ਸਿੱਖ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਕੁਰਬਾਨੀਆਂ ਨਾਲ਼ ਭਰਿਆ ਪਿਆ ਹੈ।ਜਿਸ ਦੇ ਜ਼ਰੇ ਜ਼ਰੇ ਨੂੰ ਸੂਰਬੀਰ, ਯੋਧਿਆਂ, ਬਹਾਦਰਾਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ। ਉੱਥੇ ਹੀ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਬੀਬੀਆਂ ਦੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਨੇਕਾਂ ਹੀ ਮਿਸਾਲਾਂ ਹਨ ਜਿਵੇਂ ਮਾਤਾ ਗੁਜਰੀ ਜੀ, ਮਾਤਾ ਸੁੰਦਰੀ,ਮਾਈ ਭਾਗੋ ਇਨ੍ਹਾਂ ਵਿੱਚੋਂ ਬੀਬੀ ਸ਼ਰਨ ਕੌਰ ਰਾਏਪੁਰ ਰਾਣੀ ਦੀ ਰਹਿਣ ਵਾਲੀ ਜਿਸ ਨੂੰ ਇਤਿਹਾਸਕਾਰਾਂ ਨੇ ਬੀਬੀ ਹਰਸ਼ਰਨ ਕੌਰ, ਸ਼ਰਨ ਕੌਰ , ਸ਼ਰਨ ਕੌਰ ਪਾਬਲਾ ਆਦਿਕ ਨਾਂ ਦਿੱਤੇ ਹਨ। ਬੀਬੀ ਸ਼ਰਨ ਕੌਰ ਸਿੱਖ ਇਤਿਹਾਸ ਦੀ ਇੱਕ ਮਹਾਨ ਸ਼ਖ਼ਸੀਅਤ ਸੀ। ਜਿਸ ਨੇ 1705 ਈ. ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਗੁਰੂ ਜੀ ਦੇ ਪੰਜ ਪਿਆਰਿਆਂ ਵਿੱਚੋਂ ਸ਼੍ਰੋਮਣੀ ਜਰਨੈਲ ਬਾਬਾ ਸੰਗਤ ਸਿੰਘ ਜੀ, ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਸਰੀਰਾਂ ਨੂੰ ਰਾਤ ਹਨੇਰੇ ਵਿੱਚ ਲੱਖਾਂ ਲਾਸ਼ਾਂ ਵਿੱਚੋਂ ਲੱਭ ਕੇ ਬੜੀ ਦਲੇਰੀ ਨਾਲ ਅੰਤਿਮ ਸੰਸਕਾਰ ਕੀਤਾ।ਰਾਤ ਦੇ ਹਨੇਰੇ ਵਿੱਚ ਅੱਗ ਦਾ ਭਾਂਬੜ ਵੇਖ ਕੇ ਦੁਸ਼ਮਣ ਅੱਭੜਵਾਹੇ ਉੱਠ ਕੇ ਅੱਗੇ ਵਧਣ ਲੱਗੇ ਤਾਂ ਬੀਬੀ ਸ਼ਰਨ ਕੌਰ ਨੇ ਆਪਣੀ ਤੇਗ਼ ਖਿੱਚ ਲਈ ਅਤੇ ਚਿਖ਼ਾ ਦੀ ਰੱਖਿਆ ਕਰਨ ਲੱਗੀ।ਪੰਜ -ਸੱਤ ਵੈਰੀਆਂ ਨੂੰ ਝਟਕਾ ਦਿੱਤਾ। ਬਲ਼ਦੀ ਚਿਖ਼ਾ ਦੇ ਨੇੜੇ ਨਾ ਫਟਕਣ ਦਿੱਤਾ। ਪਰ ਦੁਸ਼ਮਣ ਗਿਣਤੀ ਵਿੱਚ ਜ਼ਿਆਦਾ ਹੋਣ ਕਾਰਨ ਉਸ ਤੇ ਭਾਰੂ ਪੈ ਗਏ। ਜ਼ਖ਼ਮੀ ਹੋਈ ਬੀਬੀ ਨੂੰ ਜਿਉਂਦਿਆਂ ਹੀ ਬਲ਼ਦੀ ਚਿਖ਼ਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਬੀਬੀ ਸ਼ਰਨ ਕੌਰ ਨੂੰ ਅੱਜ ਵੀ ਸਿੱਖ ਸੰਗਤਾਂ ਵੱਲੋਂ ਬੜੇ ਅਦਬ, ਸਤਿਕਾਰ ਤੇ ਮਾਣ ਨਾਲ਼ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰੇ ਤੇ ਯਾਦਗਾਰਾਂ ਤੇ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਚਮਕੌਰ ਦੀ ਗੜ੍ਹੀ ਦੀ ਅੰਤਿਮ ਸ਼ਹੀਦ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾ

ਰਣਬੀਰ ਸਿੰਘ ਪ੍ਰਿੰਸ
37/1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613