ ਦੇ ਰਸਤੇ ਵੀ ਖੋਲ ਦਿੰਦੀ ਹੈ। ‘ਪੰਚਤੰਤਰ’ ਭਾਰਤ ਦੀ ਪ੍ਰਾਚੀਨ ਕਹਾਣੀ ਪੁਸਤਕ ਹੈ। ਉਸ ਵਿੱਚ ਲਿਖੀ ਕਹਾਣੀ ਅਨੁਸਾਰ: ਆਤਮ ਰੱਖਿਆ ਵਾਸਤੇ ਸਹੇ ਵਰਗੇ ਛੋਟੇ ਜਾਨਵਰ, ਸ਼ੇਰ ਜੈਸੇ ਵੱਡੇ ਜਾਨਵਰਾਂ ਨੂੰ: ਚੁਗਲੀ ਰਾਹੀਂ, ਆਪਸ ਵਿੱਚ ਲੜਵਾ ਕੇ ਮਰਵਾ ਦਿੰਦੇ ਹਨ। ਇਸ ਤਰ੍ਹਾਂ, ਉਹ ਚੁਗਲੀ ਕਰਕੇ ਆਤਮ ਰੱਖਿਆ ਕਰ ਲੈਂਦੇ ਹਨ।
ਭਾਵੇਂ ਚੁਗਲੀ ਕਰਨੀ ਪਾਪ ਹੈ। ਪਰੰਤੂ, ਸ੍ਵੈ-ਰੱਖਿਆ ਜਾਂ ਉੱਤਮ ਟੀਚੇ ਦੀ ਪ੍ਰਾਪਤੀ ਕਰਨ ਲਈ; ਚੁਗਲੀ ਕਰਨੀ ਪਾਪ ਨਹੀਂ। ਜਿਵੇਂ: ਭਾਵੇਂ ਹਿੰਸਾ ਕਰਨੀ ਘੋਰ ਪਾਪ ਹੈ। ਜਿਸ ਬਾਰੇ ‘ਜਪੁ ਜੀ ਸਾਹਿਬ’ ਵਿੱਚ ਵੀ ਲਿਖਿਆ ਹੈ “ਅਸੰਖ ਗਲ ਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ” (ਪੰਨਾ 4)। ਪਰੰਤੂ, ਸ੍ਵੈ-ਰੱਖਿਆ ਵਾਸਤੇ ਅਤੇ ਧਰਮ ਸਥਾਪਨ ਵਰਗੇ ਉੱਤਮ ਟੀਚੇ ਦੀ ਪ੍ਰਾਪਤੀ ਵਾਸਤੇ; ਭਗਵਾਨ ਰਾਮ ਚੰਦਰ ਜੀ, ਭਗਵਾਨ ਕ੍ਰਿਸ਼ਨ ਚੰਦਰ ਜੀ ਅਤੇ ਸਿੱਖ ਗੁਰੂ ਸਾਹਿਬਾਨ ਨੇ ਵੀ ਲੋੜ ਅਨੁਸਾਰ ਹਿੰਸਾ ਕੀਤੀ ਸੀ। ਕਿਉਂਕਿ, ਟੀਚਾ ਉੱਤਮ ਸੀ। ਪੁੰਨ ਪਾਪ ਦੀ ਵਿਆਖਿਆ: ਸਮੇਂ ਅਤੇ ਅਸਥਾਨ ਅਨੁਸਾਰ ਬਦਲ ਜਾਂਦੀ ਹੈ।
ਮੈਨੂੰ, ਕਿਸੇ ਵੀ ਕੋਸ਼ ਵਿੱਚ “ਚੁਗਲੀ” ਸ਼ਬਦ ਦੀ ਸੰਤੋਸ਼ਜਨਕ ਵਿਆਖਿਆ ਨਹੀਂ ਮਿਲੀ। ਇਸ ਕਰਕੇ ਇਹ ਵਿਆਖਿਆ ਮੈਂ ਆਪਣੀ ਸੋਚ ਅਨੁਸਾਰ ਕਰ ਰਿਹਾ ਹਾਂ। ਇਸ ਵਿਆਖਿਆ ਸੰਬੰਧੀ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ।

ਠਾਕੁਰ ਦਲੀਪ ਸਿੰਘ
