“ਕੀ ਇੱਕ ਪੱਲੇਦਾਰ ਦੇ ਪੁੱਤਰ ਦਾ ਪ੍ਰਫੈਸਰ ਬਣਨਾ ਸਰਕਾਰ ਨੂੰ ਮਨਜ਼ੂਰ ਨਹੀਂ ?”
ਮੈਂ ਕੀ ਲਿਖਾਂ ਆਪਣੇ ਬਾਰੇ ਮਨ ਬਹੁਤ ਉਦਾਸ ਹੈ, ਬਹੁਤ ਦੁਖੀ ਹੈ। ਕਿੱਥੋਂ ਲਿਖਣਾ ਸ਼ੁਰੂ ਕਰਾਂ ਕਿੱਥੇ ਜਾ ਕੇ ਖ਼ਤਮ ਕਰਾ, ਆਪਣੀ ਇਸ ਕਹਾਣੀ ਨੂੰ। ਅਸੀਂ 31 ਪ੍ਰੋਫ਼ੈਸਰ ਆਪਣੀ ਜੇਲ੍ਹ ਡਾਇਰੀ ਲਿਖ ਰਹੇ ਹਾਂ। ਜੋ ਜੇਲ੍ਹ ਵਿੱਚ ਸਮਾਂ ਬਿਤਾ ਕੇ ਆਏ ਹਾਂ ਉਸ ਬਾਰੇ ਅਤੇ ਆਪਣੇ ਜੀਵਨ ਸੰਘਰਸ਼ ਬਾਰੇ।
1158 ਭਰਤੀ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਮੈਂ ਪਿਛਲੇ ਤਿੰਨ ਸਾਲਾਂ ਤੋਂ ਹੀ ਇਸ ਦੇ ਲਈ ਸੰਘਰਸ਼ ਕਰ ਰਿਹਾ ਹਾਂ। 18 ਅਕਤੂਬਰ,2021 ਨੂੰ ਸ਼ਾਮ ਸੱਤ ਵਜੇ ਇਸ ਭਰਤੀ ਦੇ ਬਾਰੇ DD ਪੰਜਾਬੀ ਤੇ ਖ਼ਬਰ ਆਉਂਦੀ ਹੈ ਕਿ ਪੰਜਾਬ ਸਰਕਾਰ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾ ਦੀ ਭਰਤੀ ਕੱਢ ਰਹੀ ਹੈ ਜਿਸ ਨੂੰ ਕਿ 45 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਮੁਕੰਮਲ ਕਰਨਾ ਹੈ।ਜਿਸ ਦਾ ਨੋਟੀਫਿਕੇਸ਼ਨ ਕੱਲ੍ਹ ਯਾਨੀ ਕਿ 19 ਅਕਤੂਬਰ, 2021 ਨੂੰ ਜਾਰੀ ਕੀਤਾ ਜਾਵੇਗਾ। ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਸਨ ਕਿ ਇਹੋ ਜਿਹੀ ਕਿਹੜੀ ਭਰਤੀ ਹੈ ਜਿਹੜੀ 45 ਦਿਨਾਂ ਦੇ ਵਿੱਚ ਮੁਕੰਮਲ ਹੋਣ ਜਾ ਰਹੀ ਹੈ। A ਤੋਂ ਲੈ ਕੇ Z ਤੱਕ ਸਾਰਾ ਮੁਕੰਮਲ ਪਰੋਸੈਸ 45 ਦਿਨਾਂ ਦੇ ਵਿੱਚ ਹੋਣਾ ਸੀ। ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਭਰਤੀ ਐਨੇ ਕੁ ਦਿਨਾ ਦੇ ਵਿੱਚ ਪੂਰੀ ਹੋਈ ਹੋਵੇਗੀ। ਖੈਰ ਮੈਂ ਮਨ ਵਿੱਚੋਂ ਇਹ ਵਿਚਾਰ ਕੱਢ ਕੇ ਆਪਣੇ ਘਰ ਹੀ ਪੰਦਰਾਂ -ਪੰਦਰਾਂ, ਸੋਲਾਂ -ਸੋਲਾਂ ਘੰਟੇ ਪੜਨਾ ਸ਼ੁਰੂ ਕੀਤਾ ਅਤੇ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਇਸ ਭਰਤੀ ਵਿੱਚ ਪੰਜਾਬੀ ਵਿਸ਼ੇ ਵਿੱਚ ਚੁਣਿਆ ਗਿਆ।
ਨਤੀਜਾ ਕੀ ਨਿਕਲਿਆ ,ਚੁਣੇ ਜਾਣ ਤੋਂ ਬਾਅਦ ਤਿੰਨ ਸਾਲ ਹੋ ਗਏ ਤਿੰਨ ਸਾਲ ਤੋਂ ਹੀ ਰੁਲ ਰਿਹਾ ਹਾਂ। ਮੈਂ ਇਹਨਾਂ ਤਿੰਨ ਸਾਲਾਂ ਦੇ ਵਿੱਚ ਇਸ ਭਰਤੀ ਨੂੰ ਲੈ ਕੇ ਛੇ ਵਾਰ ਹੀ ਖੁਸ਼ ਹੋਇਆ ਹਾਂ। 28 ਨਵੰਬਰ,2021 ਜਿਸ ਦਿਨ ਰਿਜ਼ਲਟ ਆਇਆ,29 ਨਵੰਬਰ,30 ਨਵੰਬਰ ਇਹਨਾਂ ਦੋ ਦਿਨਾਂ ਵਿੱਚ ਸਾਡੀ ਸਕਰੂਟਨੀ ਹੋਈ । 01 ਦਸੰਬਰ ਅਤੇ 02 ਦਸੰਬਰ ਨੂੰ ਇਹਨਾਂ ਪੰਜ ਦਿਨਾਂ ਦੇ ਵਿੱਚ ਮੈਂ ਅਤੇ ਮੇਰਾ ਪਰਿਵਾਰ ਹੱਦ ਤੋਂ ਵੀ ਜ਼ਿਆਦਾ ਖੁਸ਼ ਸੀ। ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਪੂਰੀ ਦੁਨੀਆ ਦੀ ਅਤੇ ਪੂਰੀ ਜ਼ਿੰਦਗੀ ਦੀ ਖੁਸ਼ੀ ਮਿਲ ਗਈ। 03 ਦਸੰਬਰ,2021 ਨੂੰ ਮਾਣਯੋਗ ਹਾਈਕੋਰਟ ਵਲੋਂ 1158 ਭਰਤੀ ਤੇ ਰੋਕ ਲੱਗ ਜਾਂਦੀ ਹੈ ਸਾਡੇ ਸਾਰੇ ਸੁਪਨੇ ਇੱਕ ਹੀ ਝਟਕੇ ਵਿੱਚ ਟੁੱਟ ਜਾਂਦੇ ਹਨ। ਮੈਂ ਪਿਛਲੇ ਤਿੰਨ ਸਾਲਾਂ ਤੋਂ ਇਸ ਭਰਤੀ ਨੂੰ ਲੈ ਕੇ ਪੀੜਾ ਹੰਢਾ ਰਿਹਾ ਹਾਂ। ਮੈਂ ਪੱਕੇ ਧਰਨੇ ਤੇ ਲਗਾਤਾਰ ਛੇ ਮਹੀਨੇ ਰਿਹਾ ਹਾਂ। 