ਸੁਣ ਕਿਰਸਾਨਾ! ਤੇਰੇ ਅੰਦਰ, ਗਫ਼ਲਤ ਭਰੀ ਹੈ ਬਾਹਲ਼ੀ।
ਬਿਨਾਂ ਸੋਚਿਆਂ ਸਾੜ ਰਿਹੈਂ ਤੂੰ, ਖੇਤਾਂ ਵਿੱਚ ਪਰਾਲ਼ੀ।
ਧਰਤੀ ਦੀ ਕੁੱਖ ਬੰਜਰ ਹੋ ਗਈ, ਕੱਖ ਰਿਹਾ ਨਾ ਪੱਲੇ
ਘਰ ਦੇ ਭਾਂਡੇ ਵੇਚ ‘ਤੇ ਸਾਰੇ, ਰਿਹਾ ਨਾ ਛੰਨਾ-ਥਾਲ਼ੀ।
ਸਾੜ-ਫੂਕ ਨਾਲ਼ ਧੂੰਆਂ ਉਠਦੈ, ਹੋਣ ਕਈ ਘਟਨਾਵਾਂ
ਸਹਿਜ-ਵਿਚਾਰ ਕੇ ਕੰਮ ਕਰੀਂ ਸਭ, ਨਾ ਕਰ ਐਨੀ ਕਾਹਲ਼ੀ।
ਚਾਰ-ਚੁਫੇਰਾ ਦੂਸ਼ਿਤ ਹੋਇਆ, ਨਾ ਦਿੱਸੇ ਨਾ ਭਾਲ਼ੇ
ਮੰਜੇ ਤੇ ਪਈ ਹੂੰਗ ਰਹੀ ਹੈ, ਮੰਗੂ ਦੀ ਘਰਵਾਲ਼ੀ।
ਕੀੜੇਮਾਰ ਦਵਾਈਆਂ ਵਰਤੇਂ, ਜ਼ਹਿਰ ਉਗਾਈ ਜਾਵੇਂ
ਮਾਂ ਧਰਤੀ ਦਾ ਹਾਲ ਬੁਰਾ ਹੈ, ਦੇਹ ਨਸ਼ਿਆਂ ਨੇ ਗਾਲ਼ੀ।
ਏਸ ਧੁਆਂਖੇ ਮੰਜ਼ਰ ਵਿੱਚ, ਹਰ ਕੋਈ ਖਊਂ-ਖਊਂ ਕਰਦਾ
ਦਿਲ ਦੀ ਧੜਕਣ ਰੁਕ ਜਾਣੀ ਹੈ, ਬੰਦ ਹੋਊ ਸਾਹ-ਨਾਲ਼ੀ।
ਮਿੱਤਰ-ਕੀੜੇ ਅੱਗ ‘ਚ ਸਾੜੇ, ਧਰਤ ਸੇਕ ਨਾਲ਼ ਲੂਹੇ
ਦਿਨ ਦਾ ਚਾਨਣ ਬਣਿਆ ਹੁਣ ਤਾਂ, ਰਾਤ ਹਨੇਰੀ ਕਾਲ਼ੀ।
ਬੱਚੇ ਭੁੱਖੇ-ਨੰਗੇ ਫਿਰਦੇ, ਸ਼ੌਕ ਅਜੀਬ ਮਸਤ ਨੇ –
ਡੱਬ ‘ਚ ਬੋਤਲ, ‘ਫ਼ੀਮ ਹੈ ਜੇਬੀਂ, ਮੋਢੇ ਟੰਗੀ ਦੁਨਾਲ਼ੀ।
ਬੇਰ ਡੁੱਲ੍ਹੇ ਪਰ ਵਿਗੜਿਆ ਕੁਝ ਨਾ, ਪਛਤਾਵੇਂਗਾ ਪਿੱਛੋਂ
ਲੰਘੇ ਵਕਤ ਨੇ ਹੱਥ ਨ੍ਹੀਂ ਆਉਣਾ, ਗੱਲ ਨਾ ਜਾਊ ਸੰਭਾਲ਼ੀ।
ਆਮ ਕਵੀ-ਜਨ ਹਾਂ ਭਾਵੇਂ, ਪਰ ਗ਼ੌਰ ਜ਼ਰਾ ਫ਼ਰਮਾਈਂ
ਪਰਖ-ਤੋਲ ਵਿੱਚ ਗੱਲ ਮੇਰੀ ਹੈ, ਪੂਰੀ ਸੇਰੀ-ਚਾਲ਼ੀ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.