ਰਾਤ ਦਾ ਸੰਨਾਟਾ
ਬਹੁਤ ਗਹਿਰਾ ਹੁੰਦਾ ਹੈ
ਨੀਂਦ ਨਾ ਆਏ ਤੇ
ਸੰਨਾਟਾ ਹੋਰ ਗਹਿਰਾ
ਲੱਗਦਾ ਹੈ
ਇਨਸਾਨ ਸੋਚਾਂ ਵਿੱਚ
ਖੁੱਭ ਜਾਂਦਾ ਹੈ
ਟਿਕ ਟਿਕੀ ਲਗਾਏ
ਘੂਰ ਰਹੀ ਹੈ ਛੱਤ ਨੂੰ ਉਹ
ਅੰਦਰ ਹੀ ਅੰਦਰ ਉਹ
ਰੋਜ਼ ਮਰਦੀ ਹੈ ਖੱਪਦੀ ਹੈ
ਭੁਰਦੀ ਹੈ ਖੁਰਦੀ ਹੈ
ਅਹਿਸਾਸ ਮਰ ਗਏ ਨੇ
ਸੋਚ ਪੱਥਰਾ ਗਈ
ਜ਼ਿੰਦਾ ਲਾਸ਼ ਬਣੀ ਪਈ
ਇੰਤਜ਼ਾਰ ਕਰ ਰਹੀ ਹੈ
ਕਿਤੇ ਮੌਤ ਹੀ ਆ
ਕਲਾਵੇ ਵਿੱਚ ਲੈ ਲਏ ਸਹੀ
ਕੋਈ ਤਾਂ ਮਿਲੇ ਗਲੇ ਲਗਾਉਣ ਵਾਲਾ
ਹੰਝੂ ਤ੍ਰਿਪ ਤ੍ਰਿਪ ਚੋ
ਪਲਕਾਂ ‘ਚੋਂ ਬਾਹਰ
ਨਿਕਲ ਰਹੇ ਨੇ
ਆਪਣੇ ਟੁਕੜੇ ਟੁਕੜੇ ਹੋਏ
ਵਜੂਦ ਨੂੰ ਸੰਭਾਲਣ ਦੀ ਕੋਸ਼ਿਸ਼
ਕਰਦੀ ਹੈ ਪਰ
ਉਸਦੀ ਯਾਦ ਆਉਂਦੇ ਹੀ
ਸਾਰੀ ਦੀ ਸਾਰੀ ਖਿਲਰ ਪੁਲਰ
ਜਾਂਦੀ ਹੈ ਉਹ
ਪਰ ਉਸਦੀਆਂ ਯਾਦਾਂ ‘ਚੋਂ
ਬਾਹਰ ਨਹੀਂ ਨਿਕਲ ਸਕੀ
ਕਦੀ ਵੀ ਉਹ
ਜੋ ਰੂਹੇ ਰਵਾਂ ਸੀ ਉਸਦਾ
ਉਸਦੀ ਖ਼ੁਸ਼ੀ , ਉਸਦੀ ਧੜਕਣ
ਜ਼ਿੰਦਗੀ ਸੀ ਉਸਦੀ ਤੇ ਉਹ
ਸੋਚਦੀ ਆਪਣਿਆਂ ਦਾ ਦਿੱਤਾ ਦਰਦ
ਬਹੁਤ ਅਸਹਿ ਤੇ ਅਕਹਿ ਹੁੰਦਾ ਹੈ
ਇਹ ਦਰਦ ਅਵਲੜੇ ਨੇ
ਜ਼ਖ਼ਮ ਅੱਲੇ ਨੇ ਅਜੇ
ਦਰਦ ਲੁਕਾਉਂਦੀ ਫਿਰਦੀ ਹੈ
ਚੀਸਾਂ ਨੂੰ ਦਬਾਉਂਦੀ ਫਿਰਦੀ ਹੈ
ਸੱਭ ਤੋਂ ਨਜ਼ਰਾਂ ਚੁਰਾਉਂਦੀ ਹੈ
ਆਪਣਾ ਆਪ ਛੁਪਾਉਂਦੀ ਹੈ
ਤੂੰ ਬਦਲਿਆ ਅਚਾਨਕ ਤੇ
ਲਾਪਤਾ ਹੋ ਗਿਉਂ ਕਿਧਰੇ
ਜਾਂਦਾ ਹੋਇਆ ਲੈ ਗਿਉਂ
ਕੱਢ ਰੂਹ ਮੇਰੀ ਨੂੰ ਵੀ
ਦੇ ਗਿਉਂ ਡਾਢਾ ਗ਼ਮ
ਜੁਦਾਈ ਆਪਣੀ ਦਾ ਤੂੰ
ਤੇਰੀ ਮੁਹੱਬਤ ਤੇਰੇ ਅਹਿਸਾਸ
ਜ਼ਿੰਦਾ ਨੇ ਅੰਦਰ ਮੇਰੇ
ਜੋ ਜ਼ਿੰਦਾ ਰੱਖ ਰਹੇ ਨੇ ਮੈਨੂੰ
ਕੀ ਕਰਾਂ ਅੱਜ ਯਾਦ ਤੇਰੀ
ਬਹੁਤ ਤੜਪਾ ਰਹੀ ਹੈ
ਮੁਹੱਬਤ ਤੇਰੀ ਯਾਦ ਆ ਰਹੀ ਹੈ
ਵਹਿਣਾਂ ਵਿੱਚ ਰੁੜਦੀ ਜਾਂਦੀ ਹਾਂ
ਹੌਕੇ ਤੇ ਹੌਕੇ ਭਰਦੀ ਹਾਂ
ਅੱਖਾਂ ‘ਚ ਡਲ੍ਹਕ ਆਏ ਹੰਝੂਆਂ ਨੂੰ
ਆਪੈ ਹੀ ਸਾਫ਼ ਕਰਕੇ ਤੇ
ਤੇਰੀ ਯਾਦ ਆਉਂਦੇ ਹੀ
ਥੋੜਾ ਜਿਹਾ ਮੁਸਕਰਾ ਪੈਂਦੀ ਹਾਂ
ਪਰ ਕੀ ਕਰਾਂ
ਦਰਦ ਵਿਛੋੜਾ ਤੇਰਾ ਹੁਣ ਸਹਿ ਨਹੀਂ ਹੁੰਦਾ
ਬਿਨ ਤੇਰੇ ਹੁਣ ਰਹਿ ਨਹੀਂ ਹੁੰਦਾ ।

ਰਮਿੰਦਰ ਰੰਮੀ