ਗੁਰਚਰਨ ਸਿੰਘ ਦਾ ਜਨਮ ਪਿੰਡ ਦੁਧਾਲ ਜਿਲ੍ਹਾ ਲੁਧਿਆਣਾ ਵਿਖੇ 7 ਅਕਤੂਬਰ 1955 ਨੂੰ ਮਾਤਾ ਸਵ: ਸ੍ਰੀਮਤੀ ਸੁਰਜੀਤ ਕੌਰ ਦੀ ਕੁੱਖ ਤੋਂ ਪਿਤਾ ਸਵ: ਸ੍ਰ. ਮਾਨ ਸਿੰਘ ਦੇ ਘਰ ਹੋਇਆ ।ਉਸ ਦੇ ਪਿਤਾ ਇੱਕ ਸੱਚੀ ਕਿਰਤ ਕਰਨ ਵਾਲੇ ਇਨਸਾਨ ਸਨ ਜੋ ਸਿਲਾਈ ਦਾ ਕੰਮ ਕਰਦੇ ਸਨ ।ਉਸ ਦੀ ਵੱਡੀ ਭੈਣ ਬਲਵਿੰਦਰ ਕੌਰ ਅਤੇ ਛੋਟਾ ਭਰਾ ਸਵਰਨ ਸਿੰਘ (ਮਲੌਦ) ਹਨ । ਗੁਰਚਰਨ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕਰਕੇ 1972 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰ ਲਈ ।ਇਸ ਉਪਰੰਤ ਉਸ ਦੀ ਸਿਲੈਕਸਨ ਨੇਵੀ ਵਿੱਚ ਹੋ ਗਈ ।ਉਸ ਨੇ 25 ਜਨਵਰੀ 1973 ਨੂੰ ਇੰਡੀਅਨ ਨੇਵੀ ਵਿੱਚ ਹਾਜ਼ਰੀ ਦਿੱਤੀ ਅਤੇ ਉਸ ਨੇ ਆਪਣੀ ਡਿਊਟੀ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੀਤੀ । ਉਹ ਡੈਪੁਟੇਸ਼ਨ ਉੱਪਰ ਇੰਗਲੈਂਡ ‘ਚ 7 ਮਈ 1986 ਤੋਂ 22 ਅਗਸਤ 1987 ਤੱਕ ਆਪਣੀ ਡਿਊਟੀ ਉੱਪਰ ਰਹੇ ।ਉਨ੍ਹਾਂ ਦੀਆਂ ਵਧੀਆ ਸੇਵਾਵਾਂ ਸਦਕਾ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨ , ਨੌ ਸਾਲਾ ਮੈਡਲ , ਅੰਡੇਮਾਨ ਅਤੇ ਨਿਕੋਬਾਰ ਸੇਵਾ ਮੈਡਲ ਮਿਲੇ । ਉਨ੍ਹਾਂ ਨੇ ਵਿਰਾਟ (1986) ਸਿਪ ਵਿੱਚ ਕੰਮ ਕੀਤਾ । ਉਨ੍ਹਾਂ ਨੇ ਨੇਵੀ ‘ਚੋਂ ਚੀਫ ਪੈਟੀ ਅਫਸਰ ਵਜੋਂ ਸੇਵਾ ਨਿਭਾਉਂਦੇ ਹੋਏ 19 ਸਾਲ 6 ਦਿਨ ਦੀ ਡਿਊਟੀ ਨਿਭਾ ਕੇ ਸੇਵਾ ਮੁਕਤੀ ਪ੍ਰਾਪਤ ਕੀਤੀ ।ਉਨ੍ਹਾਂ ਨੇ ਆਪਣੀ ਸਾਰੀ ਡਿਊਟੀ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਕੀਤੀ ।
ਸੇਵਾ ਮੁਕਤੀ ਤੋਂ ਬਾਅਦ ਗੁਰਚਰਨ ਸਿੰਘ ਨੇ ਕਈ ਕੰਮਾਂ ਨੂੰ ਸ਼ੁਰੂ ਕੀਤਾ ਕਿਉਂ ਕਿ ਉਨ੍ਹਾਂ ਅੰਦਰ ਵਿਸਵਾਸ਼ , ਊਰਜਾ , ਜਜ਼ਬਾ , ਦ੍ਰਿੜ ਇਰਾਦਾ ਉਨ੍ਹਾਂ ਨੂੰ ਆਰਾਮ ਨਹੀਂ ਸਗੋਂ ਕੁਝ ਨਵਾਂ ਕਰਨ ਲਈ ਪ੍ਰੇਰਦਾ ਰਿਹਾ । ਉਨ੍ਹਾਂ ਨੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਸਕਾਰਾਤਮਕ ਸੋਚ ਨਾਲ ਅੱਗੇ ਵੱਧਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜੋ ਵਿਰਲੇ ਲੋਕ ਹੀ ਕਰਦੇ ਹਨ । ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ਮਈ ਰਹੀ ਅਤੇ ਹਰੇਕ ਕੰਮ ਨੂੰ ਚੁਣੌਤੀ ਭਰਿਆ ਸਮਝ ਕੇ ਸਫਲਤਾ ਨਾਲ ਕਰਨ ਦੀ ਮਨ ‘ਚ ਤਾਂਘ ਰੱਖੀ ।ਉਨ੍ਹਾਂ ਨੇ ਦੁਕਾਨਦਾਰੀ , ਡੇਅਰੀ ਫਾਰਮਿੰਗ , ਕੇਬਲ ਨੈਟਵਰਕ ਦੇ ਕੰਮ ਕੀਤੇ । ਇਨ੍ਹਾਂ ਤੋਂ ਬਾਅਦ ਉਨ੍ਹਾਂ ਨੇ ਇੱਕ ਟਰੇਡਿੰਗ ਕੰਪਨੀ ਜੁਆਇਨ ਕਰ ਲਈ ਜਿਸ ਵਿੱਚ ਉਨ੍ਹਾਂ ਦਾ ਬਹੁਤਾ ਸਮਾਂ ਦੱਖਣੀ ਭਾਰਤ ਦੇ ਰਾਜਾਂ ਦੇ ਟੂਰ ‘ਚ ਲੰਘਦਾ ਸੀ ।ਉਨ੍ਹਾਂ ਨੂੰ ਪਿਛਲੇ ਦਿਨੀਂ ਕਰਨਾਟਕਾ ਦੇ ਟੂਰ ਉੱਪਰ ਗਏ ਨੂੰ ਹੁਬਲੀ ‘ਚ ਸਰੀਰਕ ਸਮੱਸਿਆ ਆ ਗਈ , ਫੂਡ ਪਾਈਪ ‘ਚ ਹੋਲ ਹੋਣ ਕਾਰਨ ਲੀਵਰ ਕੰਮ ਕਰਨਾ ਬੰਦ ਕਰ ਗਿਆ ਅਤੇ 6 ਦਸੰਬਰ 2024 ਨੂੰ ਇਸ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ। ਉਹ ਸਮਾਜ ਦੇ ਅੱਜ ਦੇ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਕ ਸਨ । ਤਕਰੀਬਨ 70 ਸਾਲ ਦੀ ਉਮਰ ਵਿੱਚ ਨੌਜਵਾਨ ਵਾਲੀ ਫੁਰਤੀ ਵਾਲਾ ਗੁਰਚਰਨ ਸਿੰਘ ਆਪਣੇ ਕੰਮ ਨੂੰ ਸਫਲਤਾ ਪੂਰਵਕ ਨਿਭਾ ਰਿਹਾ ਸੀ ।ਉਹ ਮਿਹਨਤੀ, ਹੱਸਮੁੱਖ , ਅਗਾਂਹਵਧੂ ਸੋਚ , ਮਿਲਾਪੜੇ ਸੁਭਾਅ , ਦੁੱਖ –ਸੁੱਖ ਦਾ ਸਰੀਕ ਹੋਣ ਵਾਲੀ ਸਖਸ਼ੀਅਤ ਸੀ ।ਉਹ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਸਨ । ਉਨ੍ਹਾਂ ਦਾ ਵਿਆਹ ਹਰਜੀਤ ਕੌਰ (ਮਦਨੀਪੁਰ) ਨਾਲ ਹੋਇਆ । ਉਸ ਦੀ ਬੇਟੀ ਨਵਪ੍ਰੀਤ ਕੌਰ (ਲੈਕਚਰਾਰ) ਆਪਣੇ ਪਤੀ ਪ੍ਰੀਤਕਮਲ ਸਿੰਘ ਅਤੇ ਬੇਟੀ ਨਵਕਮਲ ਖੋਸਾ ਨਾਲ ਅਹਿਮਦਗੜ੍ਹ ਮੰਡੀ ਵਿਖੇ ਰਹਿ ਰਹੇ ਹਨ ।ਮਲੌਦ ਵਿਖੇ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਵਿੱਚ ਬੇਟਾ ਪ੍ਰੀਤਪਾਲ ਸਿੰਘ , ਨੂੰਹ ਰੁਪਿੰਦਰ ਕੌਰ ਅਤੇ ਪੋਤਰੀ ਮਹਿਕਪ੍ਰੀਤ ਕੌਰ ਹਨ । ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਅਤੇ ਕੀਰਤਨ 13 ਦਸੰਬਰ 2024 ਦਿਨ ਸੁਕਰਵਾਰ ਨੂੰ ਗੁਰਦੁਆਰਾ ਸ਼ਬਦ ਪ੍ਰਕਾਸ਼ ਮਲੌਦ ਵਿਖੇ 12 ਵਜੇ ਤੋਂ 1 ਵਜੇ ਤੱਕ ਹੋਵੇਗਾ ।
….ਮੇਜਰ ਸਿੰਘ ਨਾਭਾ, ਮੋਬ.9463553962