31 ਅਗਸਤ,2023 ਤੋਂ ਲੈ ਕੇ 29 ਫਰਵਰੀ,2024 ਤੱਕ। ਮੈਂ ਇਹਨਾਂ ਛੇ ਮਹੀਨਿਆਂ ਵਿੱਚ ਉੱਥੇ ਹਰ ਤਰ੍ਹਾਂ ਦਾ ਦੁੱਖ ਹੰਢਾਇਆ। ਗਰਮੀ,ਸਰਦੀ, ਮੀਂਹ,ਝੱਖੜ, ਤੂਫ਼ਾਨ ਸਭ ਮੇਰੇ ਉੱਪਰ ਦੀ ਲੰਘੇ। ਧੁੰਦ ਵਾਲੇ ਦਿਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਕਿਤੇ ਕੋਈ ਗੱਡੀ ਹੀ ਨਾ ਸਾਡੇ ਉੱਪਰ ਚੜ੍ਹ ਜਾਵੇ। ਸਮਾਂ ਲੰਘਦਾ ਗਿਆ ਅਤੇ ਸਾਡਾ ਸੰਘਰਸ਼ ਚੱਲਦਾ ਰਿਹਾ।
ਮੈਨੂੰ ਚੇਤਾ ਹੈ ਜਦ ਮੈਂ ਸੱਤ ਅੱਠ ਸਾਲ ਦਾ ਸੀ ਤਾਂ ਮੈਂ ਇੱਕ ਵਾਰ ਆਪਣੇ ਪਿਤਾ ਜੀ ਨਾਲ ਨਾਭੇ ਜਾ ਰਿਹਾ ਸੀ ਸਾਈਕਲ ਦੇ ਪਿੱਛੇ ਬੈਠਾ। ਮੇਰੇ ਪਿੰਡ ਤੋਂ ਰਿਪੁਦਮਨ ਕਾਲਜ ਦੀ ਦੂਰੀ ਚਾਰ -ਪੰਜ ਕਿਲੋਮੀਟਰ ਹੈ। ਜਦ ਅਸੀਂ ਸਾਈਕਲ ਤੇ ਰਿਪੁਦਮਨ ਕਾਲਜ ਦੇ ਮੂਹਰੇ ਦੀ ਲੰਘ ਰਹੇ ਸੀ ਤਾਂ ਮੈਂ ਬੱਚਿਆਂ ਵਾਂਗੂੰ ਆਪਣੇ ਪਾਪੇ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਪਾਪੇ ਇਹ ਕੌਣ ਨੇ ਜਿਹਨਾਂ ਦੇ ਹੱਥਾਂ ਵਿੱਚ ਕਿਤਾਬਾਂ ਹਨ। ਮੇਰੇ ਪਾਪੇ ਨੇ ਮੈਨੂੰ ਦੱਸਿਆ ਕਿ ਇਹ ਕਾਲਜ ਦੇ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਹਨ। ਮੈਂ ਪਾਪੇ ਨੂੰ ਕਿਹਾ ਕਿ ਇਹ ਤਾਂ ਕਿੰਨੇ ਵੱਡੇ -ਵੱਡੇ ਹਨ ਇਹਨਾਂ ਦੇ ਤਾਂ ਕਿੰਨੀਆਂ ਵੱਡੀਆਂ -ਵੱਡੀਆਂ ਦਾੜੀਆਂ ਵੀ ਹਨ। ਮੇਰੇ ਪਾਪੇ ਨੇ ਮੈਨੂੰ ਦੱਸਿਆ ਕਿ ਇਹ ਬੀਏ, ਐਮ ਏ ਦੀ ਪੜ੍ਹਾਈ ਕਰਦੇ ਹਨ। ਇਹ ਪੜ੍ਹਾਈ ਕਰਦੇ -ਕਰਦੇ ਬੱਚੇ ਐਨੇ ਵੱਡੇ ਹੋ ਜਾਂਦੇ ਹਨ। ਫਿਰ ਮੈਂ ਆਪਣੇ ਪਾਪੇ ਨੂੰ ਪੁੱਛਿਆ ਕਿ ਇਹਨਾਂ ਨੂੰ ਵਰਦੀ ਪਾਉਣ ਦੀ ਵੀ ਲੋੜ ਨਹੀਂ। ਮੇਰੇ ਪਾਪਾ ਜੀ ਨੇ ਮੈਨੂੰ ਦੱਸਿਆ ਕਿ ਇਹ ਕੋਈ ਵੀ ਕੱਪੜੇ ਪਾ ਸਕਦੇ ਹਨ। ਮੇਰਾ ਅਗਲਾ ਸਵਾਲ ਇਹ ਸੀ ਕੀ ਕਿ ਮੈਂ ਵੀ ਕਾਲਜ ਦੇ ਵਿੱਚ ਪੜ੍ਹ ਸਕਦਾ ਹਾਂ ਕਿ ਮੈਂ ਵੀ ਬੀਏ,ਐਮ ਏ ਕਰ ਸਕਦਾ ਹਾਂ। ਮੇਰੇ ਪਾਪਾ ਜੀ ਨੇ ਮੈਨੂੰ ਕਿਹਾ ਬਿਲਕੁਲ ਕਰ ਸਕਦਾ ਜੇ ਤੂੰ ਵਧੀਆ ਪੜੇ ਤਾਂ ਮੈਂ ਅੱਗੋਂ ਜਵਾਬ ਦਿੱਤਾ ਕਿ ਮੈਂ ਵਧੀਆ ਪੜੂਗਾ। ਫਿਰ ਅਸੀਂ ਬਜ਼ਾਰ ਵਿੱਚ ਚਲੇ ਗਏ। ਸ਼ਾਇਦ ਮੇਰੇ ਸਕੂਲ ਵਾਲ਼ੀ ਵਰਦੀ ਖ੍ਰੀਦਣੀ ਸੀ। ਵਾਪਸੀ ਤੇ ਅਸੀਂ ਫਿਰ ਰਿਪੁਦਮਨ ਕਾਲਜ ਦੇ ਮੂਹਰੇ ਦੀ ਲੰਘੇ ਵਾਪਸੀ ਤੇ ਮੈਂ ਕੁਝ ਨਹੀਂ ਬੋਲਦਾ ਸਿਰਫ਼ ਮਹਿਸੂਸ ਕਰਦਾ ਜਾ ਰਿਹਾ ਕਿ ਇੱਕ ਦਿਨ ਮੈਂ ਵੀ ਇਸ ਕਾਲਜ ਦੇ ਵਿੱਚ ਪੜੂਗਾ। ਮੇਰੇ ਪਿਤਾ ਜੀ ਨੇ ਪਿੰਡ ਵਾਲੀ ਸੜਕ ਤੇ ਚੜਨ ਤੱਕ ਮੈਨੂੰ ਦੋ ਤਿੰਨ ਵਾਰ ਕਿਹਾ ਕਿ ਗ਼ਜ਼ਾ ਵਿਚ ਪੈਰ ਨਾ ਫਸਾ ਲਈ । ਮੈਂ ਬੱਚਿਆਂ ਵਾਲੀਆਂ ਸੋਚਾਂ ਵਿੱਚ ਗਵਾਚਾ ਕਹਿ ਦਿੰਦਾ ਕਿ ਠੀਕ ਆ।
ਮੇਰੇ ਮਜ਼ਦੂਰ ਪਿਤਾ ਨੇ ਪੱਲੇਦਾਰ ਪਿਤਾ ਨੇ ਕਿਵੇਂ ਨਾ ਕਿਵੇਂ ਤੰਗੀਆਂ ਤੁਰਸ਼ੀਆਂ ਕੱਟ ਕੇ ਮੈਨੂੰ ਰਿਪੁਦਮਨ ਕਾਲਜ ਵਿੱਚ ਪੜ੍ਹਾ ਦਿੱਤਾ ਮੈਨੂੰ ਬੀਏ, ਐਮ ਏ ਕਰਵਾ ਦਿੱਤੀ। ਮੈਂ ਵੀ ਆਪਣੀ ਲਗਨ ਨਾਲ ਆਪਣੀ ਮਿਹਨਤ ਨਾਲ ਉਹ ਸਾਰੀ ਪੜ੍ਹਾਈ ਪੂਰੀ ਕਰ ਲਈ ਜਿਹੜੀ ਪ੍ਰੋਫੈਸਰ ਬਣਨ ਲਈ ਚਾਹੀਦੀ ਸੀ ਅਤੇ ਮੈਂ 1158 ਭਰਤੀ ਵਿੱਚ ਸਲੈਕਟ ਹੋ ਗਿਆ।
ਛੇਵੀਂ ਵਾਰ ਮੈਂ ਇਸ ਭਰਤੀ ਦੇ ਸੰਬੰਧ ਵਿੱਚ ਉਦੋਂ ਖੁਸ਼ ਸੀ ਜਦੋਂ ਮਾਣਯੋਗ ਹਾਈਕੋਰਟ ਵਲੋਂ ਡਬਲ ਬੈਂਚ ਤੇ 23 ਸਤੰਬਰ,2024. ਨੂੰ ਅਸੀਂ ਕੇਸ ਜਿੱਤ ਗਏ ਸੀ। ਫਿਰ ਸਵਾ ਦੋ ਮਹੀਨੇ ਬੀਤ ਜਾਣ ਬਾਅਦ ਜਦ 24 ਨਵੰਬਰ ਨੂੰ ਅਸੀਂ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਆਪਣੇ ਨਿਯੁਕਤੀ ਪੱਤਰ ਮੰਗਣ ਜਾਂਦੇ ਹਾਂ ਤਾਂ ਪੁਲਿਸ ਨਾਲ ਸਾਡੀ ਧੱਕਾ ਮੁੱਕੀ ਹੁੰਦੀ ਹੈ ਜਿਸ ਵਿੱਚ ਮੇਰੀ ਛਾਤੀ ਦਾ ਮਾਸ ਪਾਟ ਜਾਂਦਾ ਹੈ। ਜਿਸ ਦੀ ਦਵਾਈ ਮੈਂ ਅਜੇ ਤੱਕ ਖਾ ਰਿਹਾ ਹਾਂ। ਭੀੜ ਵਿੱਚ ਮੇਰੀ ਛਾਤੀ ਤੇ ਦੋ ਤਿੰਨ ਕਹੂਨੀਆ ਚੰਗੀ ਤਰ੍ਹਾਂ ਟਿੱਕ ਜਾਂਦੀਆਂ ਹਨ ਜਿਹਨਾਂ ਨੇ ਮੇਰੀ ਛਾਤੀ ਦਾ ਮਾਸ ਪਾੜ ਦਿੱਤਾ। ਮੈਨੂੰ ਪੰਜ ਮਿੰਟ ਐਨੀ ਤਕਲੀਫ਼ ਹੋਈ ਕਿ ਮੈਂ ਸੜਕ ਤੇ ਗਿਰ ਜਾਵਾਂਗਾ। ਪਰ ਸਰਕਾਰ ਸਾਡੇ ਤੇ ਐਨਾ ਤਸ਼ੱਦਦ ਕਰਨ ਤੋਂ ਬਾਅਦ ਵੀ ਟੱਸ ਤੋਂ ਮੱਸ ਨਹੀਂ ਹੋਈ।
