ਹਿੰਦੀ ਫਿਲਮ ਜਗਤ ਦਾ ਚਰਚਿਤ ਨਿਰਦੇਸ਼ਕ ਸ਼ਿਆਮ ਬੈਨੇਗਲ ਨਹੀਂ ਰਿਹਾ। ਬੀਤੇ ਦਿਨੀਂ, 23 ਦਸੰਬਰ 2024 ਨੂੰ, 90 ਸਾਲ ਦੀ ਉਮਰ ਵਿੱਚ ਉਹਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅੰਕੁਰ, ਨਿਸ਼ਾਂਤ, ਮੰਥਨ ਅਤੇ ਭੂਮਿਕਾ ਜਿਹੀਆਂ ਫਿਲਮਾਂ ਦਾ ਡਾਇਰੈਕਟਰ ਸ਼ਿਆਮ ਬੈਨੇਗਲ ਸਮਾਨਾਂਤਰ (ਪੈਰੇਲਲ) ਸਿਨੇਮਾ ਦਾ ਮੋਢੀ ਸੀ। ਉਹਦਾ ਜਨਮ 14 ਦਸੰਬਰ 1934 ਨੂੰ ਤਿਰੂਮਲਗਿਰੀ, ਸਿਕੰਦਰਾਬਾਦ (ਹੁਣ ਹੈਦਰਾਬਾਦ, ਆਂਧਰਪ੍ਰਦੇਸ਼) ਵਿੱਚ ਮਿਡਲ ਕਲਾਸ ਕੋਂਕਣੀ-ਭਾਸ਼ੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਹ ਪ੍ਰਸਿੱਧ ਐਕਟਰ ਤੇ ਫਿਲਮਸਾਜ਼ ਗੁਰੂਦੱਤ ਦਾ ਚਚੇਰਾ ਭਰਾ ਸੀ। ਸ਼ਿਆਮ ਦੇ ਪਿਤਾ ਸ਼੍ਰੀਧਰ ਬੀ. ਬੈਨੇਗਲ ਨੂੰ ਸਟਿਲ ਫੋਟੋਗਰਾਫ਼ੀ ਦਾ ਸ਼ੌਕ ਸੀ, ਜੋ ਮੂਲ ਤੌਰ ਤੇ ਕਰਨਾਟਕ ਦੇ ਰਹਿਣ ਵਾਲੇ ਸਨ। ਸ਼ਿਆਮ ਵੀ ਬੱਚਿਆਂ ਦੀਆਂ ਤਸਵੀਰਾਂ ਅਕਸਰ ਖਿੱਚਿਆ ਕਰਦਾ ਸੀ। ਜਦੋਂ ਉਹ 12 ਸਾਲ ਦਾ ਸੀ ਤਾਂ ਉਹਨੇ ਆਪਣੇ ਪਿਤਾ ਦੇ ਕੈਮਰੇ ਨਾਲ ਪਹਿਲੀ ਫਿਲਮ ਬਣਾਈ ਸੀ।
ਉਹਨੇ ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਐਮਏ ਕੀਤੀ। ਇੱਥੇ ਹੀ ਉਹਨੇ ਹੈਦਰਾਬਾਦ ਫਿਲਮ ਸੋਸਾਇਟੀ ਦੀ ਨੀਂਹ ਰੱਖੀ, ਜੋ ਸਿਨੇਮਾ ਵਿੱਚ ਉਹਦੇ ਸ਼ਾਨਦਾਰ ਸਫਰ ਦੀ ਸ਼ੁਰੂਆਤ ਸੀ।
2009 ਵਿੱਚ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਸ਼ਿਆਮ ਨੇ ਦੱਸਿਆ ਸੀ – “ਮੈਂ ਉਦੋਂ 6-7 ਸਾਲ ਦਾ ਸਾਂ। ਅਸੀਂ ਸਿਕੰਦਰਾਬਾਦ ਫੌਜੀ ਛਾਉਣੀ ਵਿੱਚ ਰਹਿੰਦੇ ਸਾਂ। ਉੱਥੇ ਇੱਕ ਗੈਰੀਸਨ ਸਿਨੇਮਾ ਸੀ। ਮੈਂ ਜਦੋਂ ਉੱਥੇ ਪਹਿਲੀ ਵਾਰ ਫਿਲਮ ਵੇਖੀ ਤਾਂ ਇਸ ਤਰ੍ਹਾਂ ਹਿਪਨੋਟਾਈਜ਼ (ਸੰਮੋਹਿਤ) ਹੋ ਗਿਆ ਜਿਵੇਂ ਹੋਰ ਹੀ ਦੁਨੀਆਂ ਵਿੱਚ ਆ ਗਿਆ ਹੋਵਾਂ! ਇਹ ਸ਼ਾਇਦ ਕੋਈ ਅੰਗਰੇਜ਼ੀ ਫਿਲਮ ‘ਕੈਟ ਪੀਪਲ’ ਸੀ। ਇਹ ਇਹ ‘ਹਾੱਰਰ ਮੂਵੀ’ ਸੀ। ਆਡੀਓ-ਵੀਡੀਓ ਮਾਧਿਅਮ ਨਾਲ ਤੁਸੀਂ ਅਜਿਹਾ ਕੁਝ ਵੀ ਕਰ ਸਕਦੇ ਹੋ ਜੋ ਅਸਲੀ ਦੁਨੀਆਂ ਤੋਂ ਹਟ ਕੇ ਹੋਵੇ! ਫਿਲਮਾਂ ਦੀ ਇਸ ਖਾਸੀਅਤ ਨੇ ਮੈਨੂੰ ਕਾਫੀ ਆਕਰਸ਼ਿਤ ਕੀਤਾ ਸੀ… ਸਭ ਤੋਂ ਪਹਿਲਾਂ ਮੈਂ ਵਿਗਿਆਪਨ ਏਜੰਸੀ ਵਿੱਚ ਕੰਮ ਕੀਤਾ। ਬੰਬਈ ਆਉਣ ਪਿੱਛੋਂ ਮੈਂ ਕਾਪੀ ਐਡੀਟਰ ਵਜੋਂ ਕੰਮ ਕੀਤਾ। ਪਹਿਲੇ ਸਾਲ ਹੀ ਮੈਂ ਹਿੰਦੋਸਤਾਨ ਲੀਵਰ ਲਈ ਇੱਕ ਵਿਗਿਆਪਨ ਬਣਾਇਆ ਸੀ ਤੇ ਇਹਨੂੰ ਰਾਸ਼ਟਰਪਤੀ ਪੁਰਸਕਾਰ ਮਿਲਿਆ ਸੀ। ਛੇ ਮਹੀਨੇ ਪਿੱਛੋਂ ਹੀ ਮੈਂ ਵਿਗਿਆਪਨ ਫਿਲਮਾਂ ਬਣਾਉਣ ਲੱਗ ਪਿਆ ਅਤੇ 1000 ਤੋਂ ਵੱਧ ਵਿਗਿਆਪਨ ਫਿਲਮਾਂ ਬਣਾਈਆਂ। ਸਿੱਖਣ ਦੇ ਲਿਹਾਜ਼ ਨਾਲ ਇਹ ਮੇਰੇ ਲਈ ਬਹੁਤ ਚੰਗਾ ਰਿਹਾ… ਜਦੋਂ ਮੈਂ ਆਪਣੀ ਪਹਿਲੀ ਫੀਚਰ ਫਿਲਮ ਬਣਾਈ ਤਾਂ ਮੈਨੂੰ ਫਿਲਮ-ਨਿਰਮਾਣ ਦੇ ਸਾਰੇ ਪਹਿਲੂਆਂ ਦੀ ਜਾਣਕਾਰੀ ਸੀ…।”
1974 ਵਿੱਚ ‘ਅੰਕੁਰ’ ਫਿਲਮ ਤੋਂ ਬਤੌਰ ਨਿਰਦੇਸ਼ਕ ਆਪਣਾ ਸਫਰ ਸ਼ੁਰੂ ਕਰਨ ਵਾਲੇ ਬੈਨੇਗਲ ਨੇ 24 ਫਿਲਮਾਂ, 45 ਡਾਕੂਮੈਂਟਰੀਆਂ ਤੇ ਅਣਗਿਣਤ ਵਿਗਿਆਪਨ ਫਿਲਮਾਂ ਬਣਾਈਆਂ। ਉਹਨੇ ਨਿਸ਼ਾਂਤ (1975), ਮੰਥਨ (1976), ਭੂਮਿਕਾ (1977), ਕੋਂਦੂਰਾ (1978), ਜੁਨੂੰਨ (1978), ਕਲਯੁਗ (1981), ਆਰੋਹਨ (1982), ਮੰਡੀ (1983), ਤ੍ਰਿਕਾਲ (1985), ਅੰਤਰਨਾਦ (1991), ਸੂਰਜ ਕਾ ਸਾਤਵਾਂ ਘੋੜਾ (1993), ਮੰਮੋ (1994), ਸਰਦਾਰੀ ਬੇਗ਼ਮ (1996), ਸਮਰ (1999), ਹਰੀ ਭਰੀ (2000), ਜ਼ੁਬੈਦਾ (2001), ਵੈਲਕਮ ਟੁ ਸੱਜਨਪੁਰ (2008) ਆਦਿ ਫਿਲਮਾਂ ਲਈ ਸਫਲ ਨਿਰਦੇਸ਼ਨ ਦਿੱਤਾ। ‘ਅੰਕੁਰ’ ਵਿੱਚ ਉਹਨੇ ਆਂਧਰਪ੍ਰਦੇਸ਼ ਦੇ ਕਿਸਾਨਾਂ ਦਾ ਮੁੱਦਾ ਉਠਾਇਆ ਸੀ। ‘ਮੰਥਨ’ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਨੂੰ 5 ਲੱਖ ਕਿਸਾਨਾਂ ਨੇ ਮਿਲ ਕੇ ਫਾਈਨਾਂਸ ਕੀਤਾ ਸੀ। ‘ਮੁਜੀਬ – ਦ ਮੇਕਿੰਗ ਆਫ਼ ਏ ਨੇਸ਼ਨ’ ਉਹਦੀ ਆਖਰੀ ਫਿਲਮ ਸੀ, ਜਿਸਦੀ ਸ਼ੂਟਿੰਗ 2 ਸਾਲ ਚੱਲਦੀ ਰਹੀ। ਇਹ ਫਿਲਮ ਬੰਗਲਾਦੇਸ਼ ਨੇਤਾ ਮੁਜੀਬੁਰ ਰਹਿਮਾਨ ਦੀ ਜ਼ਿੰਦਗੀ ਤੇ ਆਧਾਰਿਤ ਸੀ। ਨੇਤਾ ਜੀ ਸੁਭਾਸ਼ ਚੰਦਰ ਬੋਸ : ਦ ਫਾੱਰਗੌਟਨ ਹੀਰੋ, ਜਵਾਹਰ ਲਾਲ ਨਹਿਰੂ ਅਤੇ ਸਤਿਆਜੀਤ ਰੇਅ ਆਦਿ ਤੇ ਡਾਕੂਮੈਂਟਰੀ ਬਣਾਉਣ ਤੋਂ ਇਲਾਵਾ ਬੈਨੇਗਲ ਨੇ ਲੜੀਵਾਰ ਯਾਤਰਾ, ਕਥਾ ਸਾਗਰ ਅਤੇ ਭਾਰਤ: ਏਕ ਖੋਜ ਆਦਿ ਦਾ ਨਿਰਦੇਸ਼ਨ ਵੀ ਕੀਤਾ।
ਬੈਨੇਗਲ ਨੂੰ 1976 ਵਿੱਚ ਪਦਮਸ਼੍ਰੀ ਅਤੇ 1991 ਵਿੱਚ ਪਦਮਭੂਸ਼ਣ ਸਨਮਾਨ ਪ੍ਰਾਪਤ ਹੋਏ। 2007 ਵਿੱਚ ਸਿਨੇਮਾ ਨੂੰ ਦਿੱਤੇ ਯੋਗਦਾਨ ਲਈ ਉਹਨੂੰ ਭਾਰਤੀ ਸਿਨੇਮਾ ਦਾ ਸਰਬਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ। ਸਰਬ ਸ੍ਰੇਸ਼ਟ ਹਿੰਦੀ ਫੀਚਰ ਫਿਲਮ ਲਈ 5 ਵਾਰ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲਾ ਉਹ ਇਕਲੌਤਾ ਫਿਲਮ ਨਿਰਦੇਸ਼ਕ ਸੀ।
ਇਸੇ ਸਾਲ 14 ਦਸੰਬਰ 2024 ਨੂੰ ਬੈਨੇਗਲ ਨੇ ਫਿਲਮੀ ਕਲਾਕਾਰਾਂ – ਸ਼ਬਾਨਾ ਆਜ਼ਮੀ, ਨਸੀਰੁੱਦੀਨ ਸ਼ਾਹ, ਕੁਲਭੂਸ਼ਨ ਖਰਬੰਦਾ, ਦਿਵਿਆ ਦੱਤਾ, ਰਣਜੀਤ ਕਪੂਰ, ਅਤੁਲ ਤਿਵਾੜੀ, ਕੁਣਾਲ ਕਪੂਰ ਆਦਿ ਨਾਲ ਮਿਲ ਕੇ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਉਹਨੇ ਭਾਰਤੀ ਸਿਨੇਮਾ ਨੂੰ ਨਸੀਰੁੱਦੀਨ ਸ਼ਾਹ, ਓਮ ਪੁਰੀ, ਅਮਰੀਸ਼ ਪੁਰੀ, ਅਨੰਤ ਨਾਗ, ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਜਿਹੇ ਬਿਹਤਰੀਨ ਕਲਾਕਾਰਾਂ ਦੇ ਨਾਲ ਨਾਲ ਗੋਵਿੰਦ ਨਿਹਲਾਨੀ ਜਿਹਾ ਸਿਨੇਮੇਟੋਗ੍ਰਾਫ਼ਰ ਵੀ ਪ੍ਰਦਾਨ ਕੀਤਾ।
ਉਹ ਯਥਾਰਥਵਾਦੀ ਅਤੇ ਮੁੱਦਾ-ਆਧਾਰਿਤ ਫਿਲਮ ਨਿਰਮਾਣ ਅੰਦੋਲਨ ਦਾ ਸੰਸਥਾਪਕ ਸੀ, ਜਿਸਨੂੰ ਵਿਭਿੰਨ ਨਾਵਾਂ ਨਿਊ ਇੰਡੀਅਨ ਸਿਨੇਮਾ, ਨਿਊ ਵੇਵ ਇੰਡੀਅਨ ਸਿਨੇਮਾ ਅਤੇ ਸਮਾਨਾਂਤਰ ਸਿਨੇਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਾਲੀਵੁੱਡ ਵਿੱਚ ਆਰਟ ਸਿਨੇਮਾ ਦਾ ਮੋਢੀ ਬੈਨੇਗਲ ਆਪਣੇ ਪਿੱਛੇ ਪਤਨੀ ਨੀਰਾ ਬੈਨੇਗਲ ਅਤੇ ਬੇਟੀ ਪੀਆ ਬੈਨੇਗਲ ਨੂੰ ਛੱਡ ਗਿਆ ਹੈ। ਭਾਰਤੀ ਸਿਨੇਮਾ ਦਾ ਇਹ ਦਿੱਗਜ ਨਿਰਦੇਸ਼ਕ ਆਪਣੀ ਵਿਲੱਖਣਤਾ ਲਈ ਚਿਰਕਾਲ ਤੱਕ ਯਾਦ ਰੱਖਿਆ ਜਾਵੇਗਾ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002. 9417692015.