ਬੜੇ ਕਿੱਸੇ ਮਾਏ ਸੁਣੇ ਮੈਂ, ਸੁਣੀਆਂ ਕਹਾਣੀਆਂ
ਪਿਆਰ ਦਾ ਸੁਨੇਹਾ ਜਿੱਥੇ, ਜੁੜਦੀਆਂ ਢਾਣੀਆਂ
ਰੰਗਲਾ ਉਹ ਫੁੱਲਾਂ ‘ਚੋਂ, ਗੁਲਾਬ ਅੱਜ ਕਿੱਥੇ ਐ ?….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਸਵਾ ਲੱਖ ਨਾਲ ਭਿੜਨਾ, ਸਿਖਾਇਆ ਜਿੱਥੇ ਗੁਰਾਂ ਨੇ
ਕਿਰਤ ਦਾ ਸੂਰਜ, ਚੜ੍ਹਾਇਆ ਜਿੱਥੇ ਗੁਰਾਂ ਨੇ
ਭਲੇ ਸਰਬੱਤ ਵਾਲਾ, ਹਿਸਾਬ ਅੱਜ ਕਿੱਥੇ ਐ? ….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਜਿੱਥੇ ਰਾਜ ਸੀ ਉਹ ਰਾਜੇ ਦਾ, ਮਹਾਰਾਜਾ ਕਹਿੰਦੇ ਜਿਹਨੂੰ
ਪੰਡਾਂ ਸਿਰ ਉੱਤੇ ਚੱਕਦਾ ਸੀ, ਦਿਲ ਵਾਲਾ ਕਹਿੰਦੇ ਜਿਹਨੂੰ
ਰਣਜੀਤ ਸਿੰਘ ਸੂਰਮਾ, ਜਨਾਬ ਅੱਜ ਕਿੱਥੇ ਐ ?….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਵਹਿੰਦੀਆਂ ਹਵਾਵਾਂ ਵਿੱਚ ਪਹਿਲਾਂ ਜਿਹੀ ਲੋਰ ਨਈ
ਪੰਜਾਬ ਦਿਆਂ ਚੋਬਰਾਂ ਦੀ, ਪਹਿਲਾਂ ਜਿਹੀ ਤੋਰ ਨਈ
ਸਰਾਭਾ, ਭਗਤ ਤੇ ਊਧਮ ਸੁਨਾਮ ਅੱਜ ਕਿੱਥੇ ਐ ?…..
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਕਹਿੰਦੇ ਨਸ਼ਿਆਂ ‘ਚ ਡੁੱਬਿਆ ਏ, ਅੱਜ ਦਾ ਪੰਜਾਬ ਮਾਏ
ਪਹਿਲਾਂ ਜਿਹੇ ਨੂਰ ਨਾਲ, ਨਹੀਂ ਜਚਦਾ ਪੰਜਾਬ ਮਾਏ
ਠਾਠਾਂ ਮਾਰਦਾ ਉਹ ਜੁੱਸਾ ਤੇ ਸ਼ਬਾਬ ਅੱਜ ਕਿੱਥੇ ਐ ?….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਜਿੱਥੇ ਦੁੱਧ ਦੀਆਂ ਨਹਿਰਾਂ ਸੀ, ਤੇ ਨਹਿਰਾਂ ਵਿੱਚ ਲਹਿਰਾਂ ਸੀ
ਜਿੱਥੇ ਦਾਦੇ ਦਿਆਂ ਮੋਢਿਆਂ ‘ਤੇ ਪੋਤੇ ਦੀਆਂ ਸੈਰਾਂ ਸੀ
ਰਿਸ਼ਤਿਆਂ ‘ਚ ਪ੍ਰੇਮ ਦਾ ਸੈਲਾਬ ਅੱਜ ਕਿੱਥੇ ਐ?….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….
ਸਿੰਘ ਰਮਨਦੀਪ ਲੋਚਦਾ, ਜੋ ਪਹਿਲਾਂ ਜਿਹਾ ਪੰਜਾਬ ਮਾਏ
ਸਾਫ਼ ਰੜਿਆਂ ‘ਚ ਸੋਭਦਾ, ਜੋ ਮਹਿਲਾਂ ਜਿਹਾ ਪੰਜਾਬ ਮਾਏ
ਤਿਨਾਬ ਦਿੱਤਾ, ਜ਼ਿਹਲਮ ਝਨਾਬ ਅੱਜ ਕਿੱਥੇ ਐ ?….
ਪੰਜ ਆਬਾਂ ਵਾਲਾ ਅੰਮੀਏ, ਪੰਜਾਬ ਅੱਜ ਕਿੱਥੇ ਐ ?….