ਹੱਦ ਤਾਂ ਸਰਕਾਰ ਨੇ ਉਸ ਦਿਨ ਕਰ ਦਿੱਤੀ ਜਦੋਂ 03 ਦਸੰਬਰ,2024 ਨੂੰ ਸਾਨੂੰ ਸ਼ਾਂਤ ਮਈ ਪ੍ਰਦਰਸ਼ਨ ਕਰਦਿਆਂ ਨੂੰ ਮਰਨ ਵਰਤ ਰੱਖਣ ਵਾਲੇ ਸਾਥੀਆਂ ਸਮੇਤ ਸਾਨੂੰ ਪੁਲਿਸ ਜ਼ਬਰੀ ਚੁੱਕ ਕੇ ਵੱਖੋ – ਵੱਖ ਥਾਣਿਆਂ ਵਿੱਚ ਲੈ ਗਈ । ਸਾਨੂੰ ਰਾਤ ਭਰ ਥਾਣਿਆਂ ਵਿੱਚ ਰੱਖਿਆ ਗਿਆ। ਥਾਣਿਆਂ ਵਿੱਚ ਰਹਿਣ ਵਾਲੇ ਸਾਥੀਆਂ ਵਿੱਚ 09 ਕੁੜੀਆਂ ਸ਼ਾਮਿਲ ਸਨ ਜਿਨ੍ਹਾਂ ਨੂੰ ਪਹਿਲਾਂ ਬਾਲੀਆਂ ਥਾਣੇ ਵਿੱਚ ਅਤੇ ਫਿਰ ਰਾਤ ਭਰ ਸ਼ੇਰਪੁਰ ਥਾਣੇ ਵਿੱਚ ਰੱਖਿਆ ਗਿਆ। ਸਾਡੇ 10 ਸਾਥੀਆਂ ਨੂੰ ਧਰਮਗੜ੍ਹ ਥਾਣੇ ਵਿੱਚ ਰੱਖਿਆ ਗਿਆ ਅਤੇ ਸਾਨੂੰ 21 ਸਾਥੀਆਂ ਨੂੰ ਲਹਿਰੇ ਥਾਣੇ ਵਿੱਚ ਰੱਖਿਆ ਗਿਆ। ਕੁੜੀਆਂ ਨੂੰ ਸਵੇਰੇ 04 ਦਸੰਬਰ ਨੂੰ ਛੱਡ ਦਿੱਤਾ ਗਿਆ। ਸਾਨੂੰ 04 ਦਸੰਬਰ ਨੂੰ 21 ਸਾਥੀਆਂ ਨੂੰ ਪਹਿਲਾਂ ਲਹਿਰੇ ਐਸ . ਡੀ.ਐੱਮ ਕੋਲ ਪੇਸ਼ ਕਰਨ ਲਈ ਲੈ ਗਏ। ਫਿਰ ਬਿਨਾਂ ਪੇਸ਼ ਕੀਤੇ ਸਾਨੂੰ ਸੁਨਾਮ ਸਰਕਾਰੀ ਹਸਪਤਾਲ ਵਿੱਚ ਲੈ ਗਏ ਸਾਡਾ ਮੈਡੀਕਲ ਕਰਵਾਉਣ ਦੇ ਲਈ। ਸਾਨੂੰ ਘੰਟਾ ਡੇਢ਼ ਘੰਟਾ ਵੈਨ ਦੇ ਵਿੱਚ ਬਿਠਾ ਕੇ ਰੱਖਿਆ। ਜਦ ਅਸੀਂ ਬਾਥਰੂਮ ਕਰਨ ਜਾਣਾ ਹੁੰਦਾ ਸੀ ਤਾਂ ਦੋ ਪੁਲਿਸ ਵਾਲੇ ਸਾਨੂੰ ਬਾਹਵਾਂ ਤੋਂ ਫੜ੍ਹ ਕੇ ਬਾਥਰੂਮ ਕਰਵਾਉਣ ਲਈ ਲੈ ਕੇ ਜਾਂਦੇ ਸਨ ਤਾਂ ਉਸ ਸਮੇਂ ਮਨ ਵਿੱਚ ਇੱਕੋ ਸਵਾਲ ਵਾਰ -ਵਾਰ ਚੱਲ ਰਿਹਾ ਸੀ ਕਿ ਮੈਂ ਕਿਹੜਾ ਗੁਨਾਹ ਕੀਤਾ ਜਿਹੜਾ ਮੇਰੇ ਨਾਲ ਇਹ ਸਲੂਕ ਕੀਤਾ ਜਾ ਰਿਹਾ ਹੈ। ਮੇਰਾ ਕਸੂਰ ਕੀ ਹੈ? ਮੈਨੂੰ ਇਸ ਸਵਾਲ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਸੀ ਮੈਂ ਵਾਰ – ਵਾਰ ਆਪਣੇ ਆਪ ਨਾਲ ਇਹ ਸਵਾਲ ਕਰ ਰਿਹਾ ਸੀ ਕਿ ਮੇਰਾ ਕਸੂਰ ਕੀ ਹੈ? ਕੀ ਮੇਰਾ ਕਸੂਰ ਸਿਰਫ ਇਹ ਹੈ ਕਿ ਮੈਂ ਆਪਣੇ ਨਿਯੁਕਤੀ ਪੱਤਰ ਨੂੰ ਮੰਗ ਰਿਹਾ ਹਾਂ, ਮੈਂ ਆਪਣੀ ਨੌਕਰੀ ਨੂੰ ਮੰਗ ਰਿਹਾ ਹਾਂ? ਮੈਂ ਮਾਨ ਸਾਹਿਬ ਤੁਹਾਨੂੰ ਇਹ ਸਵਾਲ ਕਰ ਰਿਹਾ ਹਾਂ ਕਿ ਜਦ ਤੁਹਾਨੂੰ ਕੁਲਫ਼ੀ ਗਰਮਾ ਗਰਮ ਵਰਗੀ ਪਹਿਲੀ ਕੈਸੇਟ ਅਤੇ ਸੁੱਖਾ ਫਿਲਮ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਕਿਸੇ ਨੇ ਨਹੀਂ ਰੋਕਿਆ ਤਾਂ ਤੁਸੀਂ ਇੱਕ ਪੱਲੇਦਾਰ ਦੇ ਪੁੱਤਰ ਨੂੰ ਪ੍ਰੋਫੈਸਰ ਬਣਨ ਤੋਂ ਕਿਉਂ ਰੋਕ ਰਹੇ ਹੋ ?
ਮੈਡੀਕਲ ਕਰਵਾਉਣ ਤੋਂ ਬਾਅਦ ਸਾਨੂੰ ਪੁਲਿਸ ਵੈਨ ਸੰਗਰੂਰ ਜੇਲ੍ਹ ਵਿੱਚ ਲੈ ਕੇ ਜਾਂਦੀ ਹੈ। ਪੁਲਿਸ ਵੈਨ ਦੇ ਅੱਗੇ ਦੋ ਪੁਲਿਸ ਦੀਆਂ ਗੱਡੀਆਂ ਅਤੇ ਇੱਕ ਗੱਡੀ ਪਿੱਛੇ ਹੁੰਦੀ ਹੈ। ਸਾਨੂੰ ਪੂਰੇ ਫ਼ਿਲਮੀ ਸਟਾਇਲ ਦੇ ਵਿੱਚ ਖ਼ਤਰਨਾਕ ਮੁਜਰਮਾਂ ਵਾਂਗ ਜੇਲ੍ਹ ਦੇ ਵਿੱਚ ਲਿਜਾਇਆ ਜਾਂਦਾ ਹੈ। ਸਾਨੂੰ ਮੁਜਰਮਾਂ ਵਾਂਗ ਹੀ ਗੱਡੀ ਦੇ ਵਿੱਚੋ ਉਤਾਰਿਆ ਜਾਂਦਾ ਹੈ ਸਾਡਾ ਸਾਰਾ ਹੀ ਸਾਮਾਨ ਜੇਲ੍ਹ ਤੋਂ ਬਾਹਰ ਰਖਵਾਇਆ ਜਾਂਦਾ ਹੈ ਫਿਰ ਵੱਡੇ- ਵੱਡੇ
ਗੇਟਾਂ ਦੇ ਰਾਹੀਂ ਸਾਨੂੰ ਜੇਲ੍ਹ ਦੇ ਅੰਦਰ ਵਾੜਿਆ ਜਾਂਦਾ ਹੈ। ਜਿੱਥੇ ਸਾਡੀ ਵਾਰ- ਵਾਰ ਤਲਾਸ਼ੀ ਹੁੰਦੀ ਹੈ। ਵਾਰ-ਵਾਰ ਗਿਣਤੀ ਹੁੰਦੀ ਹੈ। ਸਾਡੇ ਨਾਲ ਸਾਰਾ ਸਲੂਕ ਕੈਦੀਆਂ ਵਾਲਾ ਕੀਤਾ ਜਾਂਦਾ ਹੈ। ਉਸੇ ਤਰੀਕੇ ਨਾਲ ਸਾਨੂੰ ਰੋਟੀ ਮਿਲਦੀ ਹੈ ਉਸੇ ਤਰੀਕੇ ਨਾਲ ਸਾਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ।
ਦੋ ਦਿਨ ਅਤੇ ਇੱਕ ਰਾਤ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ 05 ਦਸੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ਼ ਸਾਨੂੰ ਜੇਲ੍ਹ ਵਿੱਚੋ ਸ਼ਾਮ ਨੂੰ ਸਾਢੇ ਸੱਤ ਵਜੇ ਰਿਹਾਅ ਕਰ ਦਿੱਤਾ ਜਾਂਦਾ ਹੈ।
ਸਾਨੂੰ ਜੇਲ੍ਹ ਵਿੱਚੋ ਤਾਂ ਰਿਹਾਅ ਕਰ ਦਿੱਤਾ ਪਰ ਪੰਜਾਬ ਸਰਕਾਰ ਦੇ ਇਸ ਸ਼ਰਮਨਾਕ ਕੀਤੇ ਕਾਰੇ ਵਿੱਚੋਂ ਅਸੀਂ ਅਜੇ ਤੱਕ ਰਿਹਾਅ ਨਹੀਂ ਹੋਏ। ਪੰਜਾਬ ਸਰਕਾਰ ਦੇ ਮੂੰਹ ਤੇ ਇੱਕ ਕਾਲਖ਼ ਵੱਜ ਚੁੱਕੀ ਹੈ ਅਤੇ ਸਾਨੂੰ ਆਪਣੇ ਆਪ ਉੱਪਰ ਮਾਣ ਹੈ ਕਿ ਅਸੀਂ ਆਪਣੇ ਹੱਕ ਲਈ ਅੰਦਰ ਗਏ ਹਾਂ ਕੋਈ ਮਾੜਾ ਕੰਮ ਕਰਕੇ ਨਹੀਂ।
ਪਰ ਸਰਕਾਰ ਨੂੰ ਮੇਰਾ ਇੱਕੋਂ ਸਵਾਲ ਵਾਰ -ਵਾਰ ਹੈ ਕਿ ਮੇਰਾ ਕੀ ਕਸੂਰ ਸੀ ਮੇਰੇ 31 ਸਾਥੀਆਂ ਦਾ ਕੀ ਕਸੂਰ ਸੀ ਜਿਹੜਾ ਸਾਨੂੰ ਜੇਲ੍ਹ ਵਿੱਚ ਭੇਜਿਆ? ਕੀ ਪੰਜਾਬ ਸਰਕਾਰ ਨੂੰ ਇਹ ਗੱਲ ਮਨਜ਼ੂਰ ਨਹੀਂ ਕੀ ਇੱਕ ਪੱਲੇਦਾਰ ਦਾ ਪੁੱਤਰ ਪ੍ਰੋਫੈਸਰ ਬਣ ਜਾਵੇ ?
ਗੁਰਭਜਨ ਸਿੰਘ ( ਲਾਡੀ)