ਆਇਆ ਮਾਘੀ ਦਾ ਤਿਉਹਾਰ,
ਲੈ ਕੇ ਖੁਸ਼ੀਆਂ ਹਜ਼ਾਰ।
ਸਾਰੇ ਮੇਲੇ ਵਿੱਚ ਆਏ,
ਕਰ ਹਾਰ ਤੇ ਸ਼ਿੰਗਾਰ।
ਆਓ ਮੁਕਤਸਰ ਜਾਈਏ,
ਗੁਰੂ-ਘਰ ਸਿਰ ਝੁਕਾਈਏ।
ਟੁੱਟੀ ਗੰਢੀ ਜਾ ਕੇ ਨ੍ਹਾਈਏ,
ਭਾਵੇਂ ਮੌਸਮ ਠੰਢਾ-ਠਾਰ।
ਇਹ ਸੀ ਢਾਬ ਖਿਦਰਾਣਾ,
ਗੁਰਾਂ ਕੀਤਾ ਆ ਟਿਕਾਣਾ।
ਘੇਰਾ ਮੁਗਲਾਂ ਨੇ ਪਾਇਆ,
ਤੇਗ਼ਾਂ-ਤੀਰਾਂ ਕੀਤੇ ਵਾਰ।
ਸ਼ੀਹਣੀ ਇੱਕ ਭਾਗੋ ਮਾਈ,
ਐਸੀ ਤੇਗ਼ ਉਸ ਚਲਾਈ।
ਤਾਅਨੇ ਸਿੰਘਾਂ ਤਾਈਂ ਦਿੱਤੇ,
ਸਿੰਘ ਹੋਏ ਸ਼ਰਮਸਾਰ।
ਮਹਾਂ ਸਿੰਘ ਦਾ ਬੇਦਾਵਾ,
ਹੁਣ ਕੀਤਾ ਪਛੋਤਾਵਾ।
ਜੰਗ ਜੌਹਰ ਉਹ ਵਿਖਾਏ,
ਦਿੱਤੀ ਵੈਰੀਆਂ ਨੂੰ ਹਾਰ।
ਗੁਰੂ ਟੁੱਟੀ ਏਥੇ ਗੰਢੀ,
ਕੀਤੀ ਮੰਦੀਓਂ ਸੀ ਚੰਗੀ।
ਚਾਲ਼ੀ ਮੁਕਤਿਆਂ ਦਾ ਕੀਤਾ,
ਹੱਥੀਂ ਆਪ ਸਸਕਾਰ।
ਵੇਖੋ ਸਜੀਆਂ ਦੁਕਾਨਾਂ,
ਢਾਲਾਂ ਤੇ ਨੇ ਕਿਰਪਾਨਾਂ।
ਵਿਚ ਰਾਜਸੀ ਇਕੱਠਾਂ,
ਭਾਸ਼ਣ ਹੁੰਦੇ ਧੂੰਆਂਧਾਰ।
ਲੰਗਰ ਕਈ ਥਾਈਂ ਲੱਗੇ,
ਵੱਜੇ ਢੋਲ ਉੱਤੇ ਡੱਗੇ।
ਛਿੰਝਾਂ ਵਿੱਚ ਕਿਵੇਂ ਉੱਡੇ,
ਧੂੰਆਂ- ਧੂੜ ਤੇ ਗ਼ੁਬਾਰ।
ਸੱਚੇ ਗੁਰੂ ਨੂੰ ਧਿਆਈਏ,
ਗੁਰਬਾਣੀ ਨਿੱਤ ਗਾਈਏ।
‘ਰੂਹੀ’ ਜਪੁਜੀ ਵੀ ਪੜ੍ਹੇ,
ਨਾਲ਼ੇ ਪੜ੍ਹੇ ਚੰਡੀ-ਵਾਰ।
ਮੰਗੋ ਸਭ ਦੀ ਭਲਾਈ,
ਦਿਲੋਂ ਕੱਢੀਏ ਬੁਰਾਈ।
ਛੱਡੋ ਵੈਰ ਤੇ ਵਿਰੋਧ,
ਕਰੋ ਸਭ ਨੂੰ ਪਿਆਰ।

~ ਪ੍ਰੋ. ਨਵ ਸੰਗੀਤ ਸਿੰਘ
ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